ਮਾਲੇਰਕੋਟਲਾ, 20 ਨਵੰਬਰ (ਹਰਮਿੰਦਰ ਸਿੰਘ ਭੱਟ)- ਅੱਜ ਸਥਾਨਕ ਸਥਾਨਕ ਵਿਕਰਾਂਤ ਪੈਲੇਸ ਵਿਖੇ ਮਾਲੇਰਕੋਟਲਾ ਤੇ ਧੂਰੀ ਸਬ ਡਿਵੀਜਨਾਂ ਵਿੱਚ ਮੂੰਹ ਖੁਰ ਬਿਮਾਰੀ ਦੇ ਬਚਾਓ ਲਈ ਪਸ਼ੂਆਂ ਨੂੰ ਸੌ ਪ੍ਰਤੀਸਤ ਟੀਕਾਕਰਨ ਲਾਜਮੀ ਬਣਾਉਣ ਲਈ ਦੋਵੇਂ ਤਹਿਸੀਲਾਂ ਦੇ ਵੈਟਰਨਰੀ ਅਫਸਰਾਂ, ਵੈਟਰਨਰੀ ਇੰਸਪੈਕਟਰਾਂ ਅਤੇ ਵੈਟਰਨਰੀ ਫਾਰਮਾਸਿਸਟਾਂ ਦੀ ਇੱਕ ਸਾਂਝੀ ਮੀਿਟੰਗ ਕੀਤੀ ਗਈ ਜਿਸ ਵਿੱਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਡਾ. ਸੁਖਚਰਨਜੀਤ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸਾਮਲ ਹੋਏ ਜਦ ਕਿ ਮੀਟਿੰਗ ਦੀ ਪ੍ਰਧਾਨਗੀ ਡਾ. ਕੇ.ਜੀ. ਗੋਇਲ ਸੀਨੀਅਰ ਵੈਟਰਨਰੀ ਅਫਸਰ ਮਾਲੇਰਕੋਟਲਾ ਨੇ ਕੀਤੀ। ਮੀਟਿੰਗ ਵਿੱਚ ਡਾ. ਵਿਨੇ ਕੁਮਾਰ ਜਿੰਦਲ ਸੀਨੀਅਰ ਵੈਟਰਨਰੀ ਅਫਸਰ ਸੰਗਰੂਰ ਅਤੇ ਸੀਨੀਅਰ ਵੈਟਰਨਰੀ ਅਫਸਰ ਧੂਰੀ ਡਾ. ਗੁਰਦਰਸਨ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸਾਮਲ ਸਨ। ਮੀਟਿੰਗ ਨੂੰ ਮੁਖਾਤਿਬ ਹੁੰਦਿਆਂ ਮੁੱਖ ਮਹਿਮਾਨ ਡਾ. ਸੁਖਚਰਨਜੀਤ ਸਿੰਘ ਗੋਸਲ ਨੇ ਕਿਹਾ ਕਿ ਜਿਲ੍ਹਾ ਸੰਗਰੂਰ ਅੰਦਰ ਪੌਣੇ ਛੇ ਲੱਖ ਦੇ ਕਰੀਬ ਪਾਲਤੂ ਪਸ਼ੂਆਂ ਨੂੰ ਮੂੰਹ ਖੁਰ ਬਿਮਾਰੀ ਤੋਂ ਬਚਾਓ ਲਈ ਸੁਰੂ ਕੀਤੇ ਜਾ ਰਹੇ 19 ਵੇਂ ਗੇੜ ਦੇ ਟੀਕਾਕਰਨ ਲਈ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਬੇਹੱਦ ਅਹਿਮ ਕਾਰਜ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਤੱਕ ਬਨਾਉਟੀ ਗਰਭਦਾਨ ਵਿਚ ਪੰਜਾਬ ਭਰ ‘ਚੋਂ 18ਵੇਂ ਸਥਾਨ ‘ਤੇ ਚੱਲ ਰਹੇ ਜਿਲ੍ਹਾ ਸੰਗਰੂਰ ਨੂੰ ਵਿਭਾਗ ਦੇ ਮਿਹਨਤੀ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਜਿਵੇਂ ਹੁਣ ਪਹਿਲੇ ਸਥਾਨ ‘ਤੇ ਲੈ ਆਂਦਾ ਹੈ ਉਸੇ ਤਰ੍ਹਾਂ ਹੀ ਮੂੰਹ ਖੁਰ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਮੁਹਿੰਮ ਵਿੱਚ ਵੀ ਜਿਲ੍ਹਾ ਸੰਗਰੂਰ ਪੰਜਾਬ ਦੀ ਅਗਵਾਈ ਕਰੇਗਾ। ਡਾ. ਗੋਸਲ ਨੇ ਦੱਸਿਆ ਕਿ ਇਸ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਲਈ ਜਿਲ੍ਹਾ ਸੰਗਰੂਰ ਅੰਦਰ ਡਾ. ਕੇ.ਜੀ. ਗੋਇਲ ਐਸ.ਵੀ.ਓ. ਮਾਲੇਰਕੋਟਲਾ ਅਤੇ ਡਾ. ਵਿਨੇ ਕੁਮਾਰ ਜਿੰਦਲ ਐਸ.ਵੀ.ਓ. ਸੰਗਰੂਰ ਨੋਡਲ ਅਧਿਕਾਰੀ ਵਜੋਂ ਨਿਯੁੱਕਤ ਕੀਤੇ ਗਏ ਹਨ ਜੋ ਜਿਲ੍ਹੇ ਅੰਦਰ ਮੂੰਹ ਖੁਰ ਬਿਮਾਰੀ ਤੋਂ ਬਚਾਓ ਦੀ ਟੀਕਾਕਰਨ ਮੁਹਿੰਮ ਉਪਰ ਹਰ ਤਰ੍ਹਾਂ ਦੀ ਨਜਰ ਰੱਖਣਗੇ।ਉਨ੍ਹਾਂ ਅਧਿਕਾਰੀਆਂ ਨੂੰ ਸਖਤ ਹਿਦਾਇਤਾਂ ਦਿੱਤੀਆਂ ਕਿ ਟੀਕਾਕਰਨ ਲਈ ਬਾਕਾਇਦਾ ਟੀਮਾਂ ਗਠਿਤ ਕਰਕੇ ਉਨ੍ਹਾਂ ਦੀਆਂ ਜਿੰਮੇਵਾਰੀਆਂ ਤੇ ਟੀਚੇ ਨਿਰਧਾਰਤ ਕੀਤੇ ਜਾਣ ਅਤੇ ਇਸ ਅਹਿੱਮ ਕਾਰਜ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਹਰਗਿੱਜ ਬਰਦਾਸਤ ਨਹੀਂ ਕੀਤੀ ਜਾਵੇਗੀ।ਇਸ ਤੋਂ ਪਹਿਲਾਂ ਡਿਪਟੀ ਡਾਇਰੈਕਟਰ ਡਾ. ਸੁਖਚਰਨਜੀਤ ਸਿੰਘ ਗੋਸਲ ਦਾ ਮਾਲੇਰਕੋਟਲਾ ਪਹੁੰਚਣ ‘ਤੇ ਪੁਰਜੋਸ਼ ਸਵਾਗਤ ਕਰਦਿਆਂ ਸੀਨੀਅਰ ਵੈਟਰਨਰੀ ਅਫਸਰ ਮਾਲੇਰਕੋਟਲਾ ਡਾ. ਕੇ.ਜੀ. ਗੋਇਲ ਨੇ ਮੂੰਹ ਖੁਰ ਬਿਮਾਰੀ ਤੋ ਬਚਾਓ ਲਈ ਟੀਕਾਕਰਨ ਤੋਂ ਪਹਿਲਾਂ ਤੇ ਬਾਅਦ ਵਿੱਚ ਖੂਨ ਦੇ ਸੈਂਪਲ ਲੈਣ ਦੀਆਂ ਵਿਧੀਆਂ ਅਤੇ ਟੀਕਾਕਰਨ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਵਿਭਾਗ ਵੱਲੋਂ ਹੁਣ 19ਵੇਂ ਦੌਰ ਦੀ ਵੈਕਸੀਨੇਸ਼ਨ ਮੁਹਿੰੰਮ ਸੁਰੂ ਕੀਤੀ ਜਾ ਰਹੀ ਹੈ ਪਰੰਤੂ 15ਵੇਂ ਗੇੜ ਤੱਕ ਦੀ ਮੂੰਹ ਖੁਰ ਵੈਕਸੀਨ ਪਿੱਛੋਂ ਪੰਜਾਬ ਦੇ ਪਸ਼ੂਆਂ ਦੀ ਕੀਤੀ ਖੂਨ ਜਾਂਚ ਵਿੱਚ ਕੇਵਲ 65 ਪ੍ਰਤੀਸ਼ਤ ਪਸ਼ੂ ਹੀ ਇਸ ਬਿਮਾਰੀ ਤੋਂ ਸੁਰੱਖਿਅਤ ਪਾਏ ਗਏ ਹਨ। ਉਨ੍ਹਾਂ ਸਪੱਸਟ ਕਿਹਾ ਕਿ ਇਸ ਟੀਕਾਕਰਨ ਦਾ ਪੂਰਾ ਰਿਕਾਰਡ ਸਬੰਧਤ ਵੈਟਰਨਰੀ ਅਫਸਰ ਕੋਲ ਹੋਣਾ ਜਰੂਰੀ ਹੈ। ਇਸ ਮੌਕੇ ਸੀਨੀਅਰ ਵੈਟਰਨਰੀ ਅਫਸਰ ਧੂਰੀ ਡਾ. ਗੁਰਦਰਸਨ ਸਿੰਘ , ਡਾ. ਵਿਨੇ ਕੁਮਾਰ ਜਿੰਦਲ ਸੀਨੀਅਰ ਵੈਟਰਨਰੀ ਅਫਸਰ ਸੰਗਰੂਰ, ਡਾ. ਵਿਕਾਸ਼ ਜੈਨ, ਵੈਟਰਨਰੀ ਅਫਸਰ ਐਸੋਸੀਏਸਨ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ. ਜਗਦੇਵ ਸਿੰਘ ਸੋਹੀ, ਜਨਰਲ ਸਕੱਤਰ ਡਾ. ਮੁਹੰਮਦ ਰਮਜ਼ਾਨ ਚੌਧਰੀ, ਡਾ. ਮਜ਼ੀਦ ਅਜ਼ਾਦ, ਡਾ. ਭੂਪਿੰਦਰ ਸਿੰਘ ਅਤੇ ਡਾ. ਆਰ.ਕੇ. ਗੁਪਤਾ ਆਦਿ ਨੇ ਵੀ ਅਪਣੇ ਵਿਚਾਰ ਪੇਸ਼ ਕੀਤੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media