
ਅੰਮ੍ਰਿਤਸਰ, 4 ਦਸੰਬਰ (ਗੁਰਚਰਨ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਵੀ ਭਗਤ ਨੇ ਕਿਹਾ ਕਿ ਜ਼ਿਲ਼੍ਹਾ ਪ੍ਰਸਾਸ਼ਨ ਵਲੋਂ ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਿਸੇਸ਼ ਧਿਆਨ ਦਿਤਾ ਜਾ ਰਿਹਾ ਹੈ ਜਿਸ ਨਾਲ ਇਹ ਬੱਚੇ ਸਰੀਰਕ ਤੇ ਮਾਨਸਿਕ ਤੌਰ ਤੇ ਹੋਰ ਮਜ਼ਬੂਤ ਹੋ ਕੇ ਜਿੰਦਗੀ ਦੇ ਰਾਹ ਤੇ ਅੱਗੇ ਵਧਣ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ। ਸ਼੍ਰੀ ਰਵੀ ਭਗਤ ਅੱਜ ਆਪਣੇ ਦਫਤਰ ਵਿਖੇ ਪਿਛਲੇ ਦਿਨੀ ਚੰਡੀਗੜ੍ਹ ਵਿਖੇ ਸਰਕਾਰੀ ਪੁਨਰਵਾਸ ਮੰਦਬੁਧੀ ਵਿਕਲਾਂਗ ਸੰਸਥਾ ਵਲੋਂ ਕਰਵਾਏ ਚੌਥੇ ਰਾਸ਼ਟਰੀ ਕ੍ਰਿਕੇਟ ਟੂਰਨਾਮੈਂਟ ਦੀ ਜੇਤੂ ਸਰਵ ਸਿੱਖਿਆ ਅਭਿਆਨ ਦੀ ਟੀਮ ਦੇ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਖਿਡਾਰੀਆਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕਰਨ ਉਪਰੰਤ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸ਼੍ਰੀ ਭਗਤ ਨੇ ਕਿਹਾ ਕਿ ਅਜਿਹੇ ਬੱਚਿਆਂ ਦਾ ਮਨੋਬਲ ਵਧਾਉਣ ਲਈ ਜਰੂਰੀ ਹੈ ਕਿ ਹਰ ਵਰਗ ਦੇ ਲੋਕ ਅੱਗੇ ਆਉਣ ਤਾਂ ਕਿ ਅਜਿਹੇ ਬੱਚਿਆਂ ਨੂੰ ਕਿਸੇ ਵੀ ਕਮੀ ਦਾ ਅਹਿਸਾਸ ਨਾ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇੰਨ੍ਹਾਂ ਖਿਡਾਰੀਆਂ ਲਈ ਸਰਕਾਰ ਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਵੀ ਬਣਦੀ ਹਰ ਤਰਾਂ ਦੀ ਮਦਦ ਮਹੱਈਆ ਕਰਵਾਈ ਜਾਵੇਗੀ ਜਿਸ ਨਾਲ ਇਹ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਇਸੇ ਤਹਿਤ ਹੀ ਪ੍ਰਸਾਸ਼ਨ ਵਲੋਂ ਸਕਿੱਲਡ ਡਿਵੈਲਪਮੈਂਟ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ 100 ਦੇ ਕਰੀਬ ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਤੇ 100 ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਸਵੈ-ਰੋਜਗਾਰ ਦੇ ਕਾਬਿਲ ਬਣਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਸ: ਜੁਗਰਾਜ ਸਿੰਘ ਰੰਧਾਵਾ, ਜ਼ਿਲ੍ਹਾ ਕੋਆਰਡੀਨੇਟਰ ਧਰਮਿੰਦਰ ਸਿੰਘ, ਪਰਮਿੰਦਰ ਸਿੰਘ ਸਰਪੰਚ, ਰਜਿੰਦਰ ਸਿੰਘ, ਅਮਿਤ ਕੁਮਾਰ, ਸੰਗਰਾਮ ਕੁਮਾਰ ਸਾਹੂ, ਵਿਨੈ ਕੁਮਾਰ, ਮਰਕਸਪਾਲ ਗੁੰਮਟਾਲਾ ਸਮੇਤ ਖਿਡਾਰੀ ਬੱਚਿਆਂ ਦੇ ਮਾਪੇ ਹਾਜਰ ਸਨ।
Punjab Post Daily Online Newspaper & Print Media