Wednesday, March 25, 2026

ਸ: ਛੀਨਾ ਨੇ ਧਾਰਮਿਕ ਪੁਸਤਕ ‘ਸੰਪੂਰਨ ਸ਼ਖਸ਼ੀਅਤ ਦੇ 16 ਗੁਣ’ ਨੂੰ ਕੀਤਾ ਲੋਕ ਅਰਪਿਤ

PPN0112201513

ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਖੁਰਮਣੀਆ, ਪ੍ਰੀਤਮ ਸਿੰਘ) – ਅਜੋਕੇ ਸਿੱਖ ਸਮਾਜ ਵਿੱਚ ਸਿੱਖੀ ਸਰੂਪ, ਨਸ਼ਾ, ਵਹਿਮ-ਭਰਮ ਅਤੇ ਹੋਰਨਾਂ ਸਮਾਜਿਕ ਕੁਰੀਤੀਆਂ ਕਾਰਨ ਸਿੱਖ ਸਿਧਾਂਤ ਤੇ ਮਰਿਯਾਦਾ ਗਾਇਬ ਹੋਣ ਆਦਿ ਅਨੇਕਾਂ ਸਬੰਧਿਤ ਅਹਿਮ ਪਹਿਲੂਆਂ ਨੂੰ ਉਜਾਗਰ ਕਰਦੀ ਧਾਰਮਿਕ ਪੁਸਤਕ ‘ਸੰਪੂਰਨ ਸ਼ਖਸ਼ੀਅਤ ਦੇ 16 ਗੁਣ’ ਨੂੰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਲੋਕ ਅਰਪਿਤ ਕੀਤਾ। ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਅੰਡਰ ਸੈਕਅਰੀ ਡੀ. ਐੱਸ. ਰਟੌਲ ਦੀ ਮੌਜ਼ੂਦਗੀ ਵਿੱਚ ਖ਼ਾਲਸਾ ਕਾਲਜ ਵਿਖੇ ਸਿੱਖ ਇਤਿਹਾਸ ਖੋਜ ਵਿਭਾਗ ਦੇ ਮੁੱਖੀ ਡਾ. ਇੰਦਰਜੀਤ ਸਿੰਘ ਗੋਗੋਆਣੀ ਦੁਆਰਾ ਸੰਪਾਦਿਤ ਲੋਕ ਅਰਪਿਤ ਇਸ ਪੁਸਤਕ ਵਿੱਚ ਭਾਰਤੀ ਸੰਸਕ੍ਰਿਤੀ ਅਨੁਸਾਰ ਸੰਪੂਰਨ ਸਖਸ਼ੀਅਤ ਸਬੰਧੀ 16 ਕਲਾਂ ਦੀ ਵਿਆਖਿਆ ਹੈ।
ਸ: ਛੀਨਾ ਨੇ ਇਸ ਪੁਸਤਕ ਦਾ ਵਿਮੋਚਨ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਸਿੱਖੀ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਅਜਿਹੀਆਂ ਧਾਰਮਿਕ ਪੁਸਤਕਾਂ ਦੀ ਬੁੱਧੀਜੀਵੀਆਂ ਵੱਲੋਂ ਰਚਨਾ ਕਰਨਾ ਸਮਾਂ ਦੀ ਮੁੱਖ ਲੋੜ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉੱਚ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦੇ ਇਤਿਹਾਸ ਨਾਲ ਸਬੰਧਿਤ ਕਈ ਅਹਿਮ ਪਹਿਲੂਆਂ ਦਾ ਜ਼ਿਕਰ ਕਰਦੀ ਡਾ. ਗੋਗੋਆਣੀ ਦੁਆਰਾ ਲਿਖਤ ਪੁਸਤਕ ‘ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਇਤਿਹਾਸ (1890-2015)’ ਨੂੰ ਕੁਝ ਸਮਾਂ ਪਹਿਲਾਂ ਲੋਕ ਅਰਪਿਤ ਕੀਤਾ ਗਿਆ ਹੈ। ਹੁਣ ਤੱਕ ਉਨ੍ਹਾਂ ਦੀਆਂ 14 ਮੌਲਿਕ ਤੇ 8 ਸੰਪਾਦਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ. ਗੋਗੋਆਣੀ ਨੇ ਦੱਸਿਆ ਕਿ ਉਪਰੋਕਤ ਧਾਰਮਿਕ ਪੁਸਤਕ ਵਿੱਚ ਗੁਰਮਿਤ ਦੇ ਅਨੇਕਾਂ ਵਿਸ਼ਿਆਂ ਨੂੰ ਲੈ ਕੇ ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਮ ਪਾਤਸ਼ਾਹ ਜੀ ਦੀ ਬਾਣੀ ਵਿੱਚ ਵਹਿਮਾਂ-ਭਰਮਾਂ ਦਾ ਖੰਡਨ, ਪੰਜਾਬੀਆਂ ਦੇ ਅੰਧ-ਵਿਸ਼ਵਾਸ਼ ਤੇ ਅਸਲੀ ਕਾਰਨ, ਸਿੱਖੀ ਸਰੂਪ ਸਾਡਾ ਅਸਲੀ ਰੂਪ, ਆਈ ਬਸੰਤ ਪਾਲਾ ਪੜੰਤ ਕਿਉਂ, ਵੱਧ ਰਿਹਾ ਤਲਾਕ ਦਾ ਰੁਝਾਨ ਤੇ ਹੱਲ, ਮਨ ਦਾ ਬੋਝ, ਡੇਰੇਦਾਰਾਂ ਵੱਲੋਂ ਗੁਰਬਾਣੀ ਦੀ ਤੋੜ-ਮਰੋੜ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਰਤਮਾਨ ਪ੍ਰਾਸੰਗਿਕਤਾ, ਕਿੰਤੂ-ਪ੍ਰੰਤੂ ਦਾ ਭਰਮ, ਸਿੱਖ ਇਤਿਹਾਸ ਦੇ ਮਹਾਨ ਯੋਧੇ, ਕੁਝ ਪ੍ਰਚਾਰਕ ਸਖ਼ਸੀਅਤਾਂ ਦਾ ਇਤਿਹਾਸ ਤੇ ਸ੍ਰੀ ਅਨੰਦਪੁਰ ਦਾ ਪੈਗਾਮ ਆਦਿ ਲੇਖ ਹਨ। ਪ੍ਰਿੰ: ਡਾ. ਮਹਿਲ ਸਿੰਘ ਤੇ ਸ: ਰਟੌਲ ਨੇ ਵੀ ਡਾ. ਗੋਗੋਆਣੀ ਨੂੰ ਇਸ ਕਾਰਜ ਲਈ ਵਧਾਈ ਦਿੱਤੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply