Monday, April 27, 2026

ਵਿਦਿਆਰਥੀਆਂ ਨੂੰ ਕੈਰੀਅਰ ਚੋਣ ਸਬੰਧੀ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ -ਸੁਰਿੰਦਰ ਪਾਲ ਆਂਗਰਾ

PPN0211201512

ਅੰਮ੍ਰਿਤਸਰ, 2 ਨਵੰਬਰ (ਗੁਰਚਰਨ ਸਿੰਘ) -ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਕੈਰੀਅਰ ਚੋਣ ਸਬੰਧੀ ਜਾਗਰੂਕ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਪਾਲ ਆਂਗਰਾ ਨੇ ਅੱਜ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਵਿਖੇ ਜ਼ਿਲ੍ਹੇ ਦੇ ਕੈਰੀਅਰ ਕੌਂਸਲਿੰਗ-ਕਮ-ਮੋਟੀਵੇਸ਼ਨਲ ਸੈਂਟਰ ਦੇ ਉਦਘਾਟਨ ਦੌਰਾਨ ਮੁੱਖ ਮਹਿਮਾਨ ਵਜੋਂ ਕੀਤਾ। ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਸੰਜੀਵ ਮੰਨਣ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਸਤਿੰਦਰਬੀਰ ਸਿੰਘ, ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਰਿੰਦਰ ਪਾਲ ਆਂਗਰਾ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਤਹਿਤ ਅੱਜ ਤੋਂ ਡਾ ਅੰਬੇਦਕਰ ਭਵਨ, ਨਜ਼ਦੀਕ ਬੱਸ ਸਟੈਂਡ, ਅੰਮ੍ਰਿਤਸਰ ਵਿਖੇ ਕੈਰੀਅਰ ਕੌਂਸਲਿੰਗ-ਕਮ-ਮੋਟੀਵੇਸ਼ਨਲ ਸੈਂਟਰ ਖੋਲ੍ਹਣ ਦੀ ਸਰਕਾਰ ਵੱਲੋਂ ਪਹਿਲ ਕੀਤੀ ਗਈ ਹੈ, ਜਿਥੇ ਕੇਂਦਰ ਅਤੇ ਰਾਜ ਸਰਕਾਰ/ਨਿੱਜੀ ਖੇਤਰ ਵਿਚ ਵੱਖ-ਵੱਖ ਤਰ੍ਹਾਂ ਦੇ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕਿਆਂ ਬਾਰੇ ਸਰਕਾਰੀ ਸਕੂਲਾਂ ਵਿਚ ਪੜ੍ਹ. ਰਹੇ ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਦੇ ਐਸ ਸੀ ਵਿਦਿਆਰਥੀਆਂ/ਵਿਦਿਆਰਥਣਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿਚ ਸਰਕਾਰੀ ਸਕੂਲਾਂ ਤੋਂ ਵਿਦਿਆਰਥੀਆਂ ਦੀਆਂ ਸੂਚੀਆਂ ਪ੍ਰਾਪਤ ਕਰਕੇ 30-30 ਵਿਦਿਆਰਥੀਆਂ ਦੇ ਬੈਚ ਬਣਾ ਕੇ ਰੋਜ਼ਾਨਾ ਇਕ ਬੈਚ ਨੂੰ ਸਕੂਲ ਵਿਚੋਂ ਛੁੱਟੀ ਹੋਣ ਤੋਂ ਬਾਅਦ ਸ਼ਾਮ 3:30 ਵਜੇ ਤੋਂ ਸ਼ਾਮ 4:30 ਵਜੇ ਤੱਕ ਮਾਹਿਰਾਂ ਵੱਲੋਂ ਜਾਗਰੂਕ ਕਰਵਾਇਆ ਜਾਵੇਗਾ। ਇਸ ਦੌਰਾਨ ਵਿਦਿਆਰਥੀਆਂ ਨੂੰ ਦਿੱਤੀ ਗਈ ਜਾਣਕਾਰੀ ਦੇ ਮੁਫ਼ਤ ਲਿਖਤੀ ਨੋਟਸ ਦੀਆਂ ਫੋਟੋ ਕਾਪੀਆਂ, ਰਿਫਰੈਸ਼ਮੈਂਟ ਅਤੇ ਸਟੇਸ਼ਨਰੀ ਤੋਂ ਇਲਾਵਾ ਸਕੂਲ ਤੋਂ ਸੈਂਟਰ ਤੱਕ 5 ਕਿਲੋਮੀਟਰ ਦਾ ਵੱਧ ਫਾਸਲਾ ਹੋਣ ‘ਤੇ ਆਉਣ-ਜਾਣ ਲਈ ਕਿਰਾਏ ਦੇ ਤੌਰ ‘ਤੇ 40 ਰੁਪਏ ਪ੍ਰਤੀ ਵਿਦਿਆਰਥੀ ਅਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਕੁਲ ਮਿਲਾ ਕੇ 1800 ਵਿਦਿਆਰਥੀਆਂ ਨੂੰ ਵਿਸ਼ੇ ਨਾਲ ਸਬੰਧਤ ਜਾਣਕਾਰੀ ਦੇਣ ਲਈ 3 ਮਹੀਨਿਆਂ ਵਿੱਚ ਕੁਲ 60 ਲੈਕਚਰ ਲਗਾਏ ਜਾਣਗੇ।  ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਵਿਸ਼ੇ ਮਾਹਿਰਾਂ ਅਤੇ ਰਿਸੋਰਸ ਪਰਸਨਾਂ ਦੀ ਚੋਣ ਬਹੁਤ ਸੋਚ-ਸਮਝ ਕੇ ਕੀਤੀ ਗਈ ਹੈ, ਜੋ ਕਿ ਵੱਖ-ਵੱਖ ਅਦਾਰਿਆਂ ਤੋਂ ਆਪਣੀਆਂ ਬਹੁ-ਮੁੱਲੀਆਂ ਉਪਰੰਤ ਸੇਵਾਮੁਕਤ ਹੋਏ ਹਨ ਅਤੇ ਹੁਣ ਉਨ੍ਹਾਂ ਦੇ ਇਨ੍ਹਾਂ ਤਜ਼ਰਬਿਆਂ ਦਾ ਲਾਭ ਇਨ੍ਹਾਂ ਬੱਚਿਆਂ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਮੰਚ ਸੰਚਾਲਣ ਸ੍ਰੀ ਆਰ ਐਸ ਚੱਠਾ ਅਤੇ ਸ੍ਰੀਮਤੀ ਰਵਿੰਦਰ ਅਟਵਾਲ ਨੇ ਬਾਖੂਬੀ ਕੀਤਾ।  ਜ਼ਿਕਰਯੋਗ ਹੈ ਕਿ ਇਸ ਪੂਰੇ ਪ੍ਰਾਜੈਕਟ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਓਵਰਆਲ ਇੰਚਾਰਜ ਹੋਣਗੇ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ ਸਹਾਇਕ ਪ੍ਰਾਜੈਕਟ ਅਫ਼ਸਰ (ਮੁਲਾਂਕਣ), ਡੀ ਆਰ ਡੀ ਏ ਇਸ ਸਕੀਮ ਨੂੰ ਸਹੀ ਤੇ ਸੁਚੱਜੇ ਢੰਗ ਨਾਲ ਚਲਾਉਣ ਹਿੱਤ ਬਤੌਰ ਨੋਡਲ ਅਫ਼ਸਰ/ਸਹਾਇਕ ਦੇ ਤੌਰ ‘ਤੇ ਕੰਮ ਕਰਨਗੇ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply