ਸਮਰਾਲਾ, 9 ਨਵੰਬਰ (ਪ.ਪ.)- ਜਿਵੇਂ ਕਿਹਾ ਜਾਂਦਾ ਹੈ ਕਿ ਸਰੀਰਕ ਯੋਗਤਾ ਉਮਰ ਨਾਲ ਨਹੀਂ ਮਾਪੀ ਜਾ ਸਕਦੀ, ਸਗੋਂ ਸਰੀਰਕ ਤੰਦਰੁਸਤੀ ਨਾਲ ਮਾਪੀ ਜਾਂਦੀ ਹੈ, ਇਹ ਸਾਰੀ ਗੱਲ ਇੱਥੋਂ ਨਜ਼ਦੀਕੀ ਪਿੰਡ ਮਾਦਪੁਰ ਦੇ 67 ਸਾਲਾ ਨੌਜਵਾਨ ਹਰਭਜਨ ਸਿੰਘ ਤੇ ਪੂਰੀ ਤਰ੍ਹਾਂ ਢੁੱਕਦੀ ਹੈ ਜਿਨ੍ਹਾਂ ਨੇ ਇੱਕ ਵਾਰ ਫਿਰ ਸਮਰਾਲੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਪਿਛਲੇ ਦਿਨੀਂ 36ਵੀਂ ਪੰਜਾਬ ਮਾਸਟਰ ਐਥਲੈਟਿਕਸ ਮੀਟ ਮਾਸਤੂਆਣਾ ਸਾਹਿਬ (ਸੰਗਰੂਰ) ਵਿਖੇ ਸੰਪਨ ਹੋਈਆਂ। ਜਿਸ ਵਿੱਚ 65 ਸਾਲ ਉਪਰ ਉਮਰ ਦੇ ਨੌਜਵਾਨ ਭਾਗ ਲੈਂਦੇ ਹਨ। ਇਨ੍ਹਾਂ ਖੇਡਾਂ ਵਿੱਚ ਹਰਭਜਨ ਸਿੰਘ ਮਾਦਪੁਰ ਨੇ ਭਾਗ ਲੈ ਕੇ 400 ਮੀਟਰ ਅਤੇ 800 ਮੀਟਰ ਰੇਸ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਮਰਾਲੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਇਨ੍ਹਾਂ ਨੇ 200 ਮੀਟਰ ਰੇਸ ਵਿੱਚ ਤੀਜਾ ਸਥਾਨ ਹਾਸਲ ਕੀਤਾ। ਹਰਭਜਨ ਸਿੰਘ ਮਾਦਪੁਰ ਪਿਛਲੇ ਸੱਤ ਸਾਲਾਂ ਤੋਂ ਇਨ੍ਹਾਂ ਵੈਟਰਨ ਚੰਡੀਗੜ੍ਹ, ਪੰਜਾਬ ਅਤੇ ਨੈਸ਼ਨਲ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਆ ਰਹੇ ਹਨ। ਉਹ ਇਨ੍ਹਾਂ ਖੇਡਾਂ ਵਿੱਚ ਪਹਿਲਾ ਜਾਂ ਦੂਜਾ ਸਥਾਨ ਹਾਸਲ ਕਰਕੇ ਸਮਰਾਲਾ ਇਲਾਕੇ ਦਾ ਹਰੇਕ ਸਾਲ ਨਾਂ ਉੱਚਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਬੇਸ਼ੱਕ ਅਜੇ ਤੱਕ ਉਨ੍ਹਾਂ ਦੀ ਸਰਕਾਰੇ ਦਰਬਾਰੇ ਕੋਈ ਪੁੱਛ ਨਹੀਂ ਪਈ, ਪ੍ਰੰਤੂ ਇਸ ਤਰ੍ਹਾਂ ਦੀਆਂ ਖੇਡਾਂ ਵਿੱਚ ਭਾਗ ਲੈ ਕੇ ਮਨ ਨੂੰ ਸਕੂਨ ਜਰੂਰ ਮਿਲਦਾ ਹੈ ਅਤੇ ਆਪਣੀ ਸਿਹਤ ਵਧੀਆ ਰੱਖਕੇ ਦੇਸ਼ ਅਤੇ ਇਲਾਕੇ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਪੰਜਾਬ ਸਰਕਾਰ ਸਿਰਫ ਅਖਬਾਰੀ ਬਿਆਨਾਂ ਵਿੱਚ ਹੀ ਖੇਡਾਂ ਅਤੇ ਬਜੁਰਗਾਂ ਦੀ ਸਾਂਭ ਸੰਭਾਲ ਦੀਆਂ ਗੱਲਾਂ ਕਰ ਰਹੀ ਹੈ, ਅਮਲੀ ਜਾਮੇ ਵਿੱਚ ਕੁਝ ਨਹੀਂ ਹੋ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਨੈਸ਼ਨਲ ਮਾਸਟਰ ਐਥਲੈਟਿਕਸ ਮੀਟ ਜੋ ਅਗਲੇ ਸਾਲ 5 ਤੋਂ 9 ਜਨਵਰੀ ਤੱਕ ਭੋਪਾਲ ਵਿਖੇ ਹੋ ਰਹੀਆਂ ਹਨ, ਉਨ੍ਹਾਂ ਵਿੱਚ ਵੀ ਉਹ ਮੈਡਲ ਜਿੱਤ ਕੇ ਲਿਆਉਣਗੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media