
ਅੰਮ੍ਰਿਤਸਰ, 26 ਅਕਤੂਬਰ (ਪ.ਪ)- ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਤਕਤਾਂ ਦੇ ਜਥੇਦਾਰਾਂ ਨੂੰ ਸੇਵਾਮੁਕਤ ਕਰਨ ਦੇ ਦਿੱਤੇ ਆਦੇਸ਼ ਦੀ ਹਮਾਇਤ ਅਤੇ ਪੰਥਕ ਰਵਾਇਤਾਂ ਦੀ ਬਹਾਲੀ ਲਈ ਸੰਘਰਸ਼ ਜਾਰੀ ਰੱਖਣ ਪ੍ਰਤੀ ਚੇਤਨਾ ਪੈਦਾ ਕਰਨ ਲਈ ਪਿੰਡ ਛੱਜਲਵੱਡੀ ਤੋਂ ਇਕ ਵਿਸ਼ੇਸ਼ ਚੇਤਨਾ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ।ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢੇ ਗਏ ਇਸ ਚੇਤਨਾ ਮਾਰਚ ਬੀਬੀਆਂ ਅਤੇ ਨੌਜੁਆਨਾਂ ਸ਼ਾਮਲ ਸਨ, ਜੋ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਅਰਦਾਸ ਕਰਨ ਉਪਰੰਤ ਸੰਪਨ ਹੋਇਆ।ਮਾਰਚ ਦੇ ਅਯੋਜਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੌਜੂਦ ਪ੍ਰਬੰਧਕਾਂ ਨੂੰ ਇਕ ਮੰਗ ਪੱਤਰ ਵੀ ਭੇਟ ਕੀਤਾ ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਪ੍ਰੀਵਾਰ ਦੇ ਕਬਜ਼ ਚੋਂ ਮੁਕਤ ਕਰਾਉਣ, ਤਖਤਾਂ ਦੇ ਜਥੇਦਾਰਾਂ ਦੀ ਚੋਣ ਸਰਬੱਤ ਖਾਲਸਾ ਰਾਹੀ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਪੰਥ ਦੀ ਅਗਵਾਈ ਲਈ ਪ੍ਰੋਗਰਾਮ ਉਲੀਕਣ ਦੀ ਮੰਗ ਕੀਤੀ ਗਈ।ਚੇਤਨਾ ਮਾਰਚ ਦੇ ਅਯੋਜਕ ਭਾਈ ਵੀਰ ਸਿੰਘ ਕਥਾਵਾਚਕ, ਭਾਈ ਹਰਚਰਨ ਸਿੰਘ, ਭਾਈ ਕੰਵਲਜੀਤ ਸਿੰਘ, ਭਾਈ ਜਰਮਨ ਸਿੰਘ ਅਤੇ ਭਾਈ ਸਤਨਾਮ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਕਿਸੇ ਪੰਥਕ ਕਾਰਜ ਲਈ ਪੁੱਜੇ ਚੇਤਨਾ ਮਾਰਚ ਦੀ ਅਗਵਾਈ ਕਰਨ ਵਾਲੇ ਪੰਜ ਪਿਆਰਿਆਂ ਪ੍ਰਤੀ ਵੀ ਮੱਤਭੇਦ ਰੱਖਦੇ ਹਨ ਤਾਂ ਕਮੇਟੀ ਪਾਸੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਦੇ ਸਤਿਕਾਰ ਦੀ ਕੀ ਆਸ ਕੀਤੀ ਜਾ ਸਕਦੀ ਹੈ।ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਸਾਥੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ।
Punjab Post Daily Online Newspaper & Print Media