
ਨਵੀਂ ਦਿੱਲੀ, 1 ਨਵੰਬਰ (ਅੰਮ੍ਰਿਤ ਲਾਲ ਮੰਨਣ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵੱਡਾ ਹਮਲਾ ਬੋਲਿਆ। ਗੁਰਦੁਆਰਾ ਬੰਗਲਾ ਸਾਹਿਬ ਵਿਖੇ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿੱਚ 30 ਅਕਤੂਬਰ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਮੌਕੇ ਆਯੋਜਿਤ ਅਰਦਾਸ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਸਰਕਾਰ ਦੇ ਨਾਲ ਹੀ ਮੋਦੀ ਅਤੇ ਕੇਜਰੀਵਾਲ ਨੂੰ ਸਿੱਧੇ ਹੱਥੀਂ ਲਿਆ। ਜੀ.ਕੇ. ਨੇ ਗੋਰਵਮਈ ਸਿੱਖ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿੱਖਾਂ ਨੇ ਹਮੇਸ਼ਾਂ ਹੀ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਪਰ ਬਦਲੇ ਵਿੱਚ ਦੇਸ਼ ਦੇ ਸਿਆਸੀ ਦਲਾਂ ਨੇ ਸਿੱਖਾਂ ਦੀ ਤਾਕਤ ਅਤੇ ਵਫਾਦਾਰੀ ਦੇ ਬਦਲੇ ਬੇਵਫਾਈ ਝੋਲੀ ਵਿੱਚ ਪਾਈ ਹੈ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ 90 ਫੀਸਦੀ ਕੁਰਬਾਨੀਆਂ ਅਤੇ ਗੁਆਂਢੀ ਦੇਸ਼ਾਂ ਦੇ ਨਾਲ ਹੋਏ ਯੁੱਧਾਂ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੀ ਸਿੱਖ ਕੌਮ ਨੂੰ ਅੱਜ ਮੁਆਵਜ਼ੇ ਦੀ ਬਜਾਏ ਵਧੀਆ ਤਰੀਕੇ ਨਾਲ ਹਮਦਰਦੀ ਅਤੇ ਨਿਆਂ ਦੇਣ ਦੀ ਜੀ.ਕੇ. ਨੇ ਜ਼ੋਰਦਾਰ ਮੰਗ ਕੀਤੀ।
ਭਾਜਪਾ ਸਰਕਾਰ ਤੋਂ ਸਿੱਖਾਂ ਨੂੰ ਇਨਸਾਫ ਮਿਲਣ ਦੀ ਉਮੀਦ ਹੋਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕਾਂਗਰਸ ਸਰਕਾਰ ਦੀ ਤਰ੍ਹਾਂ ਇਸ ਕਤਲੇਆਮ ਦੀ ਜਾਂਚ ਕਰਨ ਵਾਲੀ ਦਿੱਲੀ ਪੁਲਿਸ ਅਤੇ ਸੀ.ਬੀ.ਆਈ ‘ਤੇ ਮੋਦੀ ਸਰਕਾਰ ਦੇ ਦੌਰਾਨ ਵੀ ਕਾਤਲਾਂ ਦਾ ਪੱਖ ਲੈਣ ਦਾ ਦੋਸ਼ ਲਗਾਇਆ। ਸੀ.ਬੀ.ਆਈ. ‘ਤੇ ਜੀ.ਕੇ. ਨੇ ਜਾਣਬੁੱਝ ਕੇ ਮੁਕੱਦਮੇ ਨੂੰ ਕਮਜ਼ੋਰ ਕਰਨ ਦਾ ਵੀ ਆਰੋਪ ਲਗਾਇਆ।ਜੀ.ਕੇ ਨੇ ਦਾਅਵਾ ਕੀਤਾ ਕਿ ਜਿਸ ਵੱਡੇ ਪੈਮਾਨੇ ‘ਤੇ 1984 ਵਿੱਚ ਹੱਤਿਆ, ਬਲਾਤਕਾਰ, ਲੁੱਟਪਾਟ ਅਤੇ ਸੰਪਤੀਆਂ ਨੂੰ ਅੱਗ ਦੇ ਹਵਾਲੇ ਕਰਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੋਈ ਸੀ ਉਸ ‘ਤੇ ਕੇਵਲ ਦਿੱਲੀ ਵਿੱਚ ਹੀ 15 ਹਜ਼ਾਰ ਐਫ.ਆਈ.ਆਰ. ਦਰਜ਼ ਹੋਣੀਆਂ ਚਾਹੀਦੀਆਂ ਸਨ, ਪਰ ਸਿਰਫ 587 ਐਫ.ਆਈ.ਆਰ. ਦਰਜ਼ ਹੋਈਆਂ ਜਿਨ੍ਹਾਂ ਵਿੱਚੋਂ ਵੀ 247 ਐਫ.ਆਈ.ਆਰ. ਬਿਨ੍ਹਾਂ ਜਾਂਚ-ਪੜਤਾਲ ਦੇ ਰੱਦ ਕਰ ਦਿੱਤੀਆਂ ਗਈਆਂ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਤੋਂ ਕੋਈ ਉਮੀਦ ਨਾ ਹੋਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕੇਜਰੀਵਾਲ ਵੱਲੋਂ ਕੇਂਦਰ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਦੀ ਸਾਬਾਸ਼ੀ ਲੈਣ ਦੇ ਲਈ ਤਿਲਕ ਵਿਹਾਰ ਵਿਖੇ ਚੈਕ ਵੰਡਣ ਨੂੰ ਘਟੀਆ ਸਿਆਸਤ ਵੀ ਦੱਸਦੇ ਹੋਏ ਸਾਰੀਆਂ ਸਰਕਾਰਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਦੀ ਚੇਤਾਵਨੀ ਵੀ ਦਿੱਤੀ।ਜੀ.ਕੇ. ਨੇ ਕੇਜਰੀਵਾਲ ਨੂੰ ਕਥਨੀ ਅਤੇ ਕਰਨੀ ਤੋਂ ਦੂਰ ਦੱਸਦੇ ਹੋਏ ਪਿਛਲੇ 8 ਮਹੀਨੇ ਤੋਂ ਕੇਂਦਰ ਸਰਕਾਰ ਵੱਲੋਂ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣ ਲਈ ਘੋਸ਼ਿਤ ਕੀਤੀ ਗਈ ਐਸ.ਆਈ.ਟੀ. ਨੂੰ ਦਫਤਰ ਅਤੇ ਸਟਾਫ ਨਾ ਦੇਣ ‘ਤੇ ਵੀ ਸਿੱਧੇ ਹੱਥੀਂ ਲਿਆ।ਜੀ.ਕੇ ਨੇ ਜ਼ੋਰ ਦਿੰਦੇ ਕਿਹਾ ਕਿ ਸਿੱਖਾਂ ਦੇ ਜਖ਼ਮਾਂ ‘ਤੇ ਮੁਆਵਜੇ ਦੀ ਬਜਾਏ ਇਨਸਾਫ ਨਾਲ ਮਲਹਮ ਲੱਗੇਗੀ।ਇਸ ਲਈ ਬਿਨ੍ਹਾਂ ਸਮਾਂ ਖਰਾਬ ਕੀਤੇ ਐਸ.ਆਈ.ਟੀ. ਨੂੰ ਸਾਰਿਆਂ ਸੁਵਿਧਾਵਾਂ ਕੇਜਰੀਵਾਲ ਸਰਕਾਰ ਨੂੰ ਉਪਲੱਬਧ ਕਰਵਾਉਣੀ ਚਾਹੀਦੀ ਹੈ।ਦਿੱਲੀ ਸਰਕਾਰ ਨੂੰ ਪੀੜ੍ਹਿਤਾਂ ਦੇ ਮੁੜ ਵਸੇਬੇ ਲਈ ਲਈ ਆਪਣੇ ਤੌਰ ‘ਤੇ ਕੰਮ ਕਰਨ ਦੀ ਵੀ ਜੀ.ਕੇ ਨੇ ਸਲਾਹ ਦਿੱਤੀ।ਜੀ.ਕੇ ਨੇ ਸੁਆਲ ਕੀਤਾ ਕਿ ਅੱਜ ਵੰਡੀ ਗਈ ਮੁਆਵਜ਼ਾ ਰਾਸ਼ੀ ਵਿੱਚ ਕਿੰਨੀ ਰਾਸ਼ੀ ਦਿੱਲੀ ਸਰਕਾਰ ਨੇ ਆਪਣੇ ਤੌਰ ‘ਤੇ ਖਰਚ ਕੀਤੀ ਹੈ।
Punjab Post Daily Online Newspaper & Print Media