ਸਕੱਤਰਾਂ ਤੇ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਸ਼੍ਰੋਮਣੀ ਕਮੇਟੀ ਦਾ ਫੈਸਲਾ ਗਲਤ – ਢੋਟ

ਅੰਂਮ੍ਰਿਤਸਰ, 22 ਅਕਤੂਬਰ (ਪੰਜਾਬ ਪੌਸਟ ਬਿਊਰੋ) ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਤਲਬ ਕਰਨ ਤੋਂ ਬਾਅਦ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਦਾ ਫੈਡਰੇਸ਼ਨ ਮਹਿਤਾ ਨੇ ਗੰਭੀਰ ਨੋਟਿਸ ਲਿਆ ਹੈ।ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਫੈਡਰੇਸ਼ਨ ਮਹਿਤਾ ਦੇ ਅੰਮ੍ਰਿਤਸਰ ਜਿਲ੍ਹਾ ਪ੍ਰਧਾਨ ਸz. ਅਮਰਬੀਰ ਸਿੰਘ ਢੋਟ ਅਤੇ ਭਾਈ ਗਗਨਦੀਪ ਸਿੰਘ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਵੱਲੋਂ ਲਏ ਗਏ ਗਲਤ ਫੈਸਲਿਆਂ ਕਾਰਨ ਸਮੁੱਚਾ ਪੰਥ ਇਸ ਸਮੇਂ ਨਮੋਸ਼ੀ ਭਰੇ ਹਾਲਾਤਾਂ ਤੋਂ ਗੁੱਜਰ ਰਿਹਾ ਹੈ ਅਤੇ ਪੰਜ ਪਿਆਰਿਆਂ ਵੱਲੋਂ ਸੁਚੇਤਤਾ ਦਾ ਪ੍ਰਗਟਾਵਾ ਕਰਦਿਆਂ ਪੰਜ ਸਿੰਘ ਸਾਹਿਬਾਨ ਨੂੰ ਸਪੱਸ਼ਟੀਕਰਨ ਦੇਣ ਲਈ ਤਲਬ ਕਰਨਾ ਵਾਜ਼ਿਬ ਹੈ।ਪ੍ਰੰਤੂ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਰੂਪ ਪੰਜ ਪਿਆਰਿਆਂ ਨੂੰ ਮੁਅੱਤਲ ਕਰਕੇ ਆਪਣੇ ਸ਼ਰਮਨਾਕ ਕਾਰਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕਰ ਲਿਆ ਹੈ।ਇਸ ਘਟਨਾ ਤੋਂ ਬਾਅਦ ਹੁਣ ਸਿੰਘ ਸਾਹਿਬਾਨ ਦੇ ਨਾਲ-ਨਾਲ ਸ਼ੋਮਣੀ ਕਮੇਟੀ ਪ੍ਰਧਾਨ ਨੂੰ ਵੀ ਸਿੱਖ ਸੰਗਤਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਰਾਗੀ ਸਿੰਘਾਂ ਅਤੇ ਪ੍ਰਚਾਰਕਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਬਿਨ੍ਹਾਂ ਸੱਦੇ ‘ਤੇ ਉਨ੍ਹਾਂ ਦੇ ਸਮਾਗਮ ਵਿੱਚ ਪਹੁੰਚਣ ‘ਤੇ ਭਾਰੀ ਰੋਸ ਦਾ ਸਾਹਮਣਾ ਕਰਨਾ ਪਿਆ ਸੀ। ਇਸ ਰੋਸ ਦਾ ਨਜ਼ਲਾ ਵੀ ਸਾਫ ਸੁਥਰੇ ਅਕਸ ਵਾਲੇ ਸਕੱਤਰਾਂ ਤੇ ਸੁੱਟਣਾ ਗਲਤ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੀਆਂ ਜਿੰਮੇਵਾਰੀਆਂ ਤੇ ਭੱਜ ਰਹੀ ਹੈ ਅਤੇ ਆਪਣੀਆਂ ਕਮਜੋਰੀਆਂ ਨੂੰ ਛੁਪਾਉਣ ਲਈ ਆਪਣੇ ਹੀ ਦੋ ਸਕੱਤਰਾਂ ਦੀ ਬਲੀ ਦੇ ਰਹੀ ਹੈ, ਜਦਕਿ ਜਿਸ ਰੋਸ ਦਾ ਪ੍ਰਗਟਾਵਾ ਰਾਗੀ ਸਿੰਘਾਂ ਅਤੇ ਪ੍ਰਚਾਰਕਾਂ ਵੱਲੋਂ ਕੀਤਾ ਗਿਆ ਹੈ ਇਹੀ ਰੋਸ ਇਸ ਵਕਤ ਹਰ ਸਿੱਖ ਦੇ ਦਿਲ ਵਿੱਚ ਹੈ।ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਹੁਣ ਬਿਨ੍ਹਾਂ ਕਿਸੇ ਦੇਰੀ ਦੇ ਜਥੇਦਾਰ ਸਾਹਿਬ ਨੂੰ ਤਖਤਾਂ ਦੀ ਮਾਨ ਮਰਿਆਦਾ ਨੂੰ ਬਹਾਲ ਕਰਨ ਲਈ ਅਸਤੀਫੇ ਦੇ ਕੇ ਆਪਣੀ ਭੁੱਲ ਬਖਸ਼ਾਉਣੀ ਚਾਹੀਦੀ ਹੈ।
Punjab Post Daily Online Newspaper & Print Media