ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਨੂੰ ਰੱਬੀ ਰੂਪ ਵਜੋਂ ਨਿਵਾਜ਼ਿਆ – ਬਾਬਾ ਦਲੇਰ ਸਿੰਘ
ਸੰਦੌੜ, 26 ਨਵੰਬਰ (ਹਰਮਿੰਦਰ ਸਿੰਘ ਭੱਟ)- ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਵਿਖੇ ਸਰਬ ਧਰਮਾਂ ਦੇ ਸਾਂਝੇ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਉਪਰੰਤ ਸ਼ਬਦ ਗੁਰੂ ਚੇਤਨਾ ਸਮਾਗਮ ਆਯੋਜਿਤ ਕਰਵਾਏ ਗਏ।ਇਸ ਮੌਕੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਖ਼ਾਲਸਾ ਜੀ ਵੱਲੋਂ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਜੀਵਨ ਨੂੰ ਸੁਚੱਜੇ ਢੰਗ ਨਾਲ ਜਿਊਣ ਦੀ ਜਾਚ ਦਰ ਦਰ ਤੇ ਨਿਸ਼ਕਾਮ ਭਾਵਨਾ ਨਾਲ ਜਾ ਕੇ ਏਕ ਅਕਾਲ ਪੁਰਖ ਪ੍ਰਮਾਤਮਾ ਨੂੰ ਮੰਨਣਾ ਤੇ ਨਿੱਤਨੇਮ ਅਨੁਸਾਰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀ ਪ੍ਰੇਰਨਾ ਦਿੱਤੀ।ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅਮੋਲਕ ਰੱਬੀ ਗਿਆਨ ਰਾਹੀ ਕਲਯੁਗ ਦੇ ਵੱਧ ਰਹੇ ਪ੍ਰਕੋਪ ਤੋਂ ਬਚਣ ਲਈ ਸ਼ਬਦ ਰੂਪੀ ਬੇਅੰਤ ਸਲੋਕਾਂ ਨੂੰ ਉਚਾਰ ਕੇ ਕੁਦਰਤ ਅਤੇ ਮਾਨਵਤਾ ਦੀ ਭਲਾਈ ਲਈ ਹਰੇਕ ਧਰਮ ਦਾ ਸਤਿਕਾਰ ਕਰਨਾ, ਵਹਿਮਾਂ ਭਰਮਾਂ ਤੋਂ ਪਰਹੇਜ਼ ਅਤੇ ਉੱਚ ਨੀਚ ਦੇ ਫ਼ਰਕ ਨੂੰ ਮਿਟਾਉਣ ਤੇ ਔਰਤ ਨੂੰ ਮਹਾਨਤਾ ਦਾ ਦਰਜਾ ਦੇ ਕੇ ਰੱਬੀ ਰੂਪ ਦੀ ਸਮਾਨਤਾ ਦਿੱਤੀ। ਮੌਜੂਦਾ ਪੰਜਾਬ ਦੇ ਹਾਲਾਤਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਬਾਬਾ ਦਲੇਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਖ਼ਾਲਸਾ ਪੰਥ ਦੀ ਸਾਜਣਾ ਕਰਨ ਵਾਲੇ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਧਰਮ ਪ੍ਰਤੀ ਏਕਤਾ ਅਤੇ ਪਰਪੱਕਤਾ ਦੇ ਦਰਸਾਏ ਮਾਰਗ ਤੋਂ ਅਜੋਕੀ ਪੀੜ੍ਹੀ ਭਟਕਦੀ ਹੋਈ ਵਹਿਮਾਂ ਭਰਮਾਂ ਦੀ ਦਲਦਲ ਵਿਚ ਧਸਦੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਦਰ ਸਤਿਕਾਰ ਨੂੰ ਭੁੱਲਦੀ ਜਾ ਰਹੀ ਹੈ ਸੋ ਇਨ੍ਹਾਂ ਹਾਲਾਤਾਂ ਵਿਚ ਮਾਪਿਆਂ ਦਾ ਆਪਣੇ ਬਚਿਆਂ ਪ੍ਰਤੀ ਸਿੱਖੀ ਜੀਵਨ ਜਿਊਣ ਅਤੇ ਉੱਚੇ ਸੁੱਚੇ ਸਿੱਖੀ ਇਤਿਹਾਸ ਬਾਰੇ ਜਾਣੂੰ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਬਾਬਾ ਅਵਤਾਰ ਸਿੰਘ ਸਾਧਾਂ ਵਾਲ, ਭਾਈ ਦਵਿੰਦਰ ਸਿੰਘ ਫ਼ੌਜੀ, ਭਾਈ ਪਰਗਟ ਸਿੰਘ, ਭਾਈ ਬਲਜੀਤ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਦੇ ਭਾਰੀ ਇਕੱਠ ਨੇ ਹਾਜ਼ਰੀ ਭਰੀ।
Punjab Post Daily Online Newspaper & Print Media