ਛੇਹਰਟਾ, 8 ਨਵੰਬਰ (ਸੁਖਬੀਰ ਖੁਰਮਨੀਆ) – ਅਧਿਆਪਕ ਯੋਗਤਾ ਪ੍ਰੀਖਿਆ (ਟੀਈਟੀ) ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਦੀ ਜਰੂਰੀ ਇਕੱਤਰਤਾ ਹੋਈ। ਟੀਈਟੀ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਦੇ ਜ਼ਿਲਾ੍ਹ ਪ੍ਰਧਾਨ ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਕੱਤਰਤਾ ਵਿਚ ਸੂਬਾ ਸਰਕਾਰ ਦੁਆਰਾ ਟੈਟ ਪਾਸ ਬੇਰੁਜ਼ਗਾਰਾਂ ਅਧਿਆਪਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਹੋਰ ਸੰਬੰਧਿਤ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹੱਕਾਂ ਦੀ ਪਾ੍ਰਪਤੀ ਲਈ ਸਰਕਾਰ ਨੂੰ ਜਗਾਉਣ ਲਈ ਭਵਿੱਖ ਲਈ ਰੂਪ-ਰੇਖਾ ਤਿਆਰ ਕੀਤੀ। ਜ਼ਿਲਾ੍ਹ ਪ੍ਰਧਾਨ ਬਿਕਰਮਜੀਤ ਸਿੰਘ ਨੇ ਹਾਜ਼ਰ ਬੇਰੁਜ਼ਗਾਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਚਾਰ ਵਾਰ ਟੈੱਟ ਦੀ ਪ੍ਰੀਖਿਆ ਲੈ ਕੇ ਕਰੋੜਾਂ ਰੁਪਏ ਇਕੱਠੇ ਕਰਨ ਦੇ ਬਾਵਜੂਦ ਵੀ ਕੇਵਲ 3500 ਦੇ ਕਰੀਬ ਅਧਿਆਪਕਾਂ ਨੂੰ ਬਹੁਤ ਥੋੜੇ ਵੇਤਨ ਤੇ ਨਿਯੁੱਕਤ ਕੀਤਾ ਹੈ ਜਦਕਿ ਸਿੱਖਿਆ ਵਿਭਾਗ ਵਿੱਚ ਹਜਾਰਾਂ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬੇਰੁਜ਼ਗਾਰਾਂ ਨੂੰ ਲਾਰੇ ਲਾ ਕੇ ਹਾਸੋ-ਹੀਣਾਂ ਮਜਾਕ ਕਰ ਰਹੀ ਹੈ, ਸਰਕਾਰ ਨੇ ਅਜੇ ਤੱਕ 2011 ਵਿਚ ਟੈੱਟ ਪਾਸ ਕਰਨ ਵਾਲਿਆਂ ਦੀ ਵੀ ਸਾਰ ਨਹੀਂ ਲਈ ਜਦਕਿ ਸਰਕਾਰ ਵੱਲੋਂ ਪੰਜਵੇਂ ਟੈੱਟ ਦਾ ਵੀ ਇਸ਼ਤਿਹਾਰ ਜਾਰੀ ਹੋ ਚੁੱਕਾ ਹੈ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕੋਲੋਂ ਆਪਣੀਆਂ ਹੱਕੀ ਮੰਗਾਂ ਮਨਾਉਣ ਲਈ ਸਾਨੂੰ ਇੱਜਮੁਠ ਹੋਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬੇਰੁਜ਼ਗਾਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਰੋਜ਼ਗਾਰ ਦੀ ਆਸ ਵਿਚ 2000 ਟੈੱਟ ਪਾਸ ਅਧਿਆਪਕ ਓਵਰਏਜ਼ ਨਾ ਹੁੰਦੇ। ਯੁਨੀਅਨ ਦੇ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀ ਜਿੰਦਗੀ ਨਾਲ ਖਿਲਵਾੜ ਨਾ ਕਰੇ। 15000 ਮਾਸਟਰ ਕੇਡਰ ਦੀਆਂ ਪੋਸਟਾਂ ਕੱਢੀਆਂ ਜਾਣ ਅਤੇ 5178 ਦੀ ਵੇਟਿੰਗ ਲਿਸਟ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media