
ਅੰਮ੍ਰਿਤਸਰ, 23 ਅਕਤੂਬਰ (ਜਗਦੀਪ ਸਿੰਘ ਸੱਗੂ)- ਪੰਜਾਬ ਅਤੇ ਦੂਸਰੇ ਰਾਜਾਂ ਦੇ ਅਲੱਗ-ਅਲੱਗ ਅਦਾਰਿਆਂ ਤੋਂ ਉਪ ਵੈਦ ਦਾ ਕੋਰਸ ਪਾਸ ਕਰਨ ਉਪਰੰਤ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਕਰਾਉਣ ਵਿੱਚ ਕਾਫੀ ਔਕੜਾਂ ਆ ਰਹੀਆਂ ਸੀ। ਵੱਖ-ਵੱਖ ਜਥੇਬੰਦੀਆਂ ਦੀ ਮੰਗ ਤੇ ਇਸ ਸਮੱਸਿਆ ਦਾ ਹੱਲ ਕੱਢਦਿਆਂ ਹੋਇਆਂ ਸ੍ਰੀ ਅਨਿਲ ਜੋਸ਼ੀ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਵੱਲੋਂ ਇਨ੍ਹਾਂ ਦੀ ਵਿਧੀ ਸਰਲ ਕਰਨ ਕਰਨ ਦੇ ਹੁਕਮ ਦਿੱਤੇ ਹਨ ਜਿਸ ਅਨੁਸਾਰ ਜੋ ਉਮੀਦਵਾਰ ਫੈਕਲਿਟੀ ਆਫ ਆਯੁਰਵੈਦ, ਪੰਜਾਬ ਜਾਂ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਨਾਲ ਸਬੰਧਤ ਅਦਾਰਿਆਂ ਤੋਂ ਉਪ ਵੈਦ ਦਾ ਕੋਰਸ ਪਾਸ ਹਨ, ਉਨ੍ਹਾਂ ਦੀ ਰਜਿਸਟ੍ਰੇਸ਼ਨ ਬੋਰਡ ਆਫ ਆਯੁਰਵੈਦਿਕ ਅਤੇ ਯੂਨਾਨੀ ਸਿਸਟਮ ਆਫ ਮੈਡੀਸ਼ਨ, ਪੰਜਾਬ ਵੱਲੋਂ ਕਰ ਦਿੱਤੀ ਜਾਵੇ।ਇਸ ਦੇ ਨਾਲ ਹੀ ਜੋ ਵਿਦਿਆਰਥੀ ਖੁਦ ਮੁਖਤਿਆਰ ਅਦਾਰਿਆਂ ਤੋਂ ਉਪ ਵੈਦ ਦਾ ਕੋਰਸ ਪਾਸ ਕਰਦੇ ਹਨ ਅਤੇ ਉਨ੍ਹਾਂ ਦੇ ਇਮਤਿਹਾਨ ਫੈਕਲਟੀ ਆਫ ਆਯੁਰਵੈਦ, ਪੰਜਾਬ ਅਤੇ ਟੈਕਨੀਕਲ ਬੋਰਡ ਆਫ ਪੰਜਾਬ ਵੱਲੋਂ ਲਏ ਗਏ ਹਨ, ਉਨ੍ਹਾਂ ਦੀ ਰਜਿਸਟ੍ਰੇਸ਼ਨ ਵੀ ਕਰ ਦਿੱਤੀ ਜਾਵੇ।ਮੰਤਰੀ ਜੀ ਵੱਲੋਂ ਇਹ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਦੂਸਰੇ ਰਾਜਾਂ ਤੋਂ ਉਪ ਵੈਦ ਦਾ ਕੋਰਸ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਉਦੋਂ ਹੀ ਕੀਤੀ ਜਾਵੇ ਜੇਕਰ ਉਨ੍ਹਾਂ ਅਦਾਰਿਆਂ ਨੂੰ ਉਸ ਰਾਜ ਤੋਂ ਮਾਨਤਾ ਮਿਲੀ ਹੋਵੇ।ਇਸ ਦੇ ਨਾਲ ਹੀ ਜਿਨ੍ਹਾਂ ਉਮੀਦਵਾਰਾਂ ਦੇ ਇਮਤਿਹਾਨ ਖੁਦ ਮੁਖਤਿਆਰ ਅਦਾਰਿਆਂ ਵੱਲੋਂ ਆਪਣੇ ਪੱਧਰ ਤੇ ਲਏ ਗਏ ਹਨ, ਉਨ੍ਹਾਂ ਦੀ ਰਜਿਸਟ੍ਰੇਸ਼ਨ ਨਾ ਕੀਤੀ ਜਾਵੇ।ਇਸ ਨਾਲ ਉਪ ਵੈਦ ਦਾ ਕੋਰਸ ਕਰ ਚੁੱਕੇ ਉਮੀਦਵਾਰਾਂ ਨੂੰ ਵੱਡੀ ਰਾਹਤ ਮਿਲੇਗੀ।
Punjab Post Daily Online Newspaper & Print Media