ਬਟਾਲਾ, 3 ਦਸੰਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਨੇ ਜ਼ਮੀਨੀ ਰਿਕਾਰਡ ਸਬੰਧੀ ਪਾਰਦਰਸ਼ਤਾ ਅਤੇ ਸੂਚਨਾ ਨੂੰ ਮਹਿਜ਼ ਇੱਕ ਫੋਨ ਕਾਲ ‘ਤੇ ਉਪਲਬਧ ਕਰਾਉਣ ਦਾ ਨਿਵੇਕਲਾ ਉਦਮ ਕਰਦਿਆਂ ਇੱਕ ਵਿਆਪਕ ਹੈਲਪ ਲਾਈਨ (ਡਾਇਲ 168 ਜਾਂ 1800-1800-168) ਸ਼ੁਰੂ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਹੈਲਪ ਲਾਈਨ ਆਮ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਦੇ ਨਾਲ ਮਾਲ ਵਿਭਾਗ ਦੇ ਕੰਮ ਕਾਜ ਵਿੱਚ ਹੋਰ ਵਧੇਰੇ ਕੁਸ਼ਲਤਾ ਅਤੇ ਪਾਰਦਸ਼ਤਾ ਲਿਆਵੇਗੀ। ਇਸ ਹੈਲਪ ਲਾਈਨ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਦੱਸਿਆ ਕਿ ਮਾਲ ਵਿਭਾਗ ਦੀ ਇਸ ਹੈਲਪ ਲਾਈਨ ਰਾਹੀਂ ਜ਼ਮੀਨ ਅਤੇ ਜਾਇਦਾਦ ਨਾਲ ਸਬੰਧਤ ਸਾਰੀਆਂ ਸੇਵਾਵਾਂ ਸੁਚੱਜੇ ਢੰਗ ਨਾਲ ਪ੍ਰਦਾਨ ਕੀਤੀਆਂ ਜਾ ਸਕਣਗੀਆਂ।
ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਗੇ ਦੱਸਿਆ ਕਿ ਉਕਤ ਹੈਲਪ ਲਾਈਨ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਪਹਿਲੇ ਹਿੱਸੇ ਵਿੱਚ ਜ਼ਮੀਨੀ ਰਿਕਾਰਡ ਅਤੇ ਜਾਇਦਾਦਾਂ ਦੀ ਰਜਿਸਟਰੇਸ਼ਨ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ, ਦੂਸਰੇ ਹਿੱਸੇ ਵਿੱਚ ਕੋਈ ਵੀ ਵਿਅਕਤੀ ਇੱਕ ਫੋਨ ਕਾਲ ਜ਼ਰੀਏ ਮਾਲ ਵਿਭਾਗ ਵਿੱਚ ਵਿਚਾਰ ਅਧੀਨ ਮਾਮਲਿਆਂ ਬਾਰੇ ਤਾਜ਼ਾ ਜਾਣਕਾਰੀ, ਵਿਭਾਗ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਦੇ ਨਿਪਟਾਰੇ ਬਾਰੇ ਜਾਣਕਾਰੀ ਤੋਂ ਇਲਾਵਾ ਇੰਤਕਾਲ, ਖ਼ਸਰਾ ਗਰਦਾਵਰੀ ਦੀ ਤਬਦੀਲੀ ਅਤੇ ਜ਼ਮੀਨ ਦੀ ਨਿਸ਼ਾਨਦੇਹੀ ਬਾਰੇ ਸੂਚਨਾ ਲੈ ਸਕੇਗਾ। ਇਸੇ ਤਰਾਂ ਤੀਸਰੇ ਹਿੱਸੇ ਵਿੱਚ ਕੋਈ ਵੀ ਵਿਅਕਤੀ ਮਾਲ ਵਿਭਾਗ ਜਾਂ ਕਿਸੇ ਮਾਲ ਅਧਿਕਾਰੀ ਬਾਰੇ ਸ਼ਿਕਾਇਤ ਦਰਜ਼ ਕਰਵਾ ਸਕੇਗਾ। ਉਨ੍ਹਾਂ ਕਿਹਾ ਕਿ ਹੈਲਪ ਲਾਈਲ ‘ਤੇ ਫੋਨ ਕਰਨ ਵਾਲੇ ਹਰ ਵਿਅਕਤੀ ਨੂੰ ਇੱਕ ਨਿਵੇਕਲਾ ਨੰਬਰ ਦਿੱਤਾ ਜਾਵੇਗਾ ਅਤੇ ਉਸ ਵਲੋਂ ਲੋੜੀਂਦੀ ਜਾਣਕਾਰੀ ਨਿਰਧਾਰਿਤ ਸਮੇਂ ਦੌਰਾਨ ਪ੍ਰਦਾਨ ਕੀਤੀ ਜਾਵੇਗੀ। ਇਹ ਹੈਲਪ ਲਾਈਨ ਦੇਸ਼ ਭਰ ਅੰਦਰ ਸਵੇਰੇ ਸੱਤ ਤੋਂ ਸ਼ਾਮ ਸੱਤ ਵਜੇ ਤੱਕ ਉਪਲਬਧ ਹੋਵੇਗੀ ਅਤੇ ਪਰਵਾਸੀ ਸ਼ਿਕਾਇਤ ਕਰਤਾਵਾਂ ਲਈ ਇਹ ਦਿਨ ਰਾਤ ਉਪਲਬਧ ਹੋਵੇਗੀ।
ਜਥੇਦਾਰ ਸੇਖਵਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਜ਼ਮੀਨੀ ਰਿਕਾਰਡ ਸਬੰਧੀ ਸੂਚਨਾ ਜਾਂ ਮਾਲ ਵਿਭਾਗ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਡਾਇਲ 168 ਜਾਂ 1800-1800-168 ਟੋਲ ਫਰੀ ਨੰਬਰ ‘ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਟੋਲ ਫਰੀ ਨੰਬਰ ਤੇ ਮਿਲੀ ਸ਼ਿਕਾਇਤ ਨੂੰ ਸਮਾਂਬੱਧ ਢੰਗ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਪੂਰੀ ਸਖ਼ਤੀ ਨਾਲ ਆਦੇਸ਼ ਦਿੱਤੇ ਗਏ ਹਨ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media