Friday, March 6, 2026

ਦਿੱਲੀ ਕਮੇਟੀ ਨੇ ਫੂਲਕਾ ਨੂੰ ਚਕਮਾਂ ਦਿੰਦਿਆਂ ਟਾਈਟਲਰ ਦੇ ਖਿਲਾਫ਼ ਨਵਾਂ ਕਾਨੂੰਨੀ ਦਾਅ ਖੇਡਿਆ

ਮਾਮਲਾ ਸੀ.ਬੀ.ਆਈ ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਦੇਣ ਦਾ

PPN1711201506

ਨਵੀਂ ਦਿੱਲੀ, 17 ਨਵੰਬਰ (ਅੰਮ੍ਰਿਤ ਲਾਲ ਮੰਨਣ)- 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ. ਵੱਲੋਂ ਬੀਤੇ ਵਰ੍ਹੇ ਤੀਜ਼ੀ ਵਾਰ ਦਿੱਤੀ ਗਈ ਕਲੀਨ ਚਿੱਟ ਦੇ ਬਾਵਜ਼ੂਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਨੂੰਨੀ ਮੋਰਚਾਬੰਦੀ ਨਾਲ ਸਰਗਰਮ ਅਤੇ ਜੁਝਾਰੂ ਭੂਮਿਕਾ ਸਦਕਾ ਟਾਈਟਲਰ ਦੀ ਕਾਨੂੰਨੀ ਸ਼ਿਕੰਜੇ ਤੋਂ ਭੱਜਣ ਦੀ ਆਸ ਲਗਭਗ ਅੱਜ ਖ਼ਤਮ ਹੋ ਗਈ।ਕੜਕੜਡੂਮਾ ਕੋਰਟ ਦੇ ਬਾਹਰ ਪੱਤਰਕਾਰਾਂ ਨੂੰ ਮਾਮਲੇ ਦਾ ਵੇਰਵਾ ਦਿੰਦਿਆਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਉਕਤ ਦਾਅਵਾ ਕੀਤਾ।
ਜੀ. ਕੇ. ਨੇ ਸੀ.ਬੀ.ਆਈ ਵੱਲੋਂ ਪਿਛਲੇ ਵਰ੍ਹੇ ਟਾਈਟਲਰ ਨੂੰ ਕਲੀਨ ਚਿੱਟ ਦੇਣ ਤੋਂ ਬਾਅਦ ਸੀ.ਬੀ.ਆਈ ਹੈਡਕੁਆਟਰ ਤੇ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਮੁੂਜ਼ਾਹਰੇ ਦਾ ਹਵਾਲਾ ਦਿੰਦੇ ਹੋਏ ਅਕਾਲੀ ਦਲ ਵੱਲੋਂ ਕਿਸੇ ਵੀ ਕੀਮਤ ਤੇ ਸੀ.ਬੀ.ਆਈ ਦੀ ਗਲਤ ਦਲੀਲ ਨੂੰ ਕਾਨੂੰਨੀ ਮਾਨਤਾ ਨਾ ਮਿਲਣ ਤਕ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਵੀ ਐਲਾਨ ਕੀਤਾ। ਸੈਂਕੜੇ ਪਾਰਟੀ ਕਾਰਕੂਨਾ ਅਤੇ ਦਿੱਲੀ ਕਮੇਟੀ ਮੈਂਬਰਾਂ ਨਾਲ ਕੋਰਟ ਪੁੱਜੇ ਜੀ.ਕੇ ਨੇ ਬੀਤੇ ਦਿਨੀ ਪੀੜਿਤ ਲਖਵਿੰਦਰ ਕੌਰ ਤੇ ਦਿੱਲੀ ਕਮੇਟੀ ਦੇ ਵਕੀਲਾਂ ਵੱਲੋਂ ਆਪਣੀ ਜਾਂਚ ਦੌਰਾਨ ਸੀ.ਬੀ.ਆਈ ਦੀ ਲਾਪਰਵਾਹੀ ਦਾ ਕੱਚਾ ਚਿੱਠਾ ਇੱਕ ਪਟੀਸ਼ਨ ਰਾਹੀਂ ਸੀ.ਬੀ.ਆਈ. ਖਿਲਾਫ ਦਾਖਿਲ ਕਰਨ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ ਨੇ ਫੂਲਕਾ ਦੀਆਂ ਇਸ ਕੇਸ ਵਿੱਚ ਸੀਨੀਅਰ ਵਕੀਲ ਵੱਜੋਂ ਦਿੱਤੀਆਂ ਗਈਆਂ ਦਲੀਲਾਂ ਨੂੰ ਕਮਜੋਰ ਸਮਝਦੇ ਹੋਏ, ਉਕਤ ਪਟੀਸ਼ਨ ਕਾਤਿਲ ਟਾਈਟਲਰ ਨੂੰ ਕਾਨੂੰਨੀ ਸਿਕੰਜ਼ੇ ਵਿੱਚ ਫਸਾਉਣ ਵਾਸਤੇ ਦਾਖਲ ਕਰਨ ਦਾ ਵੀ ਦਾਅਵਾ ਕੀਤਾ। ਸੀ.ਬੀ.ਆਈ ਦੇ ਵਕੀਲ ਵੱਲੋਂ ਅੱਜ ਕੋਰਟ ਵਿੱਚ ਦਿੱਲੀ ਕਮੇਟੀ ਦੀ ਪਟੀਸ਼ਨ ਤੇ ਦਾਖਲ ਕੀਤੇ ਗਏ ਜਵਾਬ ਦੀ ਵੀ ਜੀ.ਕੇ ਨੇ ਤਾਰੀਫ਼ ਕੀਤੀ।
ਅੱਜ ਸੀ.ਬੀ.ਆਈ ਵੱਲੋਂ ਇਸ ਮਸਲੇ ਤੇ ਨਵੇਂ ਸਾਹਮਣੇ ਆਏ ਤੱਥਾਂ ਦੀ ਪੜਤਾਲ ਲਈ ਅਦਾਲਤ ਵੱਲੋਂ ਸਮਾਂ ਦੇਣ ਦੇ ਨਾਲ ਹੀ ਗੰਭੀਰਤਾ ਨਾਲ ਜਾਂਚ ਕਰਨ ਦਾ ਵੀ ਗੱਲ ਕਹੀ ਗਈ ਹੈ। ਕੋਰਟ ਵੱਲੋਂ ਫੈਸਲਾ ਸੁਣਾਏ ਜਾਣ ਦੀ ਉਮੀਦ ਲੈ ਕੇ ਅੱਜ ਪੁੱਜੇ ਫੂਲਕਾ ਵੱਲੋਂ ਦਿੱਲੀ ਕਮੇਟੀ ਵੱਲੋਂ ਬਿਨਾਂ ਫੂਲਕਾ ਨੂੰ ਦੱਸੇ ਦਾਇਰ ਕੀਤੀ ਗਈ ਪਟੀਸ਼ਨ ‘ਤੇ ਜਾਹਿਰ ਕੀਤੀ ਗਈ ਨਰਾਜ਼ਗੀ ਦੇ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜੀ.ਕੇ ਨੇ ਉਲਟਾ ਫੂਲਕਾ ‘ਤੇ ਹੀ ਤਿੱਖਾ ਸ਼ਬਦੀ ਹਮਲਾ ਬੋਲ ਦਿੱਤਾ। ਜੀ.ਕੇ ਨੇ ਕਿਹਾ ਕਿ ਇਸ ਕੇਸ ਵਿੱਚ ਕਮੇਟੀ ਦੇ ਤਿੰਨ ਵਕੀਲਾਂ ਗੁਰਬਖਸ਼ ਸਿੰਘ, ਲਖਮੀਚੰਦ ਤੇ ਕਾਮਨਾ ਵੋਹਰਾ ਨੂੰ ਲੜਨ ਲਈ ਲਗਾਇਆ ਹੋਇਆ ਹੈ।ਇਸ ਲਈ ਹਰ ਚੀਜ਼ ਬਾਰੇ ਫੂਲਕਾ ਦੀ ਰਾਇ ਲਈ ਜਾਵੇ ਇਹ ਜਰੂਰੀ ਨਹੀਂ ਹੈ। ਜੀ.ਕੇ ਨੇ ਫੂਲਕਾ ਨੂੰ ਇਸ ਮਸਲੇ ਤੇ ਸਿਆਸ਼ਤ ਨਾ ਖੇਡਦੇ ਹੋਏ ਕੌਮ ਦੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਦਿੱਲੀ ਕਮੇਟੀ ਦੀਆਂ ਬਾਹ ਬਣ ਕੇ ਕਾਰਜ਼ ਕਰਨ ਦੀ ਅਪੀਲ ਕੀਤੀ।
ਸਿਰਸਾ ਨੇ ਸੀ.ਬੀ.ਆਈ ਵੱਲੋਂ ਅੱਜ ਦਾਖਿਲ ਕੀਤੇ ਗਏ ਜਵਾਬ ਦੀ ਸ਼ਲਾਘਾ ਕਰਦੇ ਹੋਏ ਫੂਲਕਾ ਤੇ ਉਕਤ ਕੇਸ ਵਿੱਚ ਸਿਆਸੀ ਲਾਹਾ ਖੱਟਣ ਲਈ ਕੌਮੀ ਸਾਧਨਾਂ ਦੀ ਦੁਰਵਰਤੋਂ ਕਰਨ ਦਾ ਵੀ ਦੋਸ਼ ਲਗਾਇਆ।ਸਿਰਸਾ ਨੇ ਫੈਸਲਾ ਆਉਣ ਦੀ ਉਡੀਕ ਕਰਨ ਤੋਂ ਪਹਿਲਾਂ ਫੂਲਕਾ ਵੱਲੋਂ ਕੱਲ ਜਾਰੀ ਕੀਤੇ ਗਏ ਪ੍ਰੈਸ ਨੋਟ ਅਤੇ ਅੱਜ ਸੀ.ਬੀ.ਆਈ ਅਤੇ ਕੋਰਟ ਦੇ ਖਿਲਾਫ਼ ਆਮ ਆਦਮੀ ਪਾਰਟੀ ਦੇ ਕਾਰਕੁਨਾ ਵੱਲੋਂ ਹਾਇ-ਹਾਇ ਦੇ ਨਾਅਰੇ ਲਿਖੀਆਂ ਤਖਤੀਆਂ ਲੈ ਕੇ ਕੋਰਟ ਕੰਪਲੈਕਸ ਦੇ ਬਾਹਰ ਪੁੱਜਣ ਤੇ ਸਵਾਲ ਵੀ ਖੜੇ ਕੀਤੇ। ਸਿਰਸਾ ਨੇ ਸਵਾਲ ਕੀਤਾ ਕਿ ਫੂਲਕਾ ਬੀਤੇ 31 ਸਾਲਾਂ ਤੋਂ ਉਕਤ ਕੇਸਾਂ ਵਿੱਚ ਲਗਾਤਾਰ ਮਿਲ ਰਹੀ ਜਬਰਦਸਤ ਹਾਰ ਨੂੰ ਉਕਤ ਕੇਸ ਵਿਚ ਵੀ ਮਾਨਸਿਕ ਤੌਰ ਤੇ ਕੱਲ ਸ਼ਾਮ ਨੂੰ ਸਵੀਕਾਰ ਕਰ ਚੁੱਕੇ ਸਨ? ਫੂਲਕਾ ਵੱਲੋਂ ਬੀਤੇ ਕੁੱਝ ਦਿਨਾਂ ਤੋਂ ਅਕਾਲੀ ਦਲ ਦੇ ਖਿਲਾਫ਼ ਕੀਤੀ ਜਾ ਰਹੀ ਦੂਸ਼ਣਬਾਜ਼ੀ ਨੂੰ ਸਿਰਸਾ ਨੇ ਫੂਲਕਾ ਦੇ ਲੁੱਕਵੇਂ ਏਜੰਡੇ ਦਾ ਹਿੱਸਾ ਦੱਸਦੇ ਹੋਏ ਹਰ ਹਾਲਾਤ ਵਿੱਚ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਸੰਗਤਾਂ ਅੱਗੇ ਵੱਚਨਬੱਧਤਾ ਵੀ ਦੋਹਰਾਈ।  ਇਸ ਕੇਸ ਵਿੱਚ ਫੈਸਲਾ ਕੀ ਹੁੰਦਾ ਹੈ ਉਹ ਹੁਣ ਬੇਸ਼ਕ ਸੀ.ਬੀ.ਆਈ ਦੀ ਅਗਲੀ ਜਾਂਚ ‘ਤੇ ਨਿਰਧਾਰਤ ਹੋਵੇਗਾ ਪਰ ਦਿੱਲੀ ਕਮੇਟੀ ਨੇ ਫੂਲਕਾ ਦੇ ਖਿਲਾਫ਼ ਸ਼ੱਕ ਦੀ ਸੂਈ ਘੁਮਾ ਕੇ ਫੂਲਕਾ ਦੀ ਕਮਜੋਰ ਕਾਨੂੰਨੀ ਚਾਰਾਜ਼ੋਈ ਨੂੰ ਨਸ਼ਰ ਕਰਨ ਦੇ ਨਾਲ ਹੀ ਅਕਾਲੀ ਦਲ ਤੇ ਹਮਲਾ ਕਰਨ ਨੂੰ ਤਿਆਰ ਬੈਠੇ ਫੂਲਕਾ ਦੇ ਸਿਆਸੀ ਤੀਰ ਤੋੜ ਦਿੱਤੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply