
ਅੰਮ੍ਰਿਤਸਰ, 23 ਅਕਤੂਬਰ (ਗੁਰਚਰਨ ਸਿੰਘ) – ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ ਰੱਖੇ ਗਏ ਪੰਘੂੜੇ ਵਿਚ ਇਕ ਹੋਰ ਬੱਚੀ ਦੇ ਆਉਣ ਨਾਲ ਕੁਲ ਬੱਚਿਆਂ ਦੀ ਗਿਣਤੀ 112 ਹੋ ਗਈ ਹੈ। ਬੀਤੀ 19 ਅਕਤੂਬਰ ਨੂੰ ਸਵੇਰੇ 11.00 ਵਜੇ ਦੇ ਕਰੀਬ ਪੁਲਿਸ ਸਟੇਸ਼ਨ ਬਿਆਸ ਵੱਲੋਂ ਤਿੰਨ-ਚਾਰ ਦਿਨ ਦੀ ਇਕ ਬੱਚੀ ਨੂੰ ਪੰਘੂੜੇ ਵਿਚ ਪਾਇਆ ਗਿਆ ਸੀ, ਜਿਸ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ, ਰਣਜੀਤ ਐਵਨਿਊ ਤੋਂ ਕਰਵਾਇਆ ਗਿਆ ਅਤੇ ਇਸ ਵੇਲੇ ਬੱਚੀ ਬਿਲਕੁਲ ਤੰਦਰੁਸਤ ਹੈ। ਇਸ ਲਈ ਇਸ ਬੱਚੀ ਨੂੰ ਪਾਲਣ-ਪੋਸ਼ਣ ਅਤੇ ਕਾਨੂੰਨੀ ਅਡਾਪਸ਼ਨ ਹਿੱਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਰਕਾਰ ਵੱਲੋਂ ਨਿਰਧਾਰਿਤ ਸੰਸਥਾ ਵਿਖੇ ਭੇਜਿਆ ਜਾਵੇਗਾ, ਜਿਥੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋਂ ਨਿਰਧਾਰਿਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਸੰਸਥਾ ਵੱਲੋਂ ਇਸ ਬੱਚੀ ਦੀ ਲੋੜਵੰਦ ਪਰਿਵਾਰ ਨੂੰ ਅਡਾਪਸ਼ਨ ਕਰਵਾ ਦਿੱਤੀ ਜਾਵੇਗੀ।
ਅੱਜ ਇਸ ਬੱਚੀ ਨੂੰ ਡਾ. ਤਰੁਨਦੀਪ ਕੌਰ, ਆਈ. ਆਰ. ਐਸ ਸੁਪਤਨੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਪੰਘੂੜੇ ਵਿਚ ਪ੍ਰਾਪਤ ਕੀਤਾ ਅਤੇ ‘ਲਾਪਾ’ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮ, ਪਿੰਡ ਤਲਵੰਡੀ ਖੁਰਦ ਲੁਧਿਆਣਾ ਵਿਖੇ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ। ਇਸ ਮੌਕੇ ਡਾ. ਤਰੁਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਵਰੀ 2008 ਤੋਂ ਸ਼ੁਰੂ ਕੀਤੀ ਗਈ ਇਸ ਨਿਵੇਕਲੀ ਸਕੀਮ ਅਧੀਨ ਹੁਣ ਤੱਕ 18 ਲੜਕੇ ਅਤੇ 94 ਲੜਕੀਆਂ ਆ ਚੁੱਕੀਆਂ ਹਨ। ਉਨ੍ਹਾਂ ਦੱਸਿਆ ਇਸ ਸਕੀਮ ਅਧੀਨ ਰੈਡ ਕਰਾਸ ਦਫਤਰ ਦੇ ਬਾਹਰ ਇਕ ‘ਪੰਘੂੜਾ’ ਸਥਾਪਿਤ ਕੀਤਾ ਗਿਆ ਹੈ ਅਤੇ ਕੋਈ ਵੀ ਲਾਵਾਰਿਸ ਅਤੇ ਪਾਲਣ-ਪੋਸ਼ਣ ਤੋਂ ਅਸਮਰੱਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ ਪੰਘੂੜੇ ਵਿਚ ਰੱਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਘੂੜੇ ਵਿਚ ਪ੍ਰਾਪਤ ਹੋਣ ਉਪਰੰਤ ਬੱਚੇ ਨੂੰ ਰੈਡ ਕਰਾਸ ਵੱਲੋਂ ਮੈਡੀਕਲ ਸਹਾਇਤਾ ਦਿਵਾ ਕੇ ਤੰਦਰੁਸਤ ਹਾਲਤ ਵਿਚ ਉਸ ਦੀ ਸੁਰੱਖਿਆ, ਪਾਲਣ-ਪੋਸ਼ਣ ਅਤੇ ਚੰਗੇ ਭੱਵਿਖ ਲਈ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ (ਲੀਗਲ ਅਡਾਪਸ਼ਨ ਐਂਡ ਪਲੇਸਮੈਂਟ ਏਜੰਸੀੇ) ਵਿਚ ਪ੍ਰਵਰਿਸ਼ ਲਈ ਤਬਦੀਲ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਸਕੱਤਰ ਰੈੱਡ ਕਰਾਸ ਸੁਸਾਇਟੀ ਮੈਡਮ ਵਿਨੇ ਸ਼ਰਮਾ, ਵਧੀਕ ਸਕੱਤਰ ਠਾਕੁਰ ਰਣਧੀਰ ਸਿੰਘ, ਸੁਪਰਡੈਂਟ ਸ੍ਰੀ ਦਵਿੰਦਰ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media