Tuesday, March 24, 2026

ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਸਦਕਾ ਕਾਤਿਲਾਂ ਨੂੰ ਸਜਾਵਾਂ ਤੋਂ ਕੋਈ ਨਹੀਂ ਰੋਕ ਸਕਦਾ – ਜੀ.ਕੇ

PPN0412201508

ਨਵੀਂ ਦਿੱਲੀ, 4 ਦਸੰਬਰ (ਅੰਮ੍ਰਿਤ ਲਾਲ ਮੰਨਣ)- 1984 ਸਿੱਖ ਕਤਲੇਆਮ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੁੱਖ ਕਾਤਿਲਾਂ ਨੂੰ ਸਜਾਵਾਂ ਦਿਵਾਉਣ ਦੀ ਸ਼ੁਰੂ ਹੋਈ ਮੁਹਿੰਮ ਨੂੰ ਬੁਰ ਪੈਣਾ ਸ਼ੁਰੂ ਹੋ ਗਿਆ ਹੈ। ਇਸ ਗਲ ਦਾ ਦਾਅਵਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਜੀ.ਕੇ. ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਜਮਾਤ ਹੋਣ ਕਰਕੇ ਕੌਮ ਦੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਪ੍ਰਤੀ ਸੰਜੀਦਾ ਹੈ। ਜਿਸਦਾ ਅਸਰ ਅੱਜ ਸੀ.ਬੀ.ਆਈ. ਵੱਲੋਂ ਤੀਜ਼ੀ ਵਾਰ ਟਾਈਟਲਰ ਨੂੰ ਦਿੱਤੀ ਗਈ ਕਲੀਨ ਚਿੱਟ ਤੇ ਅਦਾਲਤ ਵੱਲੋਂ ਦਿੱਲੀ ਕਮੇਟੀ ਦੇ ਵਕੀਲਾਂ ਦੀਆਂ ਦਲੀਲਾਂ ਤੇ ਸੁਨਵਾਈ ਕਰਦੇ ਹੋਏ ਕਲੀਨ ਚਿੱਟ ਨੂੰ ਖਾਰਿਜ਼ ਕਰਨ ਦੇ ਦਿੱਤੇ ਗਏ ਫੈਸਲੇ ਨਾਲ ਮਿਲਦਾ ਹੈ।
ਜੀ.ਕੇ. ਨੇ ਦਾਅਵਾ ਕੀਤਾ ਕਿ ਤਿੰਨੋਂ ਵਾਰ ਟਾਈਟਲਰ ਦੀ ਕਲੀਨ ਚਿੱਟ ਨੂੰ ਖਾਰਿਜ਼ ਕਰਵਾਉਣ ਅਤੇ 2009 ਵਿਚ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਗਈਆਂ ਟਿਕਟਾਂ ਨੂੰ ਕਟਵਾਉਣ ਵਾਸਤੇ ਅਕਾਲੀ ਦਲ ਨੇ ਸਰਗਰਮ ਭੂਮਿਕਾ ਨਿਭਾਈ ਹੈ। ਅੱਜ ਦੇ ਮਾਮਲੇ ਦੀ ਸੁਣਵਾਈ ਦਾ ਵੇਰਵਾ ਦਿੰਦੇ ਹੋਏ ਜੀ.ਕੇ. ਨੇ ਦਸਿਆ ਕਿ ਜਿੱਥੇ ਅੱਜ ਟਾਈਟਲਰ ਨੂੰ ਵੱਡਾ ਕਾਨੂੰਨੀ ਝਟਕਾ ਲਗਿਆ ਹੈ ਉ-ਥੇ ਹੀ ਉਕਤ ਪੁਲਬੰਗਸ਼ ਕੇਸ ਵਿੱਚ 1984 ਦੇ ਦੌਰਾਨ ਸਕੱਤਰ ਰਹੇ ਅਮਰਜੀਤ ਸਿੰਘ ਬੇਦੀ ਅਤੇ ਉਹਨਾਂ ਦੀ ਪੱਤਨੀ ਹਰਪਾਲ ਕੌਰ ਬੇਦੀ ਨੂੰ ਦਿੱਲੀ ਕਮੇਟੀ ਦੇ ਵਕੀਲਾਂ ਦੇ ਜਤਨਾ ਸਦਕਾ ਪੀੜਿਤ ਪੱਖ ਵੱਲੋਂ ਗਵਾਹ ਦੇ ਦੌਰ ਤੇ ਪੇਸ਼ ਕਰਨ ਨੂੰ ਅਦਾਲਤ ਵੱਲੋਂ ਪ੍ਰਵਾਨ ਕਰਨ ਕਰਕੇ ਟਾਈਟਲਰ ਨੂੰ ਸਜ਼ਾ ਹੋਣੀ ਵੀ ਹੁਣ ਤੈਅ ਹੋ ਗਈ ਹੈ। ਜੀ.ਕੇ. ਨੇ ਜੱਜ ਐਸ.ਪੀ.ਐਸ.ਲਲੇਰ ਵੱਲੋਂ ਅੱਜ ਉਕਤ ਕੇਸ ਦੀ ਜਾਂਚ ਨੂੰ ਅਦਾਲਤ ਵੱਲੋਂ ਮਹੀਨਾਵਾਰੀ ਤੌਰ ਤੇ ਵੇਖਣ ਦੇ ਦਿੱਤੇ ਗਏ ਫੈਸਲੇ ਦੀ ਵੀ ਸਲਾਘਾ ਕੀਤੀ।
ਜੀ.ਕੇ. ਨੇ ਭਾਰਤ ਦੀ ਨਿਆਪਾਲਿਕਾ ਤੇ ਪੂਰਾ ਭਰੋਸਾ ਜਤਾਉਂਦੇ ਹੋਏ ਬੀਤੇ 31 ਸਾਲਾਂ ਦੌਰਾਨ ਅਦਾਲਤਾਂ ਵਿੱਚ ਕੇਸਾਂ ਨੂੰ ਸਹੀ ਢੰਗ ਨਾਲ ਨਾ ਪੇਸ਼ ਹੋਣ, ਗਵਾਹਾਂ ਨੂੰ ਧੰਮਕਾਉਣ-ਲਲਚਾਉਣ ਅਤੇ ਕੌਮੀ ਹਿੱਤਾਂ ਤੋਂ ਵੱਧ ਨਿਜ਼ੀ ਮੁਫਾਦਾ ਨੂੰ ਅੱਗੇ ਰੱਖ ਕੇ ਲੜਾਈ ਲੜਨ ਵਾਲੇ ਲੋਕਾਂ ਦੀ ਵਫਾਦਾਰੀ ਤੇ ਵੀ ਸਵਾਲ ਚੁੱਕੇ। ਜੀ.ਕੇ. ਨੇ ਸਾਫ ਕਿਹਾ ਕਿ ਕੌਮ ਦੇ ਵਿੱਚ 1984 ਨੂੰ ਲੈ ਕੇ ਵੱਡਾ ਦਰਦ ਹੈ। ਇਸ ਕਰਕੇ ਅਗਰ ਦਿੱਲੀ ਕਮੇਟੀ ਵੱਲੋਂ ਸਾਫ ਨੀਅਤ ਅਤੇ ਪਾਰਦ੍ਰਸ਼ੀ ਕਾਰਜਪ੍ਰਣਾਲੀ ਦੇ ਸਹਾਰੇ ਕੀਤੇ ਜਾ ਰਹੇ ਕਾਰਜਾਂ ਨੂੰ ਸਾਰੀ ਕੌਮ ਆਪਣਾ ਭਰਵਾਂ ਸਮਰਥਨ ਦੇਵੇ ਤਾਂ ਕੌਮ ਦੇ ਕਾਤਿਲਾਂ ਨੂੰ ਸਜਾਵਾਂ ਮਿਲਣ ਤੋਂ ਕੋਈ ਨਹੀਂ ਰੋਕ ਸਕਦਾ।  ਸਿਰਸਾ ਨੇ ਕਿਹਾ ਕਿ ਜਿੱਥੇ ਅੱਜ ਦਾ ਫੈਸਲਾ ਸਵਾਗਤਯੋਗ ਹੈ ਉ-ਥੇ ਹੀ ਅਕਾਲੀ ਦਲ ਦੀ ਵੱਡੀ ਜਿੱਤ ਵੀ ਹੈ। ਸਿਰਸਾ ਨੇ ਕੁਝ ਸਿੱਖਾਂ ਵੱਲੋਂ ਹੀ ਸੋਸ਼ਲ ਮੀਡੀਆ ਤੇ ਕਾਤਿਲਾਂ ਨੂੰ ਸਜਾਵਾਂ ਨਾ ਮਿਲਣ ਦੀ ਉਮੀਦ ਦੇ ਪੋਸਟ ਕੀਤੇ ਜਾਉਂਦੇ ਨਿਰਾਸ਼ਾਵਾਦੀ ਵਿਚਾਰਾਂ ਤੋਂ ਬਚਣ ਦੀ ਵੀ ਨੌਜਵਾਨਾਂ ਨੂੰ ਅਪੀਲ ਕੀਤੀ। ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਪੂਰੀ ਤਨਦੇਹੀ ਦੇ ਨਾਲ ਕਾਤਿਲਾਂ ਨੂੰ ਸਜਾਵਾਂ ਦਿਵਾਉਣ ਦੀ ਲੜਾਈ ਲੜ ਰਹੀ ਹੈ ਇਸ ਲਈ ਸਾਰੀ ਕੌਮ ਨੂੰ ਇਸ ਮੁੱਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।ਸਿਰਸਾ ਨੇ ਕਲੀਨ ਚਿੱਟ ਮਿਲਣ ਤੋਂ ਖਾਰਿਜ਼ ਹੋਣ ਤਕ ਦੇ ਸਫਰ ਦੌਰਾਨ ਕਮੇਟੀ ਅਤੇ ਅਕਾਲੀ ਦਲ ਵੱਲੋਂ ਕੀਤੀ ਗਈ ਕਾਨੂੰਨੀ ਅਤੇ ਸਿਆਸੀ ਚਾਰਾਜੋਈ ਦਾ ਵੀ ਵੇਰਵਾ ਦਿੱਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply