ਹੁਸ਼ਿਆਰਪੁਰ, 25 ਅਕਤੂਬਰ (ਸਤਵਿੰਦਰ ਸਿੰਘ)- ਨਵੰਬਰ ਤੱਕ ਚੱਲਣ ਵਾਲਾ ਖੇਤਰੀ ਸਰਸ ਮੇਲਾ ਅੱਜ ਹੁਸ਼ਿਆਰਪੁਰ ਦੇ ਆਊਟਡੋਰ ਸਟੇਡੀਅਮ ਵਿਖੇ ਭਾਰੀ ਇਕੱਠ ਦੌਰਾਨ ਸ਼ੁਰੂ ਹੋ ਗਿਆ ਹੈ।ਇਸ ਦਾ ਸ਼ਾਨਦਾਰ ਆਗਾਜ਼ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ਼੍ਰੀ ਸਿਕੰਦਰ ਸਿੰਘ ਮਲੂਕਾ ਨੇ ਕੀਤਾ।ਉਨ੍ਹਾਂ ਸਭ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਦਸਤਕਾਰਾਂ ਵਲੋਂ ਲਗਾਏ ਗਏ ਸਟਾਲਾਂ ਦਾ ਦੌਰਾ ਕੀਤਾ, ਉਪਰੰਤ ਉਨ੍ਹਾਂ ਸਰਸ ਮੇਲੇ ਨਾਲ ਸਬੰਧਿਤ ਸੋਵੀਨਾਰ ਵੀ ਰਿਲੀਜ਼ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਮਲੂਕਾ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਲਈ ਇਹ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਇਥੇ ਭਾਰਤੀ ਸਭਿਅਤਾ ਦਾ ਪ੍ਰਤੀਕ ਖੇਤਰੀ ਸਰਸ ਮੇਲਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀ ਪੂਰੇ ਉਤਸ਼ਾਹ ਨਾਲ ਮੇਲੇ ਵਿਚ ਸ਼ਾਮਿਲ ਹੋਕੇ ਦੇਸ਼ ਦੇ ਵੱਖ-ਵੱਖ ਰੰਗਾਂ ਤੋਂ ਜਾਣੂ ਹੋਣ। ਉਨ੍ਹਾਂ ਕਿਹਾ ਕਿ ਇਕ ਹੀ ਥਾਂ ‘ਤੇ ਦੇਸ਼ ਦੀਆਂ ਵੱਖ-ਵੱਖ ਬੋਲੀਆਂ, ਪਹਿਰਾਵੇ, ਹੱਥ ਨਾਲ ਤਿਆਰ ਕੀਤੀ ਦਸਤਕਾਰੀ ਅਤੇ ਖਾਣ-ਪੀਣ ਦਾ ਪਤਾ ਲੱਗ ਸਕੇਗਾ, ਜਿਸਦਾ ਹਰੇਕ ਵਿਅਕਤੀ ਨੂੰ ਲਾਹਾ ਲੈਣਾ ਚਾਹੀਦਾ ਹੈ। ਸ਼੍ਰੀ ਮਲੂਕਾ ਨੇ ਕਿਹਾ ਕਿ 22 ਰਾਜਾਂ ਦੇ ਕਲਾਕਾਰਾਂ ਤੇ ਦਸਤਕਾਰਾਂ ਵਲੋਂ ਪੇਸ਼ ਕੀਤੀ ਜਾ ਰਹੀ ਆਪੋ-ਆਪਣੇ ਰਾਜ ਦੀ ਝਲਕ ਸਭ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ।ਉਨ੍ਹਾਂ ਕਿਹਾ ਕਿ ਮੇਲੇ ਵਿਚ ਜਿੱਥੇ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਥੇ 250 ਦੇ ਕਰੀਬ ਸਟਾਲਾਂ ਵੀ ਲਗਾਈਆਂ ਗਈਆਂ ਹਨ, ਜਿੱਥੇ ਜਨਤਾ ਦੀ ਕਾਫੀ ਭੀੜ ਨਜ਼ਰ ਆ ਰਹੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਨਤਾ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਕੇ ਮੇਲੇ ਦੀ ਰੌਣਕ ਵਧਾਉਣੀ ਚਾਹੀਦੀ ਹੈ ਅਤੇ ਭਾਰਤੀ ਸਭਿੱਅਤਾ ਦੇ ਵੱਖ-ਵੱਖ ਰੰਗਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ ਦੇ ਕਲਾਕਾਰ ਇਨ੍ਹਾਂ ਮੇਲਿਆਂ ਵਿਚ ਆਪਸ ਵਿਚ ਮਿਲਦੇ ਹਨ, ਜਿਸ ਨਾਲ ਭਾਰਤੀ ਏਕਤਾ ਹੋਰ ਪ੍ਰਫੁਲਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਥੇ ਦਸਤਕਾਰਾਂ ਵਲੋਂ ਵੱਖ-ਵੱਖ ਵਸਤਾਂ ਸਸਤੇ ਭਾਅ ਵੇਚੀਆਂ ਜਾ ਰਹੀਆਂ ਹਨ। ਸ਼੍ਰੀ ਮਲੂਕਾ ਨੇ ਅੱਜ ਝਾਰਖੰਡ ਦੇ ਛਾਊ ਲੋਕ ਨਾਚ ਅਤੇ ਰਾਜਸਥਾਨ ਦੇ ਲੋਕ ਗੀਤ ਨਿਮੁੜਾ ਨੂੰ ਬੜੀ ਹੀ ਦਿਲਚਸਪੀ ਨਾਲ ਦੇਖਿਆ ਅਤੇ ਸੁਣਿਆ।
ਅੱਜ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਦੀਆਂ ਟੀਮਾਂ ਰੰਗ-ਬਰੰਗੇ ਪਹਿਰਾਵਿਆਂ ਵਿਚ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ। ਉਧਰ ਮੇਲੇ ਗਰਾਊਂਡ ਅੰਦਰ ਇਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ, ਜੋ ਸਾਰੇ ਮੇਲੇ ਦਾ ਕੰਟਰੋਲ ਰੱਖ ਰਿਹਾ ਹੈ।ਸਿਹਤ ਵਿਭਾਗ ਵਲੋਂ ਮੇਲੇ ਵਾਲੀ ਥਾਂ ‘ਤੇ ਫਸਟ ਏਡ ਪੋਸਟ ਵੀ ਸਥਾਪਿਤ ਹੈ, ਜੋ ਡਾਕਟਰੀ ਸਹਾਇਤਾ ਅਤੇ ਦਵਾਈਆਂ ਪ੍ਰਦਾਨ ਕਰ ਰਿਹਾ ਹੈ।ਇਸ ਮੌਕੇ ਸਿਆਸੀ ਸਲਾਹਕਾਰ, ਮੁੱਖ ਮੰਤਰੀ ਪੰਜਾਬ ਸ਼੍ਰੀ ਤੀਕਸ਼ਣ ਸੂਦ, ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਦਿਤਾ ਮਿਤਰਾ, ਹਲਕਾ ਵਿਧਾਇਕ ਗੜ੍ਹਸ਼ੰਕਰ ਸ਼੍ਰੀ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਸਰਬਜੋਤ ਸਿੰਘ ਸਾਬੀ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਰਬੀਰ ਸਿੰਘ, ਸਾਬਕਾ ਮੰਤਰੀ ਸ਼੍ਰੀ ਉਪਕਾਰ ਸਿੰਘ ਰੰਧਾਵਾ, ਹਲਕਾ ਇੰਚਾਰਜ ਟਾਂਡਾ ਸ਼੍ਰੀ ਅਰਵਿੰਦਰ ਸਿੰਘ ਰਸੂਲਪੁਰ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media