ਅੰਮ੍ਰਿਤਸਰ, 2 ਦਸੰਬਰ (ਗੁਰਚਰਨ ਸਿੰਘ)- ਸਥਾਨਕ ਰਣਜੀਤ ਐਵੀਨਿਊ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ ਕੌਮਾਂਤਰੀ ਪਾਈਟੈਕਸ ਟਰੇਡ ਐਕਸਪੋ ਵਿੱਚ ਸਾਰਕ ਦੇਸ਼ਾਂ ਦੇ ਪ੍ਰਤੀਨਿਧ ਵੱਖ-ਵੱਖ ਦੇਸ਼ਾਂ ਦੇ ਸਨਅਤੀ ਅਤੇ ਆਰਥਿਕ ਵਿਕਾਸ ਦੀ ਰਫਤਾਰ ਨੂੰ ਹੋਰ ਹੁਲਾਰਾ ਦੇਣ ਲਈ ਅਹਿਮ ਵਪਾਰਕ ਵਿਚਾਰਾਂ ਕਰਨਗੇ। ਇਸ ਐਕਸਪੋ ਵਿੱਚ ਪਾਕਿਸਤਾਨ, ਈਰਾਨ, ਅਫਗਾਨਿਸਤਾਨ, ਸ਼੍ਰੀਲੰਕਾ, ਬੰਗਲਾ ਦੇਸ਼, ਮਿਸਰ ਤੋਂ ਸਨਅਤਕਾਰ ਕਰਨਗੇ ਸ਼ਿਰਕਤ ਕਰਨਗੇ।
ਅੱਜ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਵੀ ਭਗਤ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਐਕਸਪੋ 7 ਦਸੰਬਰ ਤੱਕ ਚੱਲੇਗਾ, ਜਿਸ ਵਿਚ ਪਹਿਲੀ ਵਾਰ ਕੌਮਾਂਤਰੀ ਪੱਧਰ ਦੀ ਖਰੀਦਕਾਰਾਂ ਅਤੇ ਵਿਕਰੇਤਾਵਾਂ ਦੀ ਰਿਵਰਸ ਮੀਟਿੰਗ ਵੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਾਰਕ ਦੇਸ਼ਾਂ ਦੇ ਵਪਾਰਕ ਪ੍ਰਤੀਨਿਧ ਅਤੇ ਸਨਅਤਕਾਰ ਉਦਯੋਗਿਕ ਕ੍ਰਾਂਤੀ ਰਾਹੀਂ ਆਰਥਿਕ ਵਿਕਾਸ ਦੀ ਹੋਰ ਮਜਬੂਤੀ ਲਈ ਗੱਲਬਾਤ ਕਰਨਗੇ। ਪੀ.ਐਚ.ਡੀ ਚੈਂਬਰ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਇਸ ਸਲਾਨਾ ਸਨਅਤੀ ਮੇਲੇ ਬਾਰੇ ਪੀ.ਐਚ.ਡੀ. ਚੈਂਬਰ ਆਫ ਪੰਜਾਬ ਕਮੇਟੀ ਦੇ ਵਾਈਸ-ਚੇਅਰਮੈਨ ਆਰ.ਐਸ. ਸਚਦੇਵਾ ਸਮੇਤ ਗੱਲਬਾਤ ਕਰਦਿਆਂ ਸ਼੍ਰੀ ਭਗਤ ਨੇ ਕਿਹਾ ਕਿ ਇਤਹਾਸਕ ਸ਼ਹਿਰ ਅੰਮ੍ਰਿਤਸਰ ਵਿਖੇ ਸਾਰਕ ਦੇਸ਼ ਸਮੂਹ ਦੇ ਅਧੀਨ ਆਉਂਦੇ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਨਿਪਾਲ ਅਤੇ ਸ੍ਰੀਲੰਕਾ ਤੋਂ ਇਲਾਵਾ ਇਰਾਕ ਆਦਿ ਦੇਸ਼ਾਂ ਦੇ ਵਪਾਰਕ ਪ੍ਰਤੀਨਿੱਧ ਇੱਕੋ ਛੱਤ ਹੇਠਾਂ ਇਕੱਠੇ ਹੋਣਗੇ। ਉਨ੍ਹਾਂ ਦੱਸਿਆ ਕਿ ਮੇਲੇ ਵਾਲੀ ਥਾਂ ਤੇ 9 ਹਾਲ ਅਤੇ 400 ਦੇ ਕਰੀਬ ਸਟਾਲ ਲਗਾਏ ਜਾ ਚੁੱਕੇ ਹਨ, ਜਿਥੇ 150 ਤੋਂ ਵੱਧ ਵਿਦੇਸ਼ੀ ਸਨਅਤਕਾਰ/ ਖਰੀਦਦਾਰਾਂ ਨਾ ਕੇਵਲ ਆਪੋ-ਆਪਣੇ ਵਿਚਾਰ ਸਾਂਝਾ ਕਰਨ ਦਾ ਮੌਕਾ ਮਿਲੇਗਾ, ਸਗੋਂ ਉਹ ਕਈ ਉਦਯੋਗਿਕ ਮਾਮਲਿਆਂ ਵਿੱਚ ਐਮ.ਓ.ਯੂ. ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਬਾਯਰ-ਸੈਲਰ ਮੀਟ ਦੌਰਾਨ ਭਾਰਤ ਦੇ ਪ੍ਰਸਿੱਧ ਸਾਈਕਲ ਉਦਯੋਗ, ਆਟੋਮੁਬਾਈਲ ਇੰਡਸਟਰੀ, ਖੇਤੀਬਾੜੀ ਮਸ਼ੀਨਰੀ ਅਤੇ ਸੰਦ ਉਦਯੌਗ, ਕੱਪੜਾ ਸਨਅਤ, ਹੋਮ ਇੰਟੀਅਰ, ਸਿਹਤ ਸੇਵਾਵਾਂ ਉਦਯੋਗ, ਖੇਡਾਂ ਦਾ ਸਮਾਨ ਬਣਾਉਣ ਵਾਲੇ ਸਨਅਤਕਾਰਾਂ ਨੂੰ ਵਿਦੇਸ਼ੀ ਖਰੀਦਦਾਰਾਂ ਸਾਹਮਣੇ ਆਪਣਾ ਉਤਪਾਦ ਪੇਸ਼ ਕਰਨ ਦਾ ਮੌਕਾ ਮਿਲੇਗਾ।
ਅੰਮ੍ਰਿਤਸਰ ਵਿਖੇ ਵਪਾਰਕ ਪ੍ਰਦਰਸ਼ਨੀਆਂ ਲਈ ਬਣਾਏ ਜਾਣ ਵਾਲੇ ਪ੍ਰਦਰਸ਼ਨੀ ਪਾਰਕ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਬਾਬਤ ਕੇਂਦਰੀ ਸੁਧਾਰ ਘਰ ਦੇ ਬਾਹਰ ਕਰੀਬ 10 ਏਕੜ ਜਗ੍ਹਾ ਦੀ ਸ਼ਨਾਖਤ ਕਰ ਲਈ ਹੈ ਅਤੇ ਜਲਦੀ ਹੀ ਇਸ ਸਬੰਧੀ ਰਸਮੀ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਇਸ ਮੌਕੇ ਸ੍ਰੀ ਸਚਦੇਵਾ ਨੇ ਦੱਸਿਆ ਕਿ ਇਸ ਆਯੋਜਨ ਨੂੰ ਲੈਕੇ ਭਾਰਤ ਅਤੇ ਵਿਦੇਸ਼ੀ ਸਨਅਤਕਾਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਸਿੱਟੇ ਵਜੋਂ ਸਾਰਕ ਸਮੂਹ ਦੇਸ਼ਾਂ ਦੇ ਜਿਥੇ 150 ਤੋਂ ਵੱਧ ਖਰੀਦਦਾਰ ਇਥੇ ਆ ਰਹੇ ਹਨ। ਉਥੇ ਹੀ 100 ਤੋਂ ਵੱਧ ਖਰੀਦਦਾਰ ਕੇਵਲ ਪਾਕਿਸਤਾਨ ਤੋਂ ਆ ਰਹੇ ਹਨ। ਪੀ.ਐਚ.ਡੀ. ਚੈਬਰ ਵਲੋਂ ਮੁਹੱਇਆ ਕਰਵਾਏ ਜਾ ਰਹੇ ਪਲੇਟਫਾਰਮ ਰਾਂਹੀ 250 ਤੋਂ ਵੱਧ ਖਰੀਦਦਾਰ ਅਤੇ ਵਪਾਰੀ ਨਾ ਕੇਵਲ ਇੱਕ-ਦੂਜੇ ਨੂੰ ਮਿਲਣ ਲਈ ਉਤਸ਼ਾਹਿਤ ਹਨ, ਸਗੋਂ ਭਾਰਤ ਵਿੱਚ ਨਵੀਂ ਸਨਅਤੀ ਕ੍ਰਾਂਤੀ ਦੀ ਨੀਂਹ ਵੀ ਰਖਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਪਾਕਿਸਤਾਨ ਅਧਾਰਿਤ ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਸ਼ੇਖੂੁਪੂਰਾ ਚੈਂਬਰ ਆਫ ਕਾਰਮਸ, ਗੁਜਰਾਂਵਾਲਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਜੇਹਲਮ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਤੀਨਿੱਧੀ ਭਾਗ ਲੈ ਰਹੇ ਹਨ।
ਇਸ ਮੌਕੇ ਤੇ ਬੋਲਦਿਆਂ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਡਾਇਰੈਕਟਰ ਡਾੱ.ਪ੍ਰਵੀਨ ਰਾਠੀ ਨੇ ਕਿਹਾ ਕਿ 3 ਦਸੰਬਰ ਨੂੰ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਾਰੇ ਸਨਅਤਕਾਰ ਅੰਮ੍ਰਿਤਸਰ ਪਹੁੰਚ ਜਾਣਗੇ। 4 ਦਸਬੰਰ ਨੂੰ ਪੰਜਾਬ ਦੇ ਉਦਿਯੋਗ ਮੰਤਰੀ ਮਦਨ ਮੋਹਨ ਮਿਤੱਲ ਇਸ ਪ੍ਰੋਗਰਾਮ ਦਾ ਉਦਘਾਟਨ ਕਰਨਗੇ ਜਦੋਂਕਿ ਸਮਾਪਤੀ ਸਮਾਗਮ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਡਾਕਰਟਰ ਰਾਠੀ ਨੇ ਦਸਿੱਆ ਕਿ ਇਸ ਪ੍ਰੋਗਰਾਮ ਦੌਰਾਨ ਭਾਰਤ ਅਤੇ ਵਿਦੇਸ਼ਾਂ ਵਿੱਚ ਐਮ.ਓ.ਯੂ. ਹੋਣ ਨਾਲ ਬਾਰਡਰ ਪਾਰ ਦੇ ਕਾਰੋਬਾਰ ਨੂੰ ਵੱਧਣ ਦੇ ਮੌਕੇ ਮਿਲਣਗੇ ਅਤੇ ਦੇਸ਼ ਆਰਥਿਕ ਅਤੇ ਸਨਅਤ ਪੱਖੋਂ ਮਜਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਰਾਂਹੀ ਨਾ ਕੇਵਲ ਬਜਾਰ ਵਿੱਚ ਸਨਅਤਕਾਰਾਂ ਦੀ ਪਹੁੰਚ ਵਧੇਗੀ ਸਗੋਂ ਅੰਤਰਰਾਸ਼ਟਰੀ ਖਰੀਦਦਾਰਾਂ ਨੂੰ ਵੀ ਨਵੇਂ ਮੌਕੇ ਮਿਲਣਗੇ। ਡਾਕਟਰ ਰਾਠੀ ਨੇ ਕਿਹਾ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਨੂੰ ਵਿਸ਼ਵ ਪੱਧਰ ਤੇ ਛਾਈ ਆਰਥਿਕ ਮੰਦੀ ਨੂੰ ਇੱਕ ਮੌਕੇ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ। ਪੀ.ਐਚ.ਡੀ. ਚੈਂਬਰ ਵਲੋਂ ਆਯੋਜਿਤ ਕੀਤਾ ਜਾ ਰਿਹਾ ਪ੍ਰੋਗਰਾਮ ਇਸੇ ਦਾ ਇੱਕ ਹਿੱਸਾ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media