Sunday, March 15, 2026

ਗੁਰੂ ਨਾਨਕ ਦੇ ਉਪਦੇਸ਼ਾਂ ‘ਤੇ ਚੱਲਣ ਵਾਲਾ ਮੁਲਕ ਅਸਹਿਨਸ਼ੀਲ ਹੋ ਹੀ ਨਹੀਂ ਸਕਦਾ – ਪ੍ਰੋ. ਚੰਦੂਮਾਜਰਾ

Prem Singh Chandumajra

ਨਵੀਂ ਦਿੱਲੀ, 1 ਦਸੰਬਰ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਹਿੰਦੋਸਤਾਨ ਵਿੱਚ ਚੱਲ ਰਹੇ ਅਸਹਿਨਸ਼ੀਲਤਾ ਮੁੱਦੇ ਦੀ ਜੰਮ ਕੇ ਅਲੋਚਨਾ ਕਰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ‘ਤੇ ਚੱਲਣ ਵਾਲਾ ਇਹ ਮੁਲਕ ਅਸਹਿਨਸ਼ੀਲ ਹੋ ਹੀ ਨਹੀਂ ਸਕਦਾ, ਕੁਝ ਲੋਕਾਂ ਵੱਲੋਂ ਰਾਜਸੀ ਫਾਇਦਾ ਲੈਣ ਲਈ ਮਹੌਲ ਉਤੇਜਿਤ ਕੀਤਾ ਜਾ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਦੀ ਕੋਈ ਕਤਲ, ਬਲਾਤਕਾਰ ਨਹੀਂ ਹੋਇਆ ਤੇ ਨਾ ਹੀ ਕਿਸੇ ਨੂੰ ਫਾਂਸੀ ਲੱਗੀ।
ਅੱਜ ਇੱਥੇ ਲੋਕ ਸਭਾ ਅੰਦਰ ਅਸਹਿਨਸ਼ੀਲ ਮੁੱਦੇ ‘ਤੇ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਤੋਂ ਉ-ਜੜ ਕੇ ਆਏ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਲੋਕ ਸਮਝਣ ਲਈ ਗੁਪਤ ਪੱਤਰ ਜਾਰੀ ਕਰਕੇ ਅਸਹਿਨਸ਼ੀਲਤਾ ਦਾ ਆਗਾਜ਼ ਕੀਤਾ ਗਿਆ।ਰਾਜ ਇਹ ਕਰਦੇ ਰਹੇ, ਬਰਬਾਦੀ ਸਾਡੀ ਹੋਈ। ਧਰਮ ਦੇ ਨਾਂ ‘ਤੇ ਹਿੰਦੋਸਤਾਨ ਦਾ ਬਟਵਾਰਾ ਅਸਹਿਨਸ਼ੀਲਤਾ ਦੇ ਬੀਜ ਬੋਅ ਕੇ ਹੋਇਆ। ਜੇ ਉਸ ਵੇਲੇ ਸਾਡੇ ਮੁਲਕ ਦੇ ਕੌਮੀ ਨੇਤਾ ਮਾਸਟਰ ਤਾਰਾ ਸਿੰਘ ਜੀ ਦਲੀਲ ਮੰਨ ਲੈਂਦੇ ਤਾਂ ਪਾਕਿਸਤਾਨ ਕਦੇ ਵੀ ਹੋਂਦ ਵਿੱਚ ਨਹੀਂ ਸੀ ਆਉਣਾ। ਦਲਿਤ ਸਿੱਖਾਂ ਨੂੰ ਰਿਜ਼ਰਵੇਸ਼ਨ ਦੇ ਅਧਿਕਾਰ ਨਾ ਦੇਣਾ ਉਸ ਸਮੇਂ ਦੀ ਕਾਂਗਰਸੀ ਹਕੂਮਤ ਦੀ ਇੱਕ ਲੁਕੀ ਸਾਜਿਸ਼ ਸੀ ਜਿਸ ਨੇ ਦਲਿਤ ਲੋਕਾਂ ਨੂੰ ਧਰਮ ਪਰਿਵਤਿਤ ਕਰਨ ਵੱਲ ਤੋਰਿਆ। ਉਹਨਾਂ ਕਿਹਾ ਕਿ ਅਸਹਿਨਸ਼ੀਲਤਾ ਦੀ ਦੁਹਾਈ ਦੇਣ ਵਾਲਿਆਂ ਨੂੰ ਚੇਤੇ ਹੋਣਾ ਚਾਹੀਦਾ ਹੈ ਕਿ 1953 ਵਿੱਚ ਕਸ਼ਮੀਰ ਦੇ ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾ ਦੀ ਸਰਕਾਰ ਤੋੜ ਕੇ ਉਥੇ ਬਖ਼ਸ਼ੀ ਗੁਲਾਮ ਮੁਹੰਮਦ ਨੂੰ ਸਰਕਾਰ ਦਾ ਮੁਖੀ ਬਣਾਉਣਾ, ਫਿਰ ਫਾਰੂਕ ਅਬਦੁੱਲਾ ਦੀ ਸਰਕਾਰ ਤੋੜ ਕੇ ਉਸ ਦੀ ਥਾਂ ਜੀ.ਐਮ. ਸ਼ਾਹ ਨੂੰ ਹੁਕਮਰਾਨ ਬਣਾਉਣਾ ਲੋਕ-ਰਾਜੀ ਕਦਰਾਂ ਕੀਮਤਾਂ ਦਾ ਘਾਣ ਸੀ ਜਿਸ ਕਾਰਨ ਕਸ਼ਮੀਰ ਅਜੇ ਤੱਕ ਮਾੜੇ ਦਿਨਾਂ ਦੀ ਅੱਗ ਵਿੱਚ ਝੁਲਸ ਰਿਹਾ ਹੈ।
ਪ੍ਰੋ. ਚੰਦੂਮਾਜਰਾ ਨੇ ਲੋਕ-ਰਾਜੀ ਕਦਰਾਂ ਕੀਮਤਾਂ ਦੇ ਘਾਣ ਲਈ ਚੇਤੇ ਕਰਾਇਆ ਕਿ ਪੰਜਾਬ ਵਿੱਚ ਧਾਰਾ 356 ਲਾ ਕੇ 1980 ਵਿੱਚ 117 ਵਿੱਚੋਂ 103 ਵਿਧਾਇਕ ਨਾਲ ਹੋਣ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਹਕੂਮਤ, 1985 ਵਿੱਚ 117 ਵਿੱਚੋਂ 75 ਵਿਧਾਇਕਾਂ ਦੇ ਬਹੁਮਤ ਦੇ ਬਾਵਜੂਦ ਸੁਰਜੀਤ ਸਿੰਘ ਬਰਨਾਲਾ ਸਰਕਾਰ, ਜਿਸ ਵਿੱਚ ਮੈਂ ਵੀ ਮੰਤਰੀ ਸਾਂ, ਤੋੜ ਕੇ ਲੋਕਤੰਤਰੀ ਸਿਸਟਮ ਦਾ ਮਜ਼ਾਕ ਉਡਾਇਆ ਗਿਆ।1970 ਵਿੱਚ ਅਕਾਲੀ ਦਲ ਦੀ ਬਾਦਲ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਰਿਪੇਅਰੀਅਨ ਲਾਅ ਲਾਉਣ ਕਰਕੇ ਪਾਣੀ ਖੋਹਣ ਦੇ ਖਿਲਾਫ਼ ਮੁਕੱਦਮਾ ਦਾਇਰ ਕੀਤਾ 1980 ਵਿੱਚ ਤੱਤਕਾਲੀਨ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਮੁਲਕ ਦੀ ਪ੍ਰਧਾਨ ਮੰਤਰੀ ਨੇ ਧਮਕੀ ਦੇ ਕੇ ਕਿ ਕੇਸ ਵਾਪਸ ਲੈਣ ਲਈ ਮਜ਼ਬੂਰ ਕੀਤਾ।ਕਿੰਨੀ ਅਜ਼ੀਬ ਗੱਲ ਹੈ ਕਿ ਇਸ ਮਹਿਲਾ ਪ੍ਰਧਾਨ ਮੰਤਰੀ ਨੇ ਅਦਾਲਤ ਦੇ ਆਦੇਸ਼ਾਂ ਨੂੰ ਵੀ ਨਜ਼ਰਅੰਦਾਜ ਕਰਨ ਦੇ ਮਕਸਦ ਨਾਲ 1975 ਵਿੱਚ ਮੁਲਕ ਅੰਦਰ ਐਮਰਜੈਂਸੀ ਦੀ ਆੜ ਹੇਠ ਵਿਰੋਧੀਆਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਜਿਸ ਵਿੱਚ ਮੈਂ ਵੀ ਸ਼ਾਮਲ ਸਾਂ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜੇ ਮੁਲਕ ਅੰਦਰ ਅਸਹਿਨਸ਼ੀਲਤਾ ਦੀ ਚਰਚਾ ਨੂੰ ਠੱਲ੍ਹ ਪਾਉਣੀ ਹੈ ਤਾਂ ਜੂਨ-1984 ਵਿੱਚ ਹਰਿਮੰਦਰ ਸਾਹਿਬ ‘ਤੇ ਭਾਰਤੀ ਫ਼ੌਜ ਦੇ ਹਮਲੇ, ਅੱਜ ਤੱਕ ਜੋ ਦੰਗੇ-ਫ਼ਸਾਦ ਹੋਏ ਹਨ ਖਾਸ ਤੌਰ ‘ਤੇ 1984 ਸਿੱਖ ਕਤਲੇਆਮ ਦੀ ਸਰਬ-ਸੰਮਤੀ ਨਾਲ ਨਿੰਦਾ ਕੀਤੀ ਜਾਵੇ ਤੇ ਇਸ ਸ਼ਰਮਨਾਕ ਕਾਂਡ ਵਿੱਚ ਮਾਰੇ ਗਏ ਬੇਕਸੂਰਾਂ ਦੀ ਹਮਦਰਦੀ ਲਈ ਦੋ ਸ਼ਬਦ ਕਹੇ ਜਾਣ ਜੋ ਅਜੇ ਤੱਕ ਨਹੀਂ ਕਹੇ ਗਏ। ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਇੱਕ ਕੋਡ ਆਫ਼ ਕੰਡਕਟ ਬਣਨਾ ਚਾਹੀਦਾ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply