Friday, March 6, 2026

ਡੀ.ਸੀ ਡਾ. ਤ੍ਰਿਖਾ ਤੇ ਐਸ.ਐਸ.ਪੀ ਬਟਾਲਾ ਵੱਲੋਂ ਬਟਾਲਾ ਵਾਸੀਆਂ ਨਾਲ ਸਦਭਾਵਨਾ ਮੀਟਿੰਗ

PPN0711201502

ਬਟਾਲਾ, 7 ਨਵੰਬਰ (ਨਰਿੰਦਰ ਸਿੰਘ ਬਰਨਾਲ)-ਸਮਾਜ ਵਿੱਚ ਆਪਸੀ ਸਦਭਾਵਨਾ ਨੂੰ ਹੋਰ ਮਜਬੂਤ ਕਰਨ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਬਟਾਲਾ ਦੇ ਪੁਲਿਸ ਲਾਈਨ ਵਿਖੇ ਸਦਭਾਵਨਾ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਅਤੇ ਐੱਸ.ਐੱਸ.ਪੀ. ਬਟਾਲਾ ਸ. ਦਿਲਜਿੰਦਰ ਸਿੰਘ ਢਿਲੋਂ ਨੇ ਕੀਤੀ। ਇਸ ਮੀਟਿੰਗ ਵਿੱਚ ਐਸ.ਡੀ.ਐੱਮ ਬਟਾਲਾ ਸ੍ਰੀ ਸੌਰਵ ਅਰੋੜਾ, ਐੱਸ.ਪੀ ਜਤਿੰਦਰ ਸਿੰਘ ਮੰਡ, ਐੱਸ.ਪੀ. ਸੁਰਿੰਦਰ ਮਲਿਕ, ਡੀ.ਐਸ.ਪੀ. ਦਿਲਬਾਗ ਸਿੰਘ, ਡੀ.ਐਸ.ਪੀ ਹਰੀਸ਼ਰਨ ਸ਼ਰਮਾਂ, ਡੀ.ਐਸ.ਪੀ. ਜਗਵਿੰਦਰ ਸਿੰਘ ਸਮੇਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਵਰਗਾਂ, ਧਰਮਾਂ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।
ਸਦਭਾਵਨਾ ਕਮੇਟੀ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਕਿਹਾ ਕਿ ਕੁੱਝ ਸਮਾਜ ਵਿਰੋਧੀ ਮਾੜੇ ਅਨਸਰਾਂ ਵੱਲੋਂ ਸੂਬੇ ਦੇ ਆਪਸੀ ਭਾਈਚਾਰੇ ਅਤੇ ਮਿਲਵਰਤਣ ਦੀ ਸਾਂਝ ਨੂੰ ਖਰਾਬ ਕਰਨ ਦੇ ਮਕਸਦ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਸੂਬੇ ਅੰਦਰ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਕੋਝਾ ਯਤਨ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਦੁਖਦਾਈ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਦੁਖਾਂਤ ਘੜੀ ਵਿੱਚ ਸਮੂਹ ਜੱਥੇਬੰਦੀਆਂ, ਸੰਸਥਾਵਾਂ ਅਤੇ ਜ਼ਿਲ੍ਹੇ ਦੇ ਲੋਕਾਂ ਨੂੰ ਸੰਜਮ ਅਤੇ ਸ਼ਹਿਨਸੀਲਤਾ ਨਾਲ ਕੰਮ ਲੈਣਾ ਚਾਹੀਦਾ ਹੈ ਅਤੇ ਹਰ ਹੀਲੇ ਅਮਨ-ਸ਼ਾਂਤੀ ਤੇ ਫਿਰਕੂ ਸਦਭਾਵਨਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ।  ਡਿਪਟੀ ਕਮਿਸ਼ਨਰ ਡਾ. ਤ੍ਰਿਖਾ ਨੇ ਸ਼ੋਸਲ ਮੀਡੀਆ ‘ਤੇ ਸ਼ਰਾਰਤੀ ਅਨਸਰਾਂ ਵਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸੋਸਲ ਮੀਡੀਆ ਰਾਹੀਂ ਆਏ ਹਰ ਮੈਸੇਜ ਨੂੰ ਅਗਾਂਹ ਭੇਜਣ ਤੋਂ ਪਹਿਲਾਂ ਉਸ ਮੈਸੇਜ ਦੀ ਪੂਰੀ ਘੋਖ ਪੜਤਾਲ ਕੀਤੀ ਜਾਵੇ।ਉਨਾਂ ਸ਼ੋਸਲ ਮੀਡੀਆ ‘ਤੇ ਸ਼ਰਾਰਤੀ ਅਨਸਰਾਂ ਵਲੋਂ ਸਮਾਜ ਵਿਚ ਅਮਨ ਸਾਂਤੀ ਨੂੰ ਭੰਗ ਕਰਨ ਲਈ ਕੀਤੇ ਜਾ ਰਹੇ ਕੋਝੇ ਕਾਰਜਾਂ ਸਬੰਧੀ ਤਾੜਨਾ ਕਰਦਿਆਂ ਕਿਹਾ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਜੋ ਸਮਾਜ ਅੰਦਰ ਅਫਵਾਹਾਂ ਫੈਲਾਉਂਦੇ ਹਨ। ਡਾ. ਤ੍ਰਿਖਾ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਅੰਦਰ ਅਮਨ ਸਾਂਤੀ ਅਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਸਮੂਹ ਵਰਗਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਸਮਾਜ ਦੇ ਮੋਹਤਬਰ ਵਿਅਕਤੀਆਂ ਸਮੇਤ ਹਰ ਕਿਸੇ ਨੂੰ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਹਰ ਕੀਮਤ ‘ਤੇ ਅਮਨ-ਸ਼ਾਂਤੀ ਕਾਇਮ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਮਨ-ਸ਼ਾਂਤੀ ਤੇ ਫਿਰਕੂ ਸਦਭਾਨਵਾ ਹੀ ਕਿਸੇ ਵੀ ਸਮਾਜ, ਸੂਬੇ ਤੇ ਦੇਸ਼ ਦੀ ਤਰੱਕੀ ਦਾ ਅਧਾਰ ਹੈ ਅਤੇ ਤਰੱਕੀ ਤੇ ਖੁਸ਼ਹਾਲੀ ਲਈ ਸਾਨੂੰ ਸਾਰਿਆਂ ਨੂੰ ਆਪਸੀ ਸਦਭਾਵਨਾਂ ਨੂੰ ਕਾਇਮ ਰੱਖਣ ਲਈ ਕੰਮ ਕਰਨਾ ਚਾਹੀਦਾ ਹੈ।
ਮੀਟਿੰਗ ਦੌਰਾਨ ਬਟਾਲਾ ਜ਼ਿਲ੍ਹਾ ਪੁਿਲਸ ਮੁਖੀ ਸ. ਦਿਲਜਿੰਦਰ ਸਿੰਘ ਢਿਲੋਂ ਨੇ ਬੀਤੇ ਸਮੇਂ ਵਾਪਰੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆ ਕਿਹਾ ਕਿ ਜ਼ਿਲ੍ਹੇ ਅੰਦਰ ਅਮਨ-ਸਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਸਮੂਹ ਵਰਗਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਰੋਧੀ ਅਨਸਰਾਂ ਤੋਂ ਸੁਚੇਤ ਰਹਿਣ ਤਾਂ ਜੋ ਗਲਤ ਅਨਸਰ ਆਪਣੀਆਂ ਚਾਲਾਂ ‘ਚ ਕਾਮਯਾਬ ਨਾ ਹੋ ਸਕਣ। ਉਨ੍ਹਾਂ ਮੀਟਿੰਗ ਦੌਰਾਨ ਹਾਜ਼ਰ ਮੋਹਤਬਰਾਂ ਨੂੰ ਭਰੋਸਾ ਦਿਬਾਇਆ ਕਿ ਬਟਾਲਾ ਪੁਲਿਸ ਹਰ ਹੀਲੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਿਰਤੋੜ ਯਤਨ ਜਾਰੀ ਰੱਖੇਗੀ ਅਤੇ ਲੋਕ ਵੀ ਫਿਰਕੂ ਸਦਭਾਵਨਾਂ ਬਰਕਰਾਰ ਰੱਖਣ ਲਈ ਪੁਲਿਸ ਦਾ ਸਾਥ ਦੇਣ।
ਇਸ ਮੌਕੇ ਮੀਟਿੰਗ ਵਿਚ ਪਹੁੰਚੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਮੋਹਤਬਰ ਵਿਅਕਤੀਆਂ ਨੇ ਵੀ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਆਪਣੇ ਕੀਮਤੀ ਸੁਝਾਅ ਦਿੱਤੇ।ਸਮਾਜ ਸੇਵੀ, ਧਾਰਮਿਕ ਆਗੂਆਂ ਅਤੇ ਪਤਵੰਤੇ ਸੱਜਣਾਂ ਨੇ ਮੌਜੂਦਾ ਸਮੇਂ ਦੌਰਾਨ ਪੈਦਾ ਹੋਏ ਹਲਾਤਾਂ ਸਬੰਧੀ ਆਪਣੇ ਸੁਝਾਅ ਦਿੱਤੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਯਕੀਨ ਦਿਵਾਇਆ ਕਿ ਉਹ ਜ਼ਿਲ੍ਹੇ ਅੰਦਰ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਉਨ੍ਹਾਂ ਨੂੰ ਪੁਰਾ ਸਹਿਯੋਗ ਦੇਣਗੇ। ਇਸੇ ਦੌਰਾਨ ਲੋਕ ਗਾਇਕ ਭਜਨ ਸਿੰਘ ਮਲਕਪੁਰੀ ਵੱਲੋਂ ਫਿਰਕੂ ਸਦਭਾਵਨਾਂ ਸਬੰਧੀ ਖੂਬਸੂਰਤ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਹਰਮਨ ਗੋਰਾਇਆ, ਐੱਮ.ਡੀ. ਸ. ਤੱਤਲਾ, ਪ੍ਰਿੰਸੀਪਲ ਹਰਬੰਸ ਸਿੰਘ, ਮਾਸਟਰ ਕੁਲਦੀਪ ਸ਼ਰਮਾਂ, ਜੋਗਿੰਦਰ ਅੰਗੂਰਾਲਾ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਮੈਨੇਜਰ ਗੁਰਦੁਆਰਾ ਕੰਧ ਸਾਹਿਬ ਗੁਰਤਿੰਦਰਪਾਲ ਸਿੰਘ ਮਾਂਟੂ, ਵਿਜੇ ਤ੍ਰੇਹਨ, ਤ੍ਰਿਵੈਨੀ ਚੌਹਾਨ, ਨਾਨਕ ਸਿੰਘ ਤੋਂ ਇਲਾਵਾ ਵੱਖ-ਵੱਖ ਵਰਗਾਂ, ਧਰਮਾਂ ਤੇ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply