Wednesday, March 25, 2026

ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਸ਼ੇਰੇ-ਪੰਜਾਬ ਨਾਲ ਸੰਬੰਧਿਤ ਇਕ ਵੀ ਸਮਾਰਕ ਸੁਰਖਿਅਤ ਨਹੀਂ- ਕੋਛੜ

Surinder Kochhar

ਅੰਮ੍ਰਿਤਸਰ, 4 ਦਸੰਬਰ (ਪ.ਪ)- ਭਾਵੇ ਕਿ ਮੁੱਢ ਤੋਂ ਪੰਜਾਬ ਸੂਬੇ ਦੀ ਹਰ ਸਰਕਾਰ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਦਾਅਵਾ ਕਰਦੀ ਆ ਰਹੀ ਹੈ, ਪਰੰਤੂ ਭਾਰਤੀ ਤੇ ਪਾਕਿਸਤਾਨੀ ਪੰਜਾਬ ਵਿਚ ਸ਼ੇਰੇ-ਪੰਜਾਬ ਨਾਲ ਸੰਬੰਧਿਤ ਇਕ ਵੀ ਸਮਾਰਕ ਨੂੰ ਸਹਿਜ ਕੇ ਜਾਂ ਸੁਰਖਿਅਤ ਨਹੀਂ ਰੱਖਿਆ ਜਾ ਸਕਿਆ ਹੈ।ਭਾਰਤ-ਪਾਕਿਸਤਾਨ ਵਿਚ ਮੌਜੂਦ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਯਾਦਗਾਰਾਂ ਦੀ ਮੌਜੂਦਾ ਹਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਪੂਰਬੀ ਤੇ ਪੱਛਮੀ ਪੰਜਾਬ ਵਿਚ ਸ਼ੇਰੇ-ਪੰਜਾਬ ਨਾਲ ਸੰਬੰਧਿਤ ਪੰਜ ਦਰਜਨ ਤੋਂ ਜ਼ਿਆਦਾ ਸਮਾਰਕ, ਜਿਨ੍ਹਾਂ ਵਿਚ ਮਹਾਰਾਜਾ ਅਤੇ ਉਨ੍ਹਾਂ ਦੇ ਜਰਨੈਲਾਂ ਦੁਆਰਾ ਬਣਾਏ ਕਿਲ੍ਹੇ, ਹਵੇਲੀਆਂ, ਬਾਰਾਂਦਰੀਆਂ, ਸਮਾਧੀ ਸਮਾਰਕ, ਬਾਗ਼, ਗੁਰਦੁਆਰੇ ਅਤੇ ਮਹਿਲ ਸ਼ਾਮਲ ਹਨ; ਨੂੰ ਜ਼ਮੀਨਦੋਜ਼ ਕਰ ਦਿੱਤਾ ਗਿਆ ਹੈ ਅਤੇ ਬਹੁਤ ਸਾਰੇ ਸਮਾਰਕ ਖੰਡਰਾਂ ਦਾ ਰੂਪ ਵਿਚ ਅੱਜ ਵੀ ਮੌਜੂਦ ਹਨ।
ਸ਼੍ਰੀ ਕੋਛੜ ਨੇ ਦੱਸਿਆ ਕਿ ਜਿਥੇ ਪਾਕਿਸਤਾਨ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਗੁਜਰਾਂਵਾਲਾ ਸਥਿਤ ਜਨਮ ਸਥਾਨ ਉਨ੍ਹਾਂ ਦੀ ਜੱਦੀ ਹਵੇਲੀ ਨੂੰ ਪਾਰਕਿੰਗ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਉਥੇ ਹੀ ਉਨ੍ਹਾਂ ਦੇ ਰਸੂਲ ਨਗਰ ਸਥਿਤ ਸ਼ਾਹੀ ਮਹਿਲ ਨੂੰ ਪਸ਼ੂ ਬੰਨ੍ਹਣ ਲਈ ਅਤੇ ਮਹਿਲ ਦੀਆਂ ਦੀਵਾਰਾਂ ਨੂੰ ਪਾਥੀਆਂ ਲਗਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।ਪਾਕਿਸਤਾਨ ਦੇ ਅਲਗ-ਅਲਗ ਸ਼ਹਿਰਾਂ ਵਿਚ ਮੌਜੂਦ ਮਹਾਰਾਜਾ ਦੇ ਪਿਤਾ, ਦਾਦਾ, ਸਪੁੱਤਰਾਂ, ਰਾਣੀਆਂ ਅਤੇ ਜਰਨੈਲਾਂ ਦੀਆਂ ਸਮਾਧੀਆਂ ਨੂੰ ਕੂੜਾ-ਘਰ ਅਤੇ ਉਨ੍ਹਾਂ ਦੀਆਂ ਹਵੇਲੀਆਂ ਤੇ ਕਿਲ੍ਹਿਆਂ ਨੂੰ ਹੋਰਨਾਂ ਕਾਰਜਾਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੁਆਰਾ ਦੀਨਾਨਗਰ ਵਿਚ ਬਣਵਾਏ ਗਏ ਸਮਰ ਹਾਊਸ ਸਹਿਤ ਅੰਮ੍ਰਿਤਸਰ ਵਿਚ ਤਾਮੀਰ ਕਰਵਾਏ ਗਏ ਵਿਰਾਸਤੀ ਸਮਾਰਕਾਂ, ਕਿਲ੍ਹਾ ਗੋਬਿੰਦਗੜ੍ਹ, ਰਾਮਬਾਗ (ਕੰਪਨੀ ਬਾਗ਼) ਅਤੇ ਉਸ ਵਿਚਲੇ ਸ਼ਾਹੀ ਮਹਿਲ, ਪਿੰਡ ਧਣੋਏ ਕਲਾਂ ਦੀ ਬਾਰਾਂਦਰੀ ਅਤੇ ਦਰਵਾਜ਼ਾ ਰਾਮਬਾਗ ਆਦਿ ਦੇ ਪ੍ਰਤੀ ਲੰਬੇ ਸਮੇਂ ਤੋਂ ਸਰਕਾਰ ਦੁਆਰਾ ਸਾਮ, ਦਾਮ, ਦੰਡ, ਭੇਦ ਦੀ ਨੀਤੀ ਅਪਨਾਈ ਜਾ ਰਹੀ ਹੈ।ਜਿਸ ਦੇ ਚਲਦਿਆਂ ਨਾ ਸਿਰਫ਼ ਇਨ੍ਹਾਂ ਸਮਾਰਕਾਂ ਅਤੇ ਮਹਾਰਾਜਾ ਨਾਲ ਸੰਬੰਧਿਤ ਇਤਿਹਾਸ ਨੂੰ ਹੀ ਖ਼ੁਰਦ-ਬੁਰਦ ਕੀਤਾ ਜਾ ਰਿਹਾ ਹੈ, ਸਗੋਂ ਸਮਾਰਕਾਂ ਦੇ ਚਲ ਰਹੇ ਨਵਨਿਰਮਾਣ ਦੇ ਪ੍ਰਤੀ ਵੀ ਬੇਰੁਖੀ ਵਿਖਾਈ ਜਾ ਰਹੀ ਹੈ। ਸ਼੍ਰੀ ਕੋਛੜ ਨੇ ਕਿਹਾ ਕਿ ਸਿੱਖ ਰਾਜ ਦੀ ਸ਼ਾਨ ਰਹੇ ਕਿਲ੍ਹਾ ਗੋਬਿੰਦਗੜ੍ਹ, ਮਹਾਰਾਜਾ ਦੁਆਰਾ ਅੰਮ੍ਰਿਤਸਰ ਦੇ ਰਾਮਬਾਗ਼ ਵਿਚ ਬਣਵਾਏ ਸ਼ਾਹੀ ਮਹਿਲ ਅਤੇ ਸ਼ਹਿਰ ਦੀ ਸੁਰਖਿਆ ਦੇ ਲਈ ਬਣਵਾਏ 12 ਦਰਵਾਜ਼ਿਆਂ ਵਿਚੋਂ ਸਿਰਫ਼ ਇਕੋ-ਇਕ ਬਾਕੀ ਬਚੇ ਦਰਵਾਜ਼ਾ ਰਾਮਬਾਗ਼ ਦੀ ਬਾਹਰੀ ਡਿਉੜੀ ਦੇ ਕਰਵਾਏ ਜਾ ਰਹੇ ਨਵਨਿਰਮਾਣ ਦੀ ਗਤੀ ਨੂੰ ਵੇਖਦਿਆਂ ਹੋਇਆਂ ਇਹ ਕਹਿਣਾ ਅਸੰਭਵ ਹੋ ਰਿਹਾ ਹੈ ਕਿ ਵਿਰਾਸਤ ਪ੍ਰੇਮੀਆਂ ਨੂੰ ਇਨ੍ਹਾਂ ਸਮਾਰਕਾਂ ਦੇ ਦੀਦਾਰ ਕਰਨ ਲਈ ਅਜੇ ਹੋਰ ਕਿੰਨੇ ਵਰ੍ਹੇ ਇੰਤਜ਼ਾਰ ਕਰਨਾ ਹੋਵੇਗਾ?ਉਹਨਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮ੍ਰਿਤਸਰ ਦੇ ਪਿੰਡ ਧਣੋਏ ਕਲਾਂ ਵਿਚ ਬਣਵਾਈ ਬਾਰਾਂਦਰੀ ਦੀ ਅਜ ਤੱਕ ਸਰਕਾਰ ਦੁਆਰਾ ਕੋਈ ਖ਼ਬਰ ਨਹੀਂ ਲਈ ਗਈ ਹੈ।ਜਿਸ ਕਾਰਣ ਉਪਰੋਕਤ ਬਾਰਾਂਦਰੀ ਦਾ ਭਵਿਖ ਪੂਰੀ ਤਰ੍ਹਾਂ ਨਾਲ ਖ਼ਤਰੇ ਵਿਚ ਹੈ ਅਤੇ ਖੰਡਰ ਦਾ ਰੂਪ ਲੈ ਚੁਕੀ ਇਹ ਬਾਰਾਂਦਰੀ ਕਦੇ ਵੀ ਡਿਗ ਸਕਦੀ ਹੈ।ਉਹਨਾਂ ਨੇ ਕਿਹਾ ਕਿ ਮਹਾਰਾਜਾ ਨਾਲ ਸੰਬੰਧਿਤ ਇਤਿਹਾਸ ਅਤੇ ਵਿਰਾਸਤੀ ਸਮਾਰਕ ਪਿਛਲੇ ਲੰਬੇ ਸਮੇਂ ਤੋਂ ਸੰਤਾਪ ਭੋਗ ਰਹੇ ਹਨ ਅਤੇ ਖੁਦ ਨਾਲ ਕੀਤੀ ਜਾ ਰਹੀ ਬੇਇਨਸਾਫ਼ੀ ਦੀ ਦੁਹਾਈ ਦਿੰਦੇ ਪ੍ਰਤੀਤ ਹੋ ਰਹੇ ਹਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply