
ਨਵੀਂ ਦਿੱਲੀ, 27 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿ. ਸਿੱ. ਗੁ. ਪ੍ਰਬੰਧਕ ਕਮੇਟੀ ਨੇ ਇਨ੍ਹੀਂ ਦਿਨੀਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕੀਤੇ ਜਾਣ ਦੀਆਂ ਵਾਪਰੀਆਂ ਘਟਨਾਵਾਂ ਪੁਰ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਘਟਨਾਵਾਂ ਨੇ ਸਮੁਚੇ ਪੰਥ ਵਿੱਚ ਜੋ ਰੋਸ ਅਤੇ ਗੁੱਸਾ ਪੈਦਾ ਕੀਤਾ ਹੈ, ਉਸਤੋਂ ਸਿੱਖ ਧਰਮ ਦੇ ਪ੍ਰਚਾਰਕਾਂ, ਰਾਗੀਆਂ, ਢਾਡੀਆਂ ਆਦਿ ਦਾ ਪ੍ਰਭਾਵਿਤ ਹੋਣਾ ਜਾਇਜ਼ ਹੈ। ਇਹੀ ਕਾਰਣ ਹੈ ਕਿ ਉਹ ਪ੍ਰਚਾਰ ਅਤੇ ਕੀਰਤਨ ਕਰਦਿਆਂ ਆਪਣੇ ਇਸ ਰੋਸ ਤੇ ਦੁਖ ਦਾ ਪ੍ਰਗਟਾਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਰੋਸ ਪ੍ਰਗਟਾਵੇ ਨੂੰ ਨਕਾਰਾਤਮਕ ਰੂਪ ਵਿੱਚ ਲੈਣ ਦੀ ਬਜਾਏ, ਉਨ੍ਹਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੇ ਪੰਥ ਪ੍ਰਤੀ ਦਰਦ ਨੂੰ ਸਮਝਣ ਦੀ ਲੋੜ ਹੈ। ਸ. ਰਾਣਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਵਾਪਰਨ ਦੇ ਕਾਰਣ ਹੀ ਪੰਥ ਵਿੱਚ ਇਤਨਾ ਰੋਸ, ਗੁੱਸਾ ਅਤੇ ਜੋਸ਼ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਗਲ ਸਮਝਣ ਦੀ ਲੋੜ ਹੈ ਕਿ ਪੰਥਕ ਖੂਨ ਵਿੱਚ ਕੋਈ ਘਟਨਾ ਇਤਨਾ ਰੋਸ, ਗੁੱਸਾ ਅਤੇ ਜੋਸ਼ ਪੈਦਾ ਨਹੀਂ ਕਰਦੀ, ਜਿਤਨਾ ਗੁਰਧਾਮਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਪੈਦਾ ਕਰਦੀ ਹੈ।
ਸ. ਰਾਣਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਹੋਣ ਦੀਆਂ ਘਟਨਾਵਾਂ ਤੋਂ ਦੁੱਖੀ ਪੰਥ ਇਸ ਸਮੇਂ ਜਿਸ ਰੋਸ, ਗੁੱਸੇ ਅਤੇ ਜੋਸ਼ ਭਰੀ ਸਥਿਤੀ ਵਿੱਚ ਵਿਚਰ ਰਿਹਾ ਹੈ, ਉਸ ਵਿੱਚ ਆਈ ਜ਼ਰਾ ਜਿਹੀ ਵੀ ਭਟਕਣਾ ਹਾਲਾਤ ਨੂੰ ਬਹੁਤ ਹੀ ਗੰਭੀਰ ਬਣਾ ਸਕਦੀ ਹੈ ਅਤੇ ਉਨ੍ਹਾਂ ਹਾਲਾਤ ਦਾ ਲਾਭ ਉਠਾ ਸਿੱਖੀ ਅਤੇ ਸਮਾਜ ਵਿਰੋਧੀ ਤੱਤ, ਜੋਸ਼ ਭਰੇ ਸਿੱਖਾਂ ਵਿੱਚ ਸ਼ਾਮਲ ਹੋ ਆਪਣੀਆਂ ਸਮਾਜ ਅਤੇ ਮਨੁਖਤਾ ਵਿਰੋਧੀ ਸਰਗਰਮੀਆਂ ਨਾਲ ਸਿੱਖਾਂ ਅਤੇ ਸਿੱਖੀ ਨੂੰ ਢਾਹ ਲਾਉਣ ਦਾ ਕਾਰਣ ਬਣ ਸਕਦੇ ਹਨ।
ਸ. ਰਾਣਾ ਨੇ ਕਿਹਾ ਕਿ ਇਨ੍ਹਾਂ ਹਾਲਾਤ ਵਿੱਚ ਸਿੱਖੀ ਦੇ ਪ੍ਰਚਾਰਕਾਂ, ਰਾਗੀਆਂ ਅਤੇ ਢਾਡੀਆਂ ਦੀ ਜ਼ਿਮੇਂਦਾਰੀ ਬਹੁਤ ਵੱਧ ਜਾਂਦੀ ਹੈ, ਕਿਉਂਕਿ ਉਹ ਹੀ ਹਨ, ਜੋ ਆਪਣੇ ਪ੍ਰਚਾਰ ਰਾਹੀਂ ਪੰਥ ਵਿੱਚ ਪੈਦਾ ਹੋਏ ਰੋਸ ਅਤੇ ਗੁੱਸੇ ਭਰੇ ਜੋਸ਼ ਵਿੱਚ ਹੋਸ਼ ਦਾ ਸੰਚਾਰ ਕਰ, ਉਸਨੂੰ ਭਟਕਣ ਤੋਂ ਬਚਾ ਸਕਦੇ ਹਨ। ਸ. ਰਾਣਾ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਸਿੱਖੀ ਦੀ ਸੰਭਾਲ ਪ੍ਰਤੀ ਸਮਰਪਿਤ ਪ੍ਰਚਾਰਕ, ਰਾਗੀ ਅਤੇ ਢਾਡੀ ਆਪਣੀ ਇਸ ਜ਼ਿਮੇਂਦਾਰੀ ਨੂੰ ਬਖੂਬੀ ਸਮਝਦੇ ਹਨ ਅਤੇ ਉਹ ਸਥਿਤੀ ਨੂੰ ਸੰਭਾਲਣ ਅਤੇ ਪੰਥ ਵਿੱਚ ਪੈਦਾ ਹੋਏ ਰੋਸ ਭਰੇ ਜੋਸ਼ ਵਿੱਚ ਹੋਸ਼ ਦਾ ਸੰਚਾਰ ਕਰਨ ਲਈ ਆਪਣੀ ਇਸ ਜ਼ਿਮੇਂਦਾਰੀ ਨੂੰ ਨਿਭਾਉਣ ਪ੍ਰਤੀ ਦ੍ਰਿੜ੍ਹ ਸੰਕਲਪ ਹਨ। ਸ. ਰਾਣਾ ਨੇ ਕਿਹਾ ਕਿ ਇਨ੍ਹਾਂ ਦੁਖਦਾਈ ਘਟਨਾਵਾਂ ਪੁਰ ਜਿਹੜੀਆਂ ਸ਼ਕਤੀਆਂ ਰਾਜਸੀ ਰੋਟੀਆਂ ਸੇਕਣ ਲਈ ਪੰਥ ਨੂੰ ਦੋਫਾੜ ਪੈਦਾ ਕਰਨ ਦੀ ਸਜ਼ਿਸ਼ ਰਚ ਰਹੀਆਂ ਹਨ, ਉਨ੍ਹਾਂ ਤੋਂ ਸੁਚੇਤ ਹੋਣ ਦੀ ਬਹੁਤ ਲੋੜ ਹੈ।
Punjab Post Daily Online Newspaper & Print Media