ਸ. ਮਜੀਠੀਆ ਵੱਲੋਂ ਗਿ: ਚਰਨਾਮ ਸਿੰਘ ਦੀ ਯਾਦਗਾਰ ਲਈ 11 ਲੱਖ ਦੇਣ ਦਾ ਐਲਾਨ
ਬਟਾਲਾ, 17 ਨਵੰਬਰ (ਨਰਿੰਦਰ ਸਿੰਘ ਬਰਨਾਲ)- ਨਾਨਕਸਰ ਸੰਪਰਦਾ ਦੇ ਮੁੱਖੀ ਬਾਬਾ ਲੱਖਾ ਸਿੰਘ ਜੀ ਦੇ ਪੂਜਨੀਕ ਪਿਤਾ ਗਿਆਨੀ ਚਰਨਾਮ ਸਿੰਘ ਜੋ ਕਿ ਪਿਛਲੇ ਦਿਨੀਂ ਪਰਲੋਕ ਸਿਧਾਰ ਗਏ ਸਨ ਦੇ ਨਮਿਤ ਅੱਜ ਅੰਤਿਮ ਅਰਦਾਸ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਪਿੰਡ ਬੋਪਾਰਏ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਊਧਨਵਾਲ ਵਿਖੇ ਗਿਆਨੀ ਚਰਨਾਮ ਸਿੰਘ ਜੀ ਦੀ ਯਾਦ ਵਿੱਚ ਧਾਰਮਿਕ ਦੀਵਾਨ ‘ਤੇ ਸ਼ਰਧਾਂਜਲੀ ਸਮਾਰੋਹ ਕਰਾਇਆ ਗਿਆ। ਸਵਰਗਵਾਸੀ ਗਿਆਨੀ ਚਰਨਾਮ ਸਿੰਘ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਸਮੇਤ ਵੱਡੀ ਗਿਣਤੀ ‘ਚ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖਸ਼ੀਅਤਾਂ ਸ਼ਾਮਲ ਹੋਈਆਂ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਸਮੇਤ ਵੱਖ-ਵੱਖ ਕੀਰਤਨੀ ਜਥਿਆਂ ਨੇ ਵੈਰਾਗਮਈ ਇਲਾਹੀ ਬਾਣੀ ਦਾ ਰਸ-ਭਿੰਨਾ ਗੁਣਗਾਨ ਕੀਤਾ।
ਗਿਆਨੀ ਚਰਨਾਮ ਸਿੰਘ ਜੀ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਸਪੁੱਤਰ ਬਾਬਾ ਲੱਖਾ ਸਿੰਘ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਪੂ ਚਰਨਾਮ ਸਿੰਘ ਜੀ ਦਾ ਅਕਾਲ ਚਲਾਣਾ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਹੈ ਉਥੇ ਸੰਗਤ ਵੀ ਇੱਕ ਨੇਕ ਰੂਹ ਤੋਂ ਵਿਰਵੀ ਹੋ ਗਈ ਹੈ। ਸ. ਮਜੀਠੀਆ ਨੇ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾ ‘ਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਸ. ਮਜੀਠੀਆ ਨੇ ਬਾਪੂ ਚਰਨਾਮ ਸਿੰਘ ਦੀ ਯਾਦਗਾਰ ਬਣਾਉਣ ਲਈ ਪਿੰਡ ਬੋਪਾਰਾਏ ਨੂੰ 11 ਲੱਖ ਰੁਪਏ ਦੀ ਗ੍ਰਾਂਟ ਆਪਣੇ ਅਖਤਿਆਰੀ ਕੋਟੇ ‘ਚ ਦੇਣ ਦਾ ਐਲਾਨ ਵੀ ਕੀਤਾ। ਇਸੇ ਦੌਰਾਨ ਕੈਬਨਿਟ ਮੰਤਰੀ ਸ. ਸ਼ਰਨਜੀਤ ਸਿੰਘ ਢਿਲੋਂ, ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ, ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ, ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਮੰਗਲ ਸਿੰਘ ਵੱਲੋਂ ਵੀ ਗਿਆਨੀ ਚਰਨਾਮ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਨਾਨਕਸਰ ਸੰਪਰਦਾ ਦੇ ਮੁੱਖੀ ਬਾਬਾ ਲੱਖਾ ਸਿੰਘ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਨਾਮ ਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮੂਹ ਸਿੱਖ ਸੰਗਤਾਂ ਨੂੰ ਇਕਜੁੱਟ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਨਾਮ ਬਾਣੀ ਪਸਾਰ ਲਈ ਯਤਨ ਕਰਨ ਚਾਹੀਦੇ ਹਨ। ਇਸ ਮੌਕੇ ਬਾਬਾ ਗੁਰਦੇਵ ਸਿੰਘ ਨਾਨਕਸਰ ਵਾਲੇ, ਗਿਆਨੀ ਕਰਨੈਲ ਸਿੰਘ ਗਰੀਬ ਸ਼੍ਰੋਮਣੀ ਕਥਾ ਵਾਚਕ, ਜਥੇਦਾਰ ਨਰਿੰਦਰ ਸਿੰਘ ਵਾੜਾ, ਜਥੇਦਾਰ ਸਰਵਨ ਸਿੰਘ, ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰੈਸ ਸਕੱਤਰ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਕਰਨੈਲ ਸਿੰਘ, ਬਾਬਾ ਹਰਨੇਕ ਸਿੰਘ ਨਾਨਕਸਰ ਕਲੇਰਾਂ, ਮਲਕੀਤ ਸਿੰਘ ਮਧਰਾ, ਜਥੇਦਾਰ ਸਤਨਾਮ ਸਿੰਘ, ਲਾਜਵੰਤ ਸਿੰਘ ਲਾਟੀ, ਪਰਮਜੀਤ ਸਿੰਘ ਪੰਮ, ਬੱਬੂ ਕਾਹਲੋਂ, ਹਰਭਜਨ ਸਿੰਘ ਹਰਪੁਰਾ, ਨਿਰਮਲ ਸਿੰਘ, ਚੇਅਰਮੈਨ ਕੁਲਵੰਤ ਸਿੰਘ ਚੀਮਾਂ, ਕੈਪਟਨ ਬੂਆ ਸਿੰਘ, ਹਰਜਿੰਦਰ ਸਿੰਘ, ਠਾਕੁਰ ਸਿੰਘ ਊਧਨਵਾਲ, ਸੰਦੀਪ ਭੱਲਾ, ਹਰਜੀਤ ਸਿੰਘ ਬੋਪਾਰਾਏ, ਖੁਸਕਿਸਮਤ ਸਿੰਘ ਢਿਲੋਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਨੇ ਬਾਪੂ ਚਰਨਾਮ ਸਿੰਘ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰੀ। ਇਸ ਮੌਕੇ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
Punjab Post Daily Online Newspaper & Print Media