
ਨਵੀਂ ਦਿੱਲੀ, 27 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਲੜੀਵਾਰ ਸਮਾਗਮਾਂ ਤੇ ਤਹਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗ੍ਰੇਟਰ ਕੈਲਾਸ਼ ਪਾਰਟ-1, ਪਹਾੜੀ ਵਾਲਾ ਵਿਖੇ ਵਿਸ਼ੇਸ਼ ਗੁਰਮਤਿ ਕਰਵਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ, ਅਖੰਡ ਕੀਰਤਨੀ ਜੱਥੇ ਦੇ ਭਾਈ ਗੁਰਦੇਵ ਸਿੰਘ ਅਸਟ੍ਰੇਲੀਆ ਨੇ ਕੀਰਤਨ ਅਤੇ ਭਾਈ ਹਰਵਿੰਦਰ ਸਿੰਘ ਸੌਹਾਣਾ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬਾਬਾ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਉਣ ਵਾਸਤੇ ਕਮੇਟੀ ਵੱਲੋਂ ਕੀਤੀਆਂ ਜਾ ਰਹੀਆ ਤਿਆਰੀਆਂ ਦਾ ਜ਼ਿਕਰ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬੀਤੇ ਦਿਨੀਂ ਲੜੀਵਾਰ ਪੰਜਾਬ ਵਿਖੇ ਸਾਹਮਣੇ ਆਏ ਮਸਲਿਆਂ ਤੋਂ ਸਬਕ ਲੈਂਦੇ ਹੋਏ ਗੁਰੂ ਘਰਾਂ ਵਿੱਚ ਚੌਕਸੀ ਵਰਤਣ ਦੀ ਵੀ ਅਪੀਲ ਕੀਤੀ। ਜੀ.ਕੇ. ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਾਂਝੀਵਾਲਤਾ ਅਤੇ ਬਰਾਬਰਤਾ ਦਾ ਸੁਨੇਹਾ ਸੰਸਾਰ ਨੂੰ ਦਿੰਦੇ ਹਨ, ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਗੁਰੂ ਸਿਧਾਂਤਾ ਅਤੇ ਸਿਖਿਆਵਾ ਨੂੰ ਪਿੱਠ ਦਿਖਾਉਣ ਦੇ ਬਰਾਬਰ ਹਨ। ਜੀ.ਕੇ. ਨੇ ਕਿਹਾ ਕਿ ਕੋਈ ਵੀ ਧਰਮ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਨੂੰ ਅੰਜਾਮ ਦੇਣ ਦਾ ਸਮਰਥਨ ਨਹੀਂ ਕਰਦਾ। ਇਸ ਕਰਕੇ ਇਨ੍ਹਾਂ ਘਟਨਾਂਵਾ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਸੂਰਤ ਵਿੱਚ ਧਰਮ ਜਾਂ ਮਨੁਖਤਾ ਦੇ ਪੈਰੋਕਾਰ ਨਹੀਂ ਕਹੇ ਜਾ ਸਕਦੇ ਹਨ।ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਜੀ.ਕੇ. ਨੇ ਪੰਥ ਦੀ ਚੜ੍ਹਦੀਕਲਾ ਲਈ ਸਿਆਸ਼ੀ ਵੱਖਰੇਵਿਆਂ ਤੋਂ ਉਪਰ ਉਠ ਕੇ ਗੁਰੂ ਸਿਧਾਂਤ ਦੀ ਰਾਖੀ ਕਰਨ ਦੀ ਵੀ ਸੰਗਤਾਂ ਨੂੰ ਗੱਲ ਕਹੀ। ਜੀ.ਕੇ. ਨੇ ਕੁੱਝ ਸਿਆਸ਼ੀ ਆਗੂਆਂ ਵੱਲੋਂ ਇਸ ਮੰਦਭਾਗੇ ਘਟਨਾਕ੍ਰਮ ਤੇ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਗੁਰੂ ਪ੍ਰਤੀ ਦਰਦ ਤੋਂ ਜ਼ਿਆਦਾ ਸਿਆਸ਼ੀ ਲਾਹਾ ਲੈਣ ਦੀ ਜੁਗਤ ਵੀ ਕਰਾਰ ਦਿੱਤਾ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਇਸ ਮੌਕੇ ਤੇ ਦਿੱਲੀ ਕਮੇਟੀ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜ਼ੂਦ ਪੁਰਾਤਨ ਸਰੂਪਾਂ ਨੂੰ ਸਿੱਖ ਇਤਿਹਾਸ ਵਿੱਚ ਖੋਜ਼ ਕਰਨ ਵਾਲੇ ਵਿਦਿਵਾਨਾਂ ਲਈ ਉਪਲਬਧ ਕਰਾਉਣ ਵਾਸਤੇ ਕਮੇਟੀ ਦੇ ਵਿਰਾਸਤੀ ਘਰ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵਿੱਖੇ ਡਿਜ਼ੀਟਾਈਜ਼ ਰੂਪ ਵਿੱਚ ਉਪਲਬਧ ਕਰਵਾਉਣ ਦਾ ਐਲਾਨ ਕੀਤਾ। ਉਕਤ ਸਰੂਪਾਂ ਦੇ ਦਰਸ਼ਨਾਂ ਲਈ ਕਮੇਟੀ ਵੱਲੋਂ ਬਣਾਏ ਜਾ ਰਹੇ ਪ੍ਰੋਗਰਾਮ ਦੀ ਜਾਣਕਾਰੀ ਛੇਤੀ ਹੀ ਸੰਗਤਾਂ ਸਾਹਮਣੇ ਰਖਣ ਦੀ ਵੀ ਰਾਣਾ ਨੇ ਦਾਅਵਾ ਕੀਤਾ। ਅਕਾਲੀ ਆਗੂ ਵਿਕਰਮ ਸਿੰਘ ਆਦਿਕ ਇਸ ਮੌਕੇ ਤੇ ਮੌਜ਼ੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media