
ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ ਬਿਊਰੋ)- ਪੰਥਕ ਜੁਗਤਿ ਅਤੇ ਮਰਯਾਦਾ ਨਾਲ ਜੁੜੇ ਹੋਏ ਕੁੱਝ ਮੁੱਦਿਆਂ ਦੀ ਪ੍ਰਾਪਤੀ ਲਈ ਸੰਗਤੀ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਇਕੱਤਰ ਹੋ ਕੇ ਪਾਠ ਅਤੇ ਅਰਦਾਸ ਰਾਹੀਂ ਇਸ ਬਿਖਮ ਸਮੇਂ ਗੁਰੂ ਸਾਹਿਬ ਦੀ ਅਗਵਾਈ ਲੈਣ ਲਈ ਪੰਥਕ ਤਾਲਮੇਲ ਸੰਗਠਨ ਵੱਲੋਂ 22 ਸਤੰਬਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਰੰਭ ਕੀਤੇ ਗਏ, ਅਰਦਾਸ ਸਮਾਗਮ ਦੀ ਸੰਪੂਰਨਤਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਕੇ ਕੀਤੀ ਗਈ।ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਵਲੋਂ ਕੀਤੀ ਅਰਦਾਸ ਵਿੱਚ ਲੰਮੇ ਸਮੇਂ ਚੱਲੇ ਆ ਰਹੇ ਪੰਥਕ ਮੁੱਦਿਆਂ ਦੇ ਹੱਲ ਅਤੇ ਸਰਬੱਤ ਖਾਲਸਾ ਦੀ ਕਾਇਮੀ ਲਈ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਰਾਹੀਂ ਅਗਵਾਈ ਲਈ ਗਈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿ: ਕੇਵਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਅਤੇ ਅਸਲੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਨਾਲ-ਨਾਲ ਪੰਥਕ ਮੁੱਦਿਆਂ ‘ਤੇ ਵੀ ਪੰਥ ਦਾ ਯਤਨਸ਼ੀਲ ਹੋਣ, ਅੱਜ ਸਮੇਂ ਦੀ ਲੋੜ ਹੈ।ਇਸ ਸਭ ਲਈ ਆਪਸੀ ਇਕਜੁੱਟਤਾ ਅਤੇ ਦ੍ਰਿੜ੍ਹਤਾ ਦਾ ਪ੍ਰਗਟਾਵਾ ਕਰਨਾ ਹੋਵੇਗਾ ਅਤੇ ਪੰਥ ਦੋਖੀਆਂ ਤੋਂ ਸਾਵਧਾਨ ਰਹਿਣਾ ਹੋਵੇਗਾ।
ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਸ੍ਰ: ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਇਸ ਕੌਮੀ ਤ੍ਰਾਸਦੀ ਅਤੇ ਉਲਝਣ ਭਰੇ ਸਮੇਂ ਵਿਚੋਂ ਚੜ੍ਹਦੀ ਕਲਾ ਨਾਲ ਬਾਹਰ ਨਿਕਲਣ ਦਾ ਅਤੇ ਪੰਥ ਕੀ ਜੀਤ ਦੇ ਸੰਕਲਪ ਨੂੰ ਸਾਕਾਰ ਕਰਨ ਦਾ ਇਹ ਤਰੀਕਾ ਹੈ ਕਿ ਅਸੀਂ ਸਾਰੀਆਂ ਸਿਆਣਪਾਂ ਛੱਡ ਕੇ ਬਿਰਦ ਕੀ ਪੈਜ ਹਿੱਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਵਿਚ ਇਕੱਤਰ ਹੋਈਏ। ਜੇ ਸਾਡੀ ਪੰਥਕ ਜੁਗਤਿ ਅਤੇ ਕੌਮੀ ਸਨਮਾਨ ਬਰਕਰਾਰ ਹੈ ਤਾਂ ਕਿਸੇ ਦੀ ਮਜਾਲ ਨਹੀਂ ਕਿ ਸਾਡੇ ਗੁਰੂ ਦੀ ਬੇਪੱਤੀ ਦਾ ਸੁਪਨਾ ਵੀ ਲੈ ਜਾਏ। ਉਨ੍ਹਾ ਕਿਹਾ ਕਿ ਗੁਰੂ ਪੰਥ ਦੀ ਸ਼ਕਤੀ ਨੂੰ ਵਿਅਕਤੀਵਾਦ ਤੋਂ ਹਟਾ ਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੇਂਦਰਿਤ ਕਰਨਾ ਹੋਵੇਗਾ। ਪੰਥਕ ਜੁਗਤਿ ਦੇ ਫਲਸਫੇ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਭਾਵਨਾ ਦੀ ਤਰਜਮਾਨੀ ਹੋਵੇ। ਉਨ੍ਹਾ ਇਸ ਗੱਲ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਗੁਰੂ ਪੰਥ ਦੇ ਪ੍ਰਤੀਨਿਧ (ਸਰਬੱਤ ਖਾਲਸਾ) ਰਾਹੀਂ ਪੰਥਕ ਮਤਿਆਂ ਅਤੇ ਗੁਰਮਤਿਆਂ ਵਾਲੀ ਪੁਰਾਤਨ ਰਵਾਇਤ ਨੂੰ ਮੁੜ ਸੁਰਜੀਤ ਕਰਨਾ ਹੋਵੇਗਾ। ਜਥੇਦਾਰਾਂ ਦੀ ਨਿਯੁਕਤੀ ਅਤੇ ਕਾਰਜਖੇਤਰ ਨੂੰ ਸਿੱਖ ਸੋਚ ਅਨੁਸਾਰ ਯਕੀਨੀ ਬਨਾਉਣਾ ਹੋਵੇਗਾ ਅਤੇ ਸਿੱਖ ਰਾਜਨੀਤੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਧਰਮ ਦੇ ਜਾਬਤੇ ਹੇਠ ਲਿਆਉਣ ਲਈ ਵਚਨਬੱਧ ਹੋਣਾ ਹੋਵੇਗਾ।
ਪੰਥਕ ਤਾਲਮੇਲ ਸੰਗਠਨ ਵੱਲੋਂ ਇਸ ਮੌਕੇ ਪਿੰਡ ਬਰਗਾੜੀ (ਫਰੀਦਕੋਟ) ਵਿਖੇ ਪੁਲਿਸ ਹੱਥੋਂ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪਿੰਡ ਬਰਗਾੜੀ ਵਿਖੇ ਹੋਏ ਭੋਗ ਸਮਾਗਮਾਂ ਮੌਕੇ ਪੰਥਕ ਇਕੱਠ ਵੱਲੋਂ ਕੀਤੇ ਗਏ ਮਤਿਆਂ ਦੀ ਪ੍ਰੋੜਤਾ ਕੀਤੀ।ਇਸ ਮੌਕੇ ਮੁੱਖ ਰੂਪ ਵਿਚ ਸ੍ਰ: ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਸ੍ਰ: ਉਪਕਾਰ ਸਿੰਘ ਸੰਧੂ, ਸ੍ਰ: ਬਰਿੰਦਰ ਸਿੰਘ, ਸ੍ਰ: ਭੁਪਿੰਦਰ ਸਿੰਘ, ਸ੍ਰ: ਰਜਿੰਦਰ ਸਿੰਘ ਰਾਜਨ, ਸ੍ਰ: ਹਰਪ੍ਰੀਤ ਸਿੰਘ, ਪ੍ਰੋ: ਬਲਜਿੰਦਰ ਸਿੰਘ, ਸ੍ਰ: ਪਰਗਟ ਸਿੰਘ ਚੁਗਾਵਾਂ, ਸ੍ਰ: ਬੀ.ਐਸ. ਗੁਲਾਬ ਅਤੇ ਪੰਥਕ ਤਾਲਮੇਲ ਸੰਗਠਨ ਦੇ ਮੈਂਬਰ ਅਤੇ ਸਿੱਖ ਸੰਗਤਾਂ ਹਾਜਰ ਸਨ।
Punjab Post Daily Online Newspaper & Print Media