
ਸਮਰਾਲਾ, 28 ਅਕਤੂਬਰ (ਪ.ਪ)- ਲੋਕ ਸੰਘਰਸ਼ ਕਮੇਟੀ ਸਮਰਾਲਾ ਵਿੱਚ ਸ਼ਾਮਲ ਜਨਤਕ ਤੇ ਜਮਹੂਰੀ ਜਥੇਬੰਦੀਆਂ, ਸ਼ਹਿਰ ਵਾਸੀਆਂ ਵੱਲੋਂ ਐਸ. ਡੀ. ਐਮ ਸਮਰਾਲਾ ਦੇ ਦਫ਼ਤਰ ਅੱਗੇ ਸਦਭਾਵਨਾ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮਾਰਚ ਕੀਤਾ ਗਿਆ। ਰੈਲੀ ਵਿੱਚ ਆਏ ਲੋਕਾਂ ਨੂੰ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਸਿਕੰਦਰ ਸਿੰਘ ਤੇ ਕੋ-ਕਨਵੀਨਰ ਕੁਲਵੰਤ ਸਿੰਘ ਤਰਕ ਤੋਂ ਇਲਾਵਾ ਸੁਦਾਗਰ ਸਿੰਘ ਘੁਢਾਣੀ, ਭਰਭੂਰ ਸਿੰਘ, ਰਣਧੀਰ ਸਿੰਘ, ਦਲੀਪ ਸਿੰਘ, ਸੰਗਤ ਸਿੰਘ ਸੇਖੋਂ, ਕੁਲਦੀਪ ਸਿੰਘ ਗਰੇਵਾਲ, ਮਲਕੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਲ੍ਹਾ ਫਰੀਦਕੋਟ ਵਿੱਚ ਬਰਗਾੜੀ ਵਿਖੇ ਸ਼ਰਾਰਤੀ ਅਨਸਰਾਂ ਤੇ ਲੋਕ ਵਿਰੋਧੀ ਤਾਕਤਾਂ ਵਲੋਂ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਮੰਦਭਾਗੀ ਘਟਨਾ ਦੀ ਨਿੰਦਾ ਕਰਦੇ ਹੋਏ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਤੇ ਸਦਭਾਵਨਾ ਰੱਖਣ ਦੀ ਅਪੀਲ ਕੀਤੀ ਹੈ ਆਗੂਆਂ ਨੇ ਸਿੱਖ ਭਾਈਚਾਰੇ ਦੇ ਪ੍ਰਤੀਕਰਮ ਵਜੋਂ ਰੋਸ ਮੁਜਾਹਰੇ ‘ਤੇ ਕੀਤੇ ਗਏ ਸਰਕਾਰੀ ਤੇ ਪੁਲਿਸ ਜਬਰ ਦੀ ਵੀ ਨਿੰਦਾ ਕੀਤੀ ਹੈ। ਸਿੱਟੇ ਵਜੋਂ ਪੁਲਿਸ ਦੀ ਫਾਇਰਿੰਗ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਾਫੀ ਲੋਕ ਫੱਟੜ ਹੋ ਗਏ, ਸਬੰਧੀ ਕਿਹਾ ਕਿ ਬਾਦਲ ਸਰਕਾਰ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਸਗੋਂ ਲੋਕਾਂ ਤੇ ਗੋਲੀਆਂ ਵਰਾ ਰਹੀ ਹੈ। ਆਗੂਆਂ ਨੇ ਕਿਹਾ ਕਿ ਲੋਕ ਵਿਰੋਧੀ ਹਾਕਮ ਤੇ ਸ਼ਰਾਰਤੀ ਅਨਸਰ ਮਿਹਨਤਕਸ ਲੋਕਾਂ ਦੇ ਚੱਲ ਰਹੇ ਹੱਕੀ ਘੋਲ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਖੇਤ ਮਜ਼ਦੂਰਾਂ, ਮੁਲਾਜਮਾਂ ਦੇ ਸੰਘਰਸ਼ਾਂ ਨੂੰ ਇਹੋ ਜਿਹੀਆਂ ਘਟੀਆਂ ਚਾਲਾਂ ਚਲਕੇ ਕੁਚਲਣਾ ਚਾਹੁੰਦੀ ਹੈ। ਲੋਕਾਂ ਵਿੱਚ ਧਰਮ, ਜਾਤ, ਇਲਾਕੇ ਦੇ ਅਧਾਰ ਤੇ ਫ੍ਰਿਕਾਪ੍ਰਸਤੀ ਭੜਕਾਕੇ ਆਪਸੀ ਵੰਡੀਆਂ ਪਾ ਰਹੀ ਹੈ ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਸੀ ਸਦਭਾਵਨਾ ਤੇ ਜਮਾਤੀ ਸਾਂਝ ਕਾਇਮ ਰੱਖਦੇ ਹੋਏ ਲੋਕ ਵਿਰੋਧੀ ਹਾਕਮਾਂ ਦੀਆਂ ਚਲੀਆਂ ਜਾ ਰਹੀਆਂ ਘਟੀਆਂ ਚਾਲਾਂ ਤੋਂ ਸੁਚੇਤ ਹੋ ਕੇ ਆਪਣੇ ਹੱਕੀ ਯੁੱਧ ਨੂੰ ਅੱਗੇ ਵਧਾਉਣ ਸ਼ਹਿਰ ਵਿੱਚ ਮਾਰਚ ਕਰਦੇ ਸਮੇਂ ਲੋਕ ਸੰਘਰਸ਼ ਕਮੇਟੀ ਵਲੋਂ ਪ੍ਰਕਾਸ਼ਤ ਇਕ ਹੱਥ ਪਰਚਾ ਆਪਸੀ ਸਦਭਾਵਨਾ ਬਣਾਈ ਰੱਖਣ ਤੇ ਬੁਨਿਆਦੀ ਹੱਕਾਂ ਦੀ ਲੜਾਈ ਨੂੰ ਤੇਜ਼ ਕਰਨ ਸਬੰਧੀ ਵੰਡਿਆ ਗਿਆ। ਸਟੇਜ ਸਕੱਤਰ ਦਾ ਰੋਲ ਕੁਲਵੰਤ ਸਿੰਘ ਤਰਕ ਨੇ ਬਾਖੂਬੀ ਨਿਭਾਇਆ ਅਤੇ ਅਖੀਰ ਤੇ ਆਏ ਲੋਕਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media