ਸ਼ਿਲਪਕਾਰਾਂ ਨੇ ਹੁਣ ਤੱਕ ਕੀਤੀ ਡੇਢ ਕਰੋੜ ਰੁਪਏ ਤੋਂ ਵੱਧ ਦੀ ਸੇਲ – 1 ਲੱਖ ਤੋਂ ਵੱਧ ਵਿਕੀਆਂ ਟਿੱਕਟਾਂ
ਹੁਸ਼ਿਆਰਪੁਰ, 2 ਨਵੰਬਰ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਵਿਖੇ ਚੱਲ ਰਿਹਾ ਖੇਤਰੀ ਸਰਸ ਮੇਲਾ ਅਨੋਖੀ ਮਿਸਾਲ ਪੈਦਾ ਕਰਦਾ ਹੋਇਆ ਅੱਗੇ ਵੱਧ ਰਿਹਾ ਹੈ ਅਤੇ ਹਰ ਰੋਜ਼ ਮੇਲਾ ਪ੍ਰੇਮੀ ਭਾਰਤ ਦੇ ਵੱਖ-ਵੱਖ ਰੰਗਾਂ ਦਾ ਆਨੰਦ ਮਾਨਣ ਲਈ ਭਾਰੀ ਗਿਣਤੀ ਵਿਚ ਪਹੁੰਚ ਰਹੇ ਹਨ। ਆਊਟਡੋਰ ਸਟੇਡੀਅਮ ਵਿਖੇ 4 ਨਵੰਬਰ ਤੱਕ ਚੱਲਣ ਵਾਲੇ ਇਸ ਮੇਲੇ ਵਿਚ ਲੋਕਾਂ ਦਾ ਉਮੜਿਆ ਜਨ ਸੈਲਾਬ ਲੋਕਾਂ ਦੇ ਭਾਰੀ ਉਤਸ਼ਾਹ ਨੂੰ ਦਰਸਾ ਰਿਹਾ ਹੈ। ਇਲਾਕਾ ਵਾਸੀ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਨਣ ਦੇ ਨਾਲ-ਨਾਲ ਖਰੀਦੋ ਫਰੋਖਤ ਵੀ ਕਰ ਰਹੇ ਹਨ ਅਤੇ ਉਹ 10ਵੇਂ ਦਿਨ ਤੱਕ ਡੇਢ ਕਰੋੜ ਰੁਪਏ ਤੋਂ ਵੀ ਵੱਧ ਦੀ ਖਰੀਦੋ-ਫਰੋਖਤ ਕਰ ਚੁੱਕੇ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਲੋਕ ਵੱਖ-ਵੱਖ ਸਭਿਆਚਾਰ ਨੂੰ ਜਾਨਣ ਲਈ ਕਿੰਨੇ ਉਤਾਵਲੇ ਹਨ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜਿੱਥੇ ਇਲਾਕਾ ਵਾਸੀ ਭਾਰੀ ਗਿਣਤੀ ਵਿਚ ਸਰਸ ਮੇਲੇ ਵਿਚ ਸ਼ਿਰਕਤ ਕਰ ਰਹੇ ਹਨ, ਉਥੇ ਉਨ੍ਹਾਂ ਵਲੋਂ ਵੱਖ-ਵੱਖ ਰਾਜਾਂ ਦੀਆਂ ਹੱਥ ਨਾਲ ਬਣੀਆਂ ਵਸਤਾਂ ਦੀ ਖਰੀਦੋ-ਫਰੋਖਤ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 9ਵੇਂ ਦਿਨ ਤੱਕ 1 ਕਰੋੜ 10 ਲੱਖ 19 ਹਜ਼ਾਰ 198 ਰੁਪਏ ਦੀ ਸੇਲ ਵੱਖ-ਵੱਖ ਸ਼ਿਲਪਕਾਰ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 10 ਵੇਂ ਦਿਨ ਵਿਚ ਵੀ ਕਰੀਬ 50 ਹਜ਼ਾਰ ਰੁਪਏ ਦੀ ਸੇਲ ਹੋਣ ਦਾ ਅਨੁਮਾਨ ਹੈ, ਜਿਸ ਨਾਲ ਕਰੀਬ ਡੇਢ ਕਰੋੜ ਰੁਪਏ ਦੀ ਵਿਕਰੀ ਹੋਣ ਤੋਂ ਸਿੱਧ ਹੋ ਗਿਆ ਹੈ ਕਿ ਇਲਾਕਾ ਵਾਸੀ ਮੇਲੇ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਤੱਕ ਸ਼ਿਲਪਕਾਰਾਂ ਦੀ ਸੇਲ ਹੋਰ ਵੀ ਵਧਣ ਦੀ ਆਸ ਹੈ ਅਤੇ ਇਹ ਸੇਲ 2 ਕਰੋੜ ਰੁਪਏ ਤੋਂ ਵੀ ਵੱਧ ਸਕਦੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ 10ਵੇਂ ਦਿਨ ਤੱਕ 1 ਲੱਖ 26 ਹਜ਼ਾਰ 711 ਟਿਕਟਾਂ ਵਿਕ ਚੁੱਕੀਆਂ ਹਨ ਅਤੇ ਟਿਕਟ ਦੀ ਕੀਮਤ ਕੇਵਲ 10 ਰੁਪਏ ਹੈ। ਉਨ੍ਹਾਂ ਦੱਸਿਆ ਕਿ 9ਵੇਂ ਦਿਨ ਹੀ 21 ਹਜ਼ਾਰ 10 ਟਿਕਟਾਂ ਵਿਕੀਆਂ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਹ ਟਿਕਟਾਂ 2 ਲੱਖ ਦੇ ਅੰਕੜੇ ਤੋਂ ਵੀ ਵੱਧ ਵਿਕਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਸਮੇਤ ਨੇੜਲੇ ਜ਼ਿਲ੍ਹਿਆਂ ਦੇ ਲੋਕ ਅਤੇ ਐਨ.ਆਰ.ਆਈਜ਼ ਵੀ ਇਸ ਮੇਲੇ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਦੱਸਿਆ ਕਿ ਮੇਲੇ ਵਿਚ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਇਲਾਵਾ ਸਰਕਾਰੀ ਸਕੂਲਾਂ ਦੀ ਐਂਟਰੀ ਬਿਲਕੁੱਲ ਮੁਫ਼ਤ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਪਹਿਲਕਦਮੀ ਸਦਕਾ ਹੱਥ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਲਗਾਏ ਜਾ ਰਹੇ ਖੇਤਰੀ ਸਰਸ ਮੇਲਿਆਂ ਦੌਰਾਨ ਸ਼ਿਲਪਕਾਰ ਆਪਣੀਆਂ ਵੱਡੇ ਪੱਧਰ ‘ਤੇ ਵਸਤਾਂ ਵੇਚਕੇ ਆਪਣੀ ਆਰਥਿਕ ਹਾਲਤ ਹੋਰ ਸੁਧਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਮੇਤ ਵੱਖ-ਵੱਖ ਰਾਜਾਂ ਤੋਂ ਕਰੀਬ 620 ਸ਼ਿਲਪਕਾਰ ਪਹੁੰਚੇ ਹਨ। ਸ਼੍ਰੀਮਤੀ ਅਨੰਦਿਤਾ ਮਿਤਰਾ ਨੇ ਦੱਸਿਆ ਕਿ ਲੋਕ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਸਭਿਆਚਾਰ ਨੂੰ ਜਾਨਣ ਲਈ ਅਗਲੇ ਦੋ ਦਿਨਾਂ ਦਾ ਜ਼ਰੂਰ ਲਾਹਾ ਲੈਣ। ਉਨ੍ਹਾਂ ਦੱਸਿਆ ਕਿ ਬਾਕੀ ਰਾਜਾਂ ਤੋਂ ਇਲਾਵਾ ਪੰਜਾਬ ਦੇ ਉਦਮੀ ਵਿਅਕਤੀ ਵੀ ਸੂਬਾ ਸਰਕਾਰ ਵਲੋਂ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਹਾ ਲੈ ਕੇ ਇਸ ਮੇਲੇ ਦੌਰਾਨ ਆਪਣੀਆਂ ਵਸਤਾਂ ਵੇਚ ਰਹੇ ਹਨ। ਉਨ੍ਹਾਂ ਦੱਸਿਆ ਕਿ ਮੱਖੀ ਪਾਲਣ ਦੇ ਧੰਦੇ ਅਪਣਾਕੇ ਕਈ ਵਿਅਕਤੀ ਮੱਖੀਆਂ ਦਾ ਸ਼ਹਿਦ ਵੇਚਣ ਦੇ ਨਾਲ-ਨਾਲ ਹਲਦੀ, ਆਚਾਰ, ਮੁਰੱਬਾ ਅਤੇ ਔਰਤਾਂ ਵਲੋਂ ਹੱਥ ਨਾਲ ਕੱਢੀ ਕਢਾਈ ਵਾਲੇ ਸੂਟ ਵੀ ਵੇਚੇ ਜਾ ਰਹੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਨਿਕਲਕੇ ਵੱਧ ਤੋਂ ਵੱਧ ਸਹਾਇਕ ਧੰਦੇ ਅਪਣਾਕੇ ਸਰਕਾਰੀ ਸਹੂਲਤਾਂ ਅਤੇ ਸਕੀਮਾਂ ਦਾ ਫਾਇਦਾ ਚੁੱਕਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਆਰਥਿਕ ਹਾਲਤ ਸੁਧਰ ਸਕੇ। ਉਨ੍ਹਾਂ ਕਿਹਾ ਕਿ ਲੋੜਵੰਦ ਲੜਕੀਆਂ ਨੂੰ ਵੀ ਸਿਲਾਈ ਕਢਾਈ ਦਾ ਹੁਨਰ ਸਿੱਖਣ ਦੀ ਲੋੜ ਹੈ, ਤਾਂ ਕਿ ਉਹ ਆਪਣੇ ਪਰਿਵਾਰ ਦੀ ਆਰਥਿਕਤਾ ਵਿਚ ਯੋਗਦਾਨ ਪਾ ਸਕਣ।
Punjab Post Daily Online Newspaper & Print Media