
ਅੰਮ੍ਰਿਤਸਰ, 14 ਨਵੰਬਰ ( ਜਗਦੀਪ ਸਿੰਘ ਸੱਗੂ) – ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਲਈ ਜਿਥੇ ਹਰ ਸਾਲ ਸਕੂਲਾਂ ਕਾਲਜ਼ਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾਂਦੇ ਹਨ।ਗਰੀਨ ਅਤੇ ਵਾਤਾਵਰਣ ਹਿਤੈਸ਼ੀ ਦਿਵਾਲੀ ਮਨਾਉਣ ਦਾ ਹੋਕਾ ਦਿੱਤਾ ਜਾਂਦਾ ਹੈ।ਉੇਥੇ ਜਿਲਾ ਪ੍ਰਸਾਸ਼ਨ ਵਲੋਂ ਵੀ ਆਤਿਸ਼ਬਾਜ਼ੀ ਦੀ ਵਿਕਰੀ ਨੂੰ ਕੰਟਰੋਲ ਕਰਨ ਲਈ ਪਾਬੰਦੀਆਂ ਲਾਗੂ ਕਰਨ ਸਬੰਧੀ ਅਖਬਾਰਾਂ ਵਿੱਚ ਖਬਰਾਂ ਛਪਵਾਈਆਂ ਜਾਂਦੀਆਂ ਹਨ।ਆਤਿਸ਼ਬਾਜੀ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਅਤੇ ਸ਼ਹਿਰੀਆਂ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਆਤਿਸ਼ਬਾਜੀ ਦੀ ਵਿਕਰੀ ਲਈ ਕਿਸੇ ਖੁੱਲੇ ਸਥਾਨ ਦੀ ਚੋਣ ਕਰਕੇ ਉਥੇ ਲੱਗੀਆਂ ਦੁਕਾਨਾਂ ਲਗਾਈਆਂ ਜਾਂਦੀਆਂ ਹਨ।
ਲੇਕਿਨ ਇਹ ਕੋਸ਼ਿਸ਼ਾਂ ਉਸ ਸਮੇਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ, ਜਦ ਦਿਵਾਲੀ ਤੋਂ ਦੋ ਦਿਨ ਪਹਿਲਾਂ ਸ਼ਹਿਰ ਦੀਆਂ ਗਲੀਆਂ ਬਜਾਰਾਂ ਵਿੱਚ ਸਥਿਤ ਕਰਿਆਨੇ ਤੇ ਮੁਨਿਆਰੀ ਦੀਆਂ ਦੁਕਾਨਾਂ ਦੇ ਅੱਗੇ ਬੈਂਚ ਜਾਂ ਫੋਲਡਿੰਗ ਮੰਜ਼ੇ ਲਗਾ ਕੇ ਆਤਿਸ਼ਬਾਜ਼ੀ ਸ਼ਰੇਆਮ ਵੇਚੀ ਜਾਂਦੀ ਅਤੇ ਪ੍ਰਸਾਸ਼ਨ ਵਲੋਂ ਜਾਰੀ ਕੀਤੇ ਗਏ ਨਿਰਦੇਸ਼ ਅਣਦੇਖੇ ਕਰ ਦਿੱਤੇ ਜਾਂਦੇ ਹਨ।ਸੜਕਾਂ ਤੇ ਗਲੀਆਂ ਵਿੱਚ ਵਿਕਦੀ ਆਤਿਸ਼ਬਾਜ਼ੀ ਤਿਓਹਾਰ ਵਾਲੇ ਦਿਨ ਵੀ ਜਾਰੀ ਰਹਿੰਦੀ ਹੈ, ਜਦ ਲੋਕਾਂ ਵਲੋਂ ਚਲਾਏ ਜਾਂਦੇ ਪਟਾਕੇ, ਅਨਾਰ ਅਤੇ ਹਵਾਈਆਂ ਆਤਿਸ਼ਬਾਜ਼ੀ ਦੇ ਸਟਾਲਾਂ ‘ਤੇ ਡਿੱਗਣ ਨਾਲ ਵੱਡੇ ਹਾਦਸੇ ਦਾ ਕਾਰਣ ਬਣ ਸਕਦੀਆਂ ਹਨ। ਇਸ ਵਾਰ ਵੀ ਦਿਵਾਲੀ ਦੇ ਅਵਸਰ ‘ਤੇ ਗੁਰੂ ਨਗਰੀ ਅੰਮ੍ਰਿਤਸਰ ਦੇ ਭੀੜ ਭੜੱਕੇ ਵਾਲੇ ਬਜਾਰਾਂ ਗਲੀਆਂ, ਮੁਹੱਲਿਆਂ ਵਿੱਚ ਦੁਕਾਨਦਾਰਾਂ ਵਲੋਂ ਆਤਿਸ਼ਬਾਜ਼ੀ ਸ਼ਰੇਆਮ ਨਿਡਰ ਹੋ ਕੇ ਵੇਚੀ ਗਈ।ਇਸ ਸਮੇਂ ਜਿਥੇ ਦਿਵਾਲੀ ਦੇ ਤਿਓਹਾਰ ਤੋਂ ਪਹਿਲਾਂ ਕੀਤੀਆਂ ਗਈਆਂ ਤਿਆਰੀਆਂ ਦੀਆਂ ਧੱਜੀਆਂ ਉਡੀਆਂ, ਉਸ ਦਾ ਪ੍ਰਸਾਸ਼ਨ ਨੇ ਕੋਈ ਨੋਟਿਸ ਨਹੀਂ ਲਿਆ ਅਤੇ ਆਤਿਸ਼ਬਾਜ਼ੀ ਦੀ ਸ਼ਰੇਆਮ ਹੁੰਦੀ ਵਿਕਰੀ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।ਰੱਬ ਦਾ ਸ਼ੁਕਰ ਇਹ ਰਿਹਾ ਕਿ ਇਸ ਵਾਰ ਅੰਮ੍ਰਿਤਸਰ ਵਿੱਚ ਆਤਿਸ਼ਬਾਜ਼ੀ ਤੋਂ ਕੋਈ ਅਗਜ਼ਨੀ ਵਗੈਰਾ ਦੀ ਘਟਨਾ ਨਹੀਂ ਵਾਪਰੀ, ਕਿਉਂਕਿ ਅਜਿਹੇ ਹਾਲਾਤਾਂ ਵਿੱਚ ਲੋਕਾਂ ਦਾ ਰੱਬ ਹੀਰਾਖਾ ਹੁੰਦਾ ਹੈ। ।
ਸਰਕਾਰ ਦੀ ਇਸ ਗੈਰ ਜਿੰਮੇਦਾਰੀ ‘ਤੇ ਅਫਸੋਸ ਦਾ ਇਜ਼ਹਾਰ ਕਰਦਿਆਂ ਸਮਾਜਸੇਵੀ ਦਲਜੀਤ ਸਿੰਘ ਕੋਹਲੀ ਅਤੇ ਕੁਲਵੰਤ ਸਿੰਘ ਅਣਖੀ ਨੇ ਕਿਹਾ ਹੈ ਕਿ ਜੇਕਰ ਪ੍ਰਸਾਸ਼ਨ ਨੇ ਜਾਰੀ ਕੀਤੀਆਂ ਪਾਬੰਦੀਆਂ ਅਤੇ ਹਦਾਇਤਾਂ ‘ਤੇ ਅਮਲ ਨਹੀਂ ਕਰਨਾ ਹੁੰਦਾ ਤਾਂ ਅਜਿਹੇ ਦਿਸ਼ਾ ਨਿਰਦੇਸ਼ ਜਾਰੀ ਹੀ ਨਹੀਂ ਕਰਨੇ ਚਾਹੀਦੇ।ਉਨਾਂ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਵਲੋਂ ਆਪਣੇ ਤੌਰ ਆਤਿਸ਼ਬਾਜ਼ੀ ਅਤੇ ਇਸ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ, ਪਰ ਲੋਕਾਂ ਦਾ ਨਾਹਪੱਖੀ ਹੁੰਗਾਰਾ ਜਿਥੇ ਪ੍ਰਦੂਸ਼ਣ ਵਧਾਉਣ ਦਾ ਕਾਰਣ ਬਣਦਾ ਹੈ, ਉਥੇ ਪ੍ਰਸਾਸ਼ਨ ਦੀ ਅਣਗਹਿਲੀ ਹਾਦਸਿਆਂ ਨੂੰ ਸੱਦਾ ਦਿੰਦੀ ਹੈ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media