Monday, April 27, 2026

ਸਰਕਾਰ ਹਮੇਸ਼ਾਂ ਤੋਂ ਹੀ ਮਿਹਨਤਕਸ਼ਾਂ ਤੇ ਕਿਸਾਨਾਂ ਦੀ ਹਿਤੈਸ਼ੀ ਰਹੀ – ਮਜੀਠੀਆ

PPN0211201511

ਅੰਮ੍ਰਿਤਸਰ, 2 ਨਵੰਬਰ (ਗੁਰਚਰਨ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਤੋਂ ਹੀ ਮਿਹਨਤਕਸ਼ਾਂ ਕਿਸਾਨਾਂ ਦੀ ਹਿਤੈਸ਼ੀ ਰਹੀ ਹੈ ਤੇ ਹਰ ਸਮੇਂ ਕਿਸਾਨੀ ਨਾਲ ਖੜੀ ਹੈ। ਸ: ਮਜੀਠੀਆ ‘ਦੀ ਅਜਨਾਲਾ ਸਹਿਕਾਰੀ ਖੰਡ ਮਿਲਜ ਲਿਮ: ਭਲਾ ਪਿੰਡ ਦੇ ਨਵੇਂ ਪ੍ਰਬੰਧਕੀ ਬੋਰਡ ਦੀ ਚੋਣ ਸਮੇਂ ਸਰਬ ਸੰਮਤੀ ਨਾਲ ਚੁਣੇ ਜਾਣ ‘ਤੇ ਉਹਨਾਂ ਦਾ ਧੰਨਵਾਦ ਕਰਨ ਲਈ ਉਹਨਾਂ ਗ੍ਰਹਿ ਵਿਖੇ ਅੱਜ ਸ: ਵੀਰ ਸਿੰਘ ਲੋਪੋਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅਤੇ ਮੁੱਖ ਪਾਰਲੀਮਾਨੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਵਿਚ ਪਹੁੰਚੇ।
ਬੋਰਡ ਦੇ ਨਵ ਨਿਯੁਕਤ ਚੇਅਰਮੈਨ ਸ: ਗੁਰਨਾਮ ਸਿੰਘ ਸੈਦੋਗਾਜੀ, ਉਪ ਚੇਅਰਮੈਨ ਬਲਜਿੰਦਰ ਸਿੰਘ ਲੋਪੋਕੇ, ਡਾਇਰੈਕਟਰ ਪ੍ਰਭਦਿਆਲ ਸਿੰਘ, ਹਰਬੰਸ ਸਿੰਘ ਘੋਨੇਵਾਲ, ਅਵਤਾਰ ਸਿੰਘ ਖੋਦੇਬਾਂਗਰ, ਬ੍ਰਹਮ ਸਿੰਘ ਝੰਡੇਰ, ਕੁਲਰਾਜ ਸਿੰਘ ਭਿਟੇਵਡ ( ਸਾਰੇ ਡਾਇਰੈਕਟਰ) ਨੂੰ ਨਵੀਆਂ ਪ੍ਰਾਪਤੀਆਂ ਲਈ ਸਨਮਾਨਿਤ ਕਰਦਿਆਂ ਸ਼ੁੱਭ ਇੱਛਾਵਾਂ ਭੇਟ ਕਰ ਰਹੇ ਸਨ। ਉਹਨਾਂ ਨਵੀਂ ਟੀਮ ਨੂੰ ਕਿਸਾਨਾਂ ਅਤੇ ਮਿਲ ਦੇ ਮਜ਼ਦੂਰਾਂ ਦੀਆਂ ਲੋੜਾਂ ਤੇ ਸਹੂਲਤਾਂ ਦਾ ਖਾਸ ਧਿਆਨ ਰੱਖਣ ਦੀ ਤਾਈਦ ਕੀਤੀ। ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰਾਜ ਸਰਕਾਰ ਵੱਲੋਂ ਕਿਸਾਨੀ ਦੇ ਹਿਤਾਂ ਲਈ ਜੋ ਠੋਸ ਕਦਮ ਚੁੱਕੇ ਗਏ ਹਨ ਉਹ ਕਿਸੇ ਦੂਸਰੇ ਰਾਜ ਵਿਚ ਦੇਖਣ ਨੂੰ ਨਹੀਂ ਮਿਲਦਾ । ਉਹਨਾਂ ਦੱਸਿਆ ਕਿ ਸਰਕਾਰ ਝੋਨੇ ਦਾ ਇੱਕ ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ। ਕਿਹਾ ਕਿ ਸਹਿਕਾਰੀ ਖੰਡ ਮਿਲਾਂ ਨੂੰ ਕਿਸਾਨਾਂ ਦੇ ਗੰਨੇ ਦਾ ਬਕਾਇਆ ਰਾਸ਼ੀ ਦੇਣ ਲਈ ਸਰਕਾਰ ਨੇ 540 ਕਰੋੜ ਰੁਪੈ ਅਤੇ ਪ੍ਰਾਈਵੇਟ ਖੰਡ ਮਿਲਾਂ ਨੂੰ 200 ਕਰੋੜ ਕਰਜ਼ਾ ਰਾਸ਼ੀ ਦਾ ਪ੍ਰਬੰਧ ਕਰਦੇ ਦਿੱਤਾ ਹੈ। ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਗਈ ਹੈ ਅਤੇ ਕਿਸਾਨੀ ਦੇ ਸਿਰ ਤੋਂ ਬੋਝ ਉਤਾਰਨ ਲਈ ਟਿਊਬਲਵੈਲਾਂ ਦੇ ਬਿਜਲੀ ਬਿਲ ਖੁਦ ਭਰ ਰਹੀ ਹੈ ਜਿਸ ਲਈ ਇਸ ਸਾਲ ਲਈ ਸਰਕਾਰੀ ਖ਼ਜ਼ਾਨੇ ਨੂੰ 49 ਹਜ਼ਾਰ ਕਰੋੜ ਦਾ ਬੋਝ ਸਹਿਣਾ ਪਿਆ। ਉਹਨਾਂ ਦੱਸਿਆ ਕਿ ਕਪਾਹ ਪੱਟੀ ਦੇ ਕਿਸਾਨ ਜੋ ਚਿੱਟੀ ਮੱਖੀ ਤੋਂ ਪੀੜਤ ਹਨ ਲਈ 644 ਕਰੋੜ ਮੁਆਵਜ਼ੇ ਦਾ ਸਰਕਾਰ ਵੱਲੋਂ ਪ੍ਰਬੰਧ ਕੀਤੀ ਗਿਆ। ਉਹਨਾਂ ਕਿਹਾ ਕਿ ਕਿਸਾਨੀ ਨਾਲ ਕੇਂਦਰੀ ਵਿਤਕਰੇ ਦੀ ਕਹਾਣੀ ਦਾ ਅੰਤ ਐਨ ਡੀ ਏ ਸਰਕਾਰ ਸਮੇਂ ਕੀਤਾ ਜਾ ਰਿਹਾ ਹੈ। ਜਦ ਕਿ ਕਾਂਗਰਸ ਸਰਕਾਰਾਂ ਕਿਸਾਨੀ ਦਾ ਲੱਕ ਤੋੜਨ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਸਿਆਸੀ ਤੌਰ ‘ਤੇ ਮਹੱਤਵਹੀਣ ਹੋ ਚੁੱਕੇ ਕੁੱਝ ਲੋਕ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਨਾਂ ਨੇ ਸਤਾ ਦੇ ਦੌਰਾਨ ਕਿਸਾਨੀ ਦਾ ਪੱਖ ਨਹੀਂ ਪੂਰਿਆ ਉਹਨਾਂ ਨੂੰ ਅੱਜ ਕਿਸਾਨੀ ਮਸਲਿਆਂ ਬਾਰੇ ਬੋਲਣ ਦਾ ਕੋਈ ਹੱਕ ਨਹੀਂ। ਉਹਨਾਂ ਫਸਲਾਂ ਦਾ ਘੱਟੋ ਘਟ ਸਮਰਥਨ ਮੁੱਲ ਨਿਰਧਾਰਿਤ ਕਰਨ ਸਮੇਂ ਕੀਮਤ ਸੂਚਕ ਅੰਕ ਨਾਲ ਜੋੜਨ ਅਤੇ ਖੇਤੀ ਸੰਬੰਧੀ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਰੱਖੀ। ਇਸ ਸਮੇਂ ਉਹਨਾਂ ਨਾਲ ਰਾਣਾ ਰਣਬੀਰ ਸਿੰਘ ਲੋਪੋਕੇ, ਰਵੀਕਰਨ ਸਿੰਘ ਕਾਹਲੋਂ, ਮੇਜਰ ਸ਼ਿਵੀ, ਮੀਡੀਆ ਸਲਾਹਕਾਰ ਪ੍ਰੋ ਸਰਚਾਂਦ ਸਿੰਘ, ਸੁਖਵਿੰਦਰ ਸਿੰਘ ਗੋਲਡੀ ਆਦਿ ਵੀ ਮੌਜੂਦ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply