
ਸੰਦੌੜ, 4 ਨਵੰਬਰ (ਹਰਮਿੰਦਰ ਸਿੰਘ ਭੱਟ)- ਥਾਣਾ ਸੰਦੌੜ ਵਿਖੇ ਐੱਸ.ਐੱਚ.ਓ ਕੁਲਦੀਪ ਸਿੰਘ ਪ੍ਰੈੱਸ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਇਲਾਕੇ ਵਿਚ ਗੁੰਡਾਗਰਦੀ ਅਤੇ ਟ੍ਰੈਫਿਕ ਸੰਬੰਧੀ ਕੋਈ ਵੀ ਅਣਗਹਿਲੀ ਨਹੀਂ ਕੀਤੀ ਜਾਵੇਗੀ।ਕੁਲਦੀਪ ਸਿੰਘ ਨੇ ਪੁਲਿਸ ਪਬਲਿਕ ਅਤੇ ਪ੍ਰੈੱਸ ਦੇ ਆਪਸੀ ਤਾਲਮੇਲ ਉਪਰ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਅਸੀਂ ਮਿਲ ਕੇ ਚੰਗੇ ਢੰਗ ਨਾਲ ਸਮਾਜ ਦੀ ਸੇਵਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਜੋਕੇ ਨਾਜ਼ੁਕ ਸਮੇਂ ਵਿਚ ਇਲਾਕੇ ਸੰਦੌੜ ਵਿਚ ਇਲਾਕਾ ਨਿਵਾਸੀਆਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਕੀਤੇ ਸੰਘਰਸ਼ ਦਾ ਪੁਲਿਸ ਪ੍ਰਸ਼ਾਸਨ ਵੱਲੋਂ ਧੰਨਵਾਦੀ ਹਨ।ਉਨ੍ਹਾਂ ਨਸ਼ਿਆਂ ਦੀ ਰੋਕਥਾਮ ਲਈ ਸਾਰਿਆਂ ਧਿਰਾਂ ਤੋਂ ਸਹਿਯੋਗ ਮੰਗਿਆ ਅਤੇ ਤਿਉਹਾਰਾਂ ਦੇ ਦਿਨਾਂ ਵਿਚ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਘਿਣਾਉਣੀ ਵਾਰਦਾਤ ਕਰਦਾ ਕਾਬੂ ਕੀਤਾ ਗਿਆ ਤਾਂ ਉਸ ਨਾਲ ਸਖ਼ਤ ਕਾਨੂੰਨ ਅਨੁਸਾਰ ਨਜਿੱਠਿਆਂ ਜਾਵੇਗਾ।ਉਨ੍ਹਾਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਇੰਨੀ ਦਿਨੀਂ ਵਿਸ਼ੇਸ਼ ਤੌਰ ਤੇ ਚੌਕਸੀ ਰੱਖਣ ਲਈ ਕਿਹਾ,ਤਾਂ ਜੋ ਕੋਈ ਸ਼ਰਾਰਤੀ ਅਨਸਰ ਆਪਣੇ ਮਾੜੇ ਮਨਸੂਬਿਆਂ ਨੂੰ ਅੰਜਾਮ ਨਾ ਦੇ ਸਕੇ।ਉੱਚੀ ਆਵਾਜ਼ ਵਿਚ ਵਾਹਨਾਂ ਤੇ ਚਲਾਏ ਜਾ ਰਹੇ ਗੀਤਾਂ ਅਤੇ ਸਰਵਜਨਕ ਥਾਵਾਂ ਬੱਸ ਅੱਡਿਆਂ, ਸਕੂਲਾਂ, ਕਾਲਜਾਂ ਤੇ ਖੜ ਕੇ ਟਾਈਮ ਪਾਸ ਕਰ ਰਹੇ ਨੌਜੁਆਨਾਂ ਦੀ ਮੰਡੀਰ ਅਤੇ ਲੋਕਾਂ ‘ਤੇ ਵੀ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਕੀਤੀ। ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਮੌਸਮ ਦੇ ਮਿਜ਼ਾਜ ਨੂੰ ਖ਼ਾਸ ਧਿਆਨ ਵਿਚ ਰੱਖਦੇ ਹੋਏ ਟਰੈਕਟਰ ਟਰਾਲੀਆਂ ‘ਤੇ ਰੱਖੀ ਆਪਣੀ ਫ਼ਸਲ ਨੂੰ ਮੰਡੀਆਂ ਵਿਚ ਲੈ ਕੇ ਜਾਣ ਵੇਲੇ ਸੜਕੀ ਨਿਯਮਾਂ ਅਤੇ ਰਫਤਾਰ ਹੌਲੀ ਰੱਖਣ ਤਾਂ ਕਿ ਕਿਸੇ ਵੱਡੀ ਦੁਰਘਟਨਾ ਤੋਂ ਬਚਿਆ ਜਾ ਸਕੇ।
Punjab Post Daily Online Newspaper & Print Media