Sunday, April 12, 2026

ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਭਾਸ਼ਣ ਮੁਕਾਬਲੇ ਕਰਵਾਏ ਗਏ

ਸੁਨੈਨਾ ਨੇ ਪਹਿਲਾ, ਪ੍ਰੇਰਣਾ ਨੇ ਦੂਜਾ ਅਤੇ ਦਾਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ

PPN0911201512ਸਮਰਾਲਾ, 9 ਨਵੰਬਰ (ਪ.ਪ.)- ਪਿਛਲੇ 17 ਸਾਲਾਂ ਤੋਂ ਪੜ੍ਹਾਈ ਦੇ ਉਥਾਨ ਅਤੇ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਵਾਲੀ ਸੰਸਥਾ ਜਿਸਦੀ ਸਥਾਪਨਾ ਸਵ: ਮਹਿਮਾ ਸਿੰਘ ਕੰਗ ਵੱਲੋਂ ਕੀਤੀ ਗਈ ਸੀ, ਵੱਲੋਂ ਇਸ ਸਾਲ ਨਵੰਬਰ ਮਹੀਨੇ ਦਾ ਪਹਿਲਾ ਹਫਤਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ‘ਪੰਜਾਬੀ ਸਪਤਾਹ’ ਵਜੋਂ ਮਨਾਇਆ ਗਿਆ, ਉਸ ਲੜੀ ਤਹਿਤ ਪਹਿਲਾ ਪ੍ਰੋਗਰਾਮ ਭਾਸ਼ਣ ਮੁਕਾਬਲੇ ਜਿਸ ਵਿੱਚ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਸਰਕਾਰੀ ਹਾਈ ਸਕੂਲ ਮਾਣੇਵਾਲ ਵਿਖੇ ਮੁੱਖ ਅਧਿਆਪਕਾ ਮੈਡਮ ਪਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਭਾਸ਼ਣ ਮੁਕਾਬਲੇ ਵਿੱਚ ਵਿਦਿਆਰਥੀਆਂ ਨੂੰ ਬੋਲਣ ਲਈ ਚਾਰ ਵਿਸ਼ੇ ‘ਮਾਂ-ਬੋਲੀ ਪੰਜਾਬੀ’, ‘ਇੰਟਰਨੈਟ ਅਤੇ ਮੋਬਾਇਲ ਦਾ ਵਿਦਿਆਰਥੀਆਂ ਤੇ ਪ੍ਰਭਾਵ’, ‘ਨਸ਼ਿਆਂ ਦੇ ਮਾੜੇ ਪ੍ਰਭਾਵ’ ਅਤੇ ‘ਪਾਣੀ ਦੀ ਸੁਚੱਜੀ ਵਰਤੋਂ’ ਵਿਸ਼ੇ ਦਿੱਤੇ ਗਏ ਸਨ, ਜਿਸ ਵਿੱਚ ਵੱਖ ਵੱਖ ਸਕੂਲਾਂ ਦੇ 26 ਵਿਦਿਆਰਥੀਆਂ ਨੇ ਭਾਗ ਲਿਆ। ਜਿਕਰਯੋਗ ਗੱਲ ਇਹ ਹੈ ਕਿ ਇਨ੍ਹਾਂ 26 ਵਿਦਿਆਰਥੀਆਂ ਵਿੱਚੋਂ 22 ਲੜਕੀਆਂ ਸਨ ਜਿਨ੍ਹਾਂ ਬੜੇ ਹੀ ਉਤਸ਼ਾਹ ਅਤੇ ਦ੍ਰਿੜਤਾ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ। ਜਿਨ੍ਹਾਂ ਨੂੰ ਸਭ ਨੇ ਸਲਾਹਿਆ। ਇਨ੍ਹਾਂ ਮੁਕਾਬਲਿਆਂ ਵਿੱਚ ਬਹੁਤ ਹੀ ਫਸਵਾਂ ਮੁਕਾਬਲੇ ਹੋਏ ਅਤੇ ਅਖੀਰ ਵਿੱਚ ਸਰਕਾਰੀ ਹਾਈ ਸਕੂਲ ਮਾਣੇਵਾਲ ਦੀ ਸੁਨੈਨਾ ਨੇ ਪਹਿਲਾ ਸਥਾਨ, ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਮਾਛੀਵਾੜਾ ਦੀ ਪ੍ਰੇਰਣਾ ਨੇ ਦੂਜਾ ਸਥਾਨ ਅਤੇ ਦਾਨ ਕੌਰ ਮੂਨ ਲਾਈਟ ਪਬਲਿਕ ਸਕੂਲ ਹੇਡੋਂ ਬੇਟ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਇਲਾਕੇ ਪ੍ਰਸਿੱਧ ਸਾਹਿਤਕਾਰ ਨਿਰੰਰਣ ਸੂਖਮ, ਬਲਕਾਰ ਸਿੰਘ ਅਤੇ ਜਸਵਿੰਦਰ ਸਿੰਘ ਦੁਆਰਾ ਨਿਭਾਈ ਗਈ। ਇਸ ਪ੍ਰੋਗਰਾਮ ਵਿੱਚ ਪੰਜਾਬੀ ਦੇ ਉੱਘੇ ਲੇਖਕ ਪ੍ਰੋ. ਹਮਦਰਵੀਰ ਨੌਸ਼ਹਿਰਵੀ ਅਤੇ ਪ੍ਰਿੰਸੀਪਲ ਨਵਤੇਜ ਸ਼ਰਮਾ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਮਾਛੀਵਾੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮੰਚ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਬੱਚਿਆਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਸਾਨੂੰ ਇਨ੍ਹਾਂ ਬੱਚਿਆਂ ਤੋਂ ਹੀ ਪ੍ਰੇਰਣਾ ਲੈ ਕੇ ਚੱਲਣਾ ਚਾਹੀਦਾ ਹੈ, ਜਿਸ ਤਰ੍ਹਾਂ ਦੇ ਉਹ ਸਮਾਜ ਦੇ ਚਿੰਤਤ ਵਿਸ਼ੇ ਲੈ ਕੇ ਬੋਲਦੇ ਹਨ, ਉਨ੍ਹਾਂ ਦੇ ਬੋਲਾਂ ਅੰਦਰ ਸਾਡੀ ਮਾਂ ਬੋਲੀ ‘ਪੰਜਾਬੀ’ ਦੀ ਤ੍ਰਾਸਦੀ ਦਾ ਦਰਦ ਬੋਲਦਾ ਹੈ। ਮੰਚ ਦੇ ਪ੍ਰਧਾਨ ਸ੍ਰੀ ਵਿਜੈ ਕੁਮਾਰ ਸ਼ਰਮਾ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਇਸ ਮੰਚ ਦੇ ਸਾਰੇ ਮੈਂਬਰ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਕੰਮ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ। ਉਨ੍ਹਾਂ ਸਰਕਾਰੀ ਹਾਈ ਸਕੂਲ ਮਾਣੇਵਾਲ ਦੇ ਮੁੱਖ ਅਧਿਆਪਕ ਮੈਡਮ ਪਰਮਿੰਦਰ ਕੌਰ, ਮੱਖਣ ਸਿੰਘ, ਚਰਨਜੀਤ ਸਿੰਘ ਅਤੇ ਬਾਕੀ ਸਮੂਹ ਸਟਾਫ ਅਤੇ ਪਿੰਡ ਦੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਅਤੇ ਸਕੂਲ ਵਿੱਚ ਅਨੁਸਾਸ਼ਨ ਅਤੇ ਸਕੂਲ ਦੇ ਵਧੀਆ ਵਾਤਾਵਰਨ ਦੀ ਸ਼ਲਾਘਾ ਕੀਤੀ। ਇਸ ਮੌਕੇ ਮੰਚ ਦੇ ਹੋਰ ਮੈਂਬਰ ਜਿਨ੍ਹਾਂ ਵਿੱਚ ਦਰਸ਼ਨ ਸਿੰਘ ਕੰਗ, ਪ੍ਰੇਮ ਨਾਥ, ਰਘਵੀਰ ਸਿੰਘ ਸਿੱਧੂ, ਸੁਰਿੰਦਰ ਵਰਮਾ, ਹਰਦਮਨਦੀਪ ਸਿੰਘ ਨਾਗਰਾ, ਸਤਿੰਦਰ ਸਿੰਘ ਸਮਰਾਲਾ, ਕਮਲਜੀਤ ਘੁੰਗਰਾਲੀ ਸਿੱਖਾਂ, ਇੰਦਰਜੀਤ ਸਿੰਘ ਕੰਗ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਮੰਚ ਦੇ ਪ੍ਰਧਾਨ ਅਤੇ ਆਏ ਮਹਿਮਾਨਾਂ ਵੱਲੋਂ ਜੇਤੂ ਬੱਚਿਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ। ਮੰਚ ਵੱਲੋਂ ਸਕੂਲ ਲਈ ਅਤੇ ਜੱਜ ਸਾਹਿਬਾਨ ਲਈ ਯਾਦਗਾਰੀ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਭਾਸ਼ਣ ਮੁਕਾਬਲੇ ਲਈ ਰਾਜੇਸ਼ ਕੁਮਾਰ ਉਟਾਲਾਂ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply