ਅਮਰਿੰਦਰ ਨੂੰ ਵੰਗਾਰਿਆ, ਕਿਹਾ ਕੈਪਟਨ ਟਾਇਟਲਰ, ਸੱਜਣ ਕੁਮਾਰ ਨੂੰ ਕਾਂਗਰਸ ਪਾਰਟੀ ‘ਚੋਂ ਕਢਵਾਉਣ
ਅੰਮ੍ਰਿਤਸਰ, 5 ਦਸੰਬਰ (ਗੁਰਚਰਨ ਸਿੰਘ)- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਖੁਦ ਨੂੰ ਜਨ ਸਧਾਰਣ ਦੀ ਪਾਰਟੀ ਕਹਿ ਕੇ ਸਰਕਾਰੀ ਖਜ਼ਾਨੇ ਨੂੰ ਯੋਜਨਾਬੱਧ ਤਰੀਕੇ ਨਾਲ ਲੁੱਟਿਆ ਹੈ।ਦਿੱਲੀ ਦੇ ਵਿਧਾਇਕਾਂ ਵੱਲੋਂ ਤਨਖਾਹਾਂ ਵਿਚ ਕੀਤੇ ਅਥਾਹ ਵਾਧੇ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਉਹ ਇਹ ਵੀ ਦੱਸੇ ਕਿ 57 ਮੁੱਖ ਪਾਰਲੀਮਾਨੀ ਸਕੱਤਰਾਂ ਅਤੇ ਚੇਅਰਮੈਨਾਂ ਦੀ ਫੌਜ ਕਿਸ ਲਈ ਲਗਾਈ ਗਈ ਹੈ, ਜਿਨ੍ਹਾਂ ਨੂੰ ਕੈਬਨਿਟ ਰੈਂਕ ਦੀਆਂ ਸਭ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਦਾ ਲੋਕ ਵਿਰੋਧੀ ਚਿਹਰਾ ਦੇਖ ਕੇ ਦਿੱਲੀ ਦੇ ਲੋਕ ਹੁਣ ਹੈਰਾਨ ਹੋ ਰਹੇ ਹਨ ਕਿਉਂ ਕਿ ਦਿੱਲੀ ਵਿਚ ਵੈਟ ਦਰ ਵਿਚ ਵੀ ਅਥਾਹ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ
ਸ. ਬਾਦਲ ਇੱਥੇ ਹਰਿਮੰਦਰ ਸਾਹਿਬ ਵਿਖੇ ਆਪਣੀ ਸੁਪਤਨੀ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨਾਲ ਨਤਮਸਤਕ ਹੋਣ ਲਈ ਆਏ ਸਨ। ਉਨ੍ਹਾਂ ਅਲਾਹੀ ਬਾਣੀ ਵੀ ਸਰਵਣ ਕੀਤੀ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਆਮ ਲੋਕਾਂ ਦੀ ਪਾਰਟੀ ਕਹਾਉਣ ਵਾਲੀ ‘ਆਪ’ ਚੋਣਾਂ ਤੋਂ ਪਹਿਲਾਂ ਜਿਨ੍ਹਾਂ ਗੱਲਾਂ ਦਾ ਜੰਮ ਕੇ ਵਿਰੋਧ ਕਰਦੀ ਸੀ ਹੁਣ ਖੁਦ ਉਨ੍ਹਾਂ ਗੱਲਾਂ ਵਿਚ ਗਲਤਾਨ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਭੁੱਲ ਕੇ ਹੁਣ ਸਰਕਾਰੀ ਖਜ਼ਾਨੇ ਨੂੰ ਲੁੱਟ ਰਹੀ ਹੈ ਅਤੇ ਇਸ ਦੇ ਆਗੂ ਲਾਲ ਬੱਤੀਆਂ ਸਮੇਤ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦਾ ਫੀਤਾ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਬਦਲੇ ਦੇਸ਼ ਦੇ ਲੋਕ ‘ਆਪ’ ਨੂੰ ਕਦੇ ਮੁਆਫ ਨਹੀਂ ਕਰਨਗੇ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ ਅਤੇ ਹੁਣ ਕੋਈ ਵੀ ਪੈਂਤੜਾ ਉਸ ਦੇ ਭਵਿੱਖ ਨੂੰ ਸੰਵਾਰ ਨਹੀਂ ਸਕਦਾ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੇ ਸੂਬਾ ਪ੍ਰਧਾਨ ਵੱਜੋਂ ਹੋਈ ਨਿਯੁਕਤੀ ਸਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਕੈਪਟਨ ਦੀ ਤਾਜਪੋਸ਼ੀ ਤੋਂ ਪਹਿਲਾਂ ਹੀ ਕਾਂਗਰਸੀ ਆਗੂਆਂ ਦਾ ਝਗੜਾ ਪਾਰਟੀ ਦੀ ਅੰਦਰੂਨੀ ਖਾਨਾਜੰਗੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕੈਪਟਨ ਵੱਲੋਂ ਏਕਤਾ ਦੇ ਦਾਅਵੇ ਪਾਰਟੀ ਨੂੰ ਬਚਾ ਨਹੀਂ ਸਕਦੇ ਅਤੇ ਉਹ ਆਪਣੀਆਂ ਅਖੌਤੀ ਬਿਆਨਬਾਜ਼ੀਆਂ ਦੇ ਸਿਰ ‘ਤੇ ਪੰਜਾਬ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦਾ ਕਿਉਂ ਕਿ ਪੰਜਾਬ ਵਿਚ ਕੋਈ ਨਹੀਂ ਚਾਹੁੰਦਾ ਕਿ ਕੈਪਟਨ ਦੇ ਕੁਸਾਸ਼ਨ ਵਾਲੇ ਕਾਲੇ ਦਿਨਾਂ ਦੀ ਵਾਪਸੀ ਹੋਵੇ। ਉਨ੍ਹਾਂ ਕਿਹਾ ਕਿ ਜੇ ਕੈਪਟਨ ਇਕ ਸੱਚਾ ਸਿੱਖ ਹੈ ਤਾਂ ਉਸ ਨੂੰ 1984 ਦੇ ਸਿੱਖ ਕਤਲੇਆਮ ਦੇ ਇਨਸਾਫ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਕਾਂਗਰਸੀ ਆਗੂਆਂ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਪਹਿਲਾਂ ਦੋਵਾਂ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੀ ਵਕਾਲਤ ਕਰੇ। ਉਨ੍ਹਾਂ ਕਿਹਾ ਕਿ ਫੋਕੇ ਵਾਅਦਿਆਂ ਨਾਲ ਕੁਝ ਨਹੀਂ ਬਣਨਾ ਪਹਿਲਾਂ ਦੋਵਾਂ ਆਗੂਆਂ ਨੂੰ ਕਾਂਗਰਸ ਪਾਰਟੀ ਬਾਹਰ ਦਾ ਰਸਤਾ ਦਿਖਾਵੇ।
ਜਦੋਂ ਉਨ੍ਹਾਂ ਨੂੰ ਪੰਜਾਬ ਵਿਚ ਹੋ ਰਹੀਆਂ ਸਦਭਾਵਨਾ ਰੈਲੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਰੈਲੀਆਂ ਬੇਹੱਦ ਕਾਮਯਾਬ ਚੱਲ ਰਹੀਆਂ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਰੈਲੀਆਂ ਵਿਚ ਸ਼ਿਰਕਤ ਕਰ ਰਹੇ ਹਨ ਜੋ ਕਿ ਸਿੱਧ ਕਰਦਾ ਹੈ ਕਿ ਪੰਜਾਬ ਦੇ ਲੋਕ ਅਮਨ-ਸ਼ਾਂਤੀ, ਏਕਤਾ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁੱਦਾਹੀਣ ਸਿਆਸੀ ਵਿਰੋਧੀਆਂ ਕੋਲ ਸੂਬਾ ਸਰਕਾਰ ਨੂੰ ਭੰਡਣ ਤੋਂ ਇਲਾਵਾ ਹੋਰ ਕੋਈ ਕੰਮ ਹੈ ਹੀ ਨਹੀਂ। 2017 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਿਰਫ ਵੱਡੀ ਸਫਲਤਾ ਹੀ ਹਾਸਲ ਨਹੀਂ ਕਰੇਗਾ ਸਗੋਂ 2022 ਅਤੇ 2027 ਵਿਚ ਵੀ ਜਿੱਤ ਹਾਸਲ ਕਰੇਗਾ ਕਿਉਂ ਕਿ ਗੱਠਜੋੜ ਦੇ ਵਿਕਾਸ ਏਜੰਡੇ ਦਾ ਕਿਸੇ ਪਾਰਟੀ ਕੋਲ ਕੋਈ ਵਿਕਲਪ ਨਹੀਂ। ਉਨ੍ਹਾਂ ਇਹ ਵੀ ਦੱਸਿਆ ਕਿ ਕਾਂਗਰਸ ਦੀ ਬਠਿੰਡਾ ਰੈਲੀ ਦੇ ਬਰਾਬਰ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਾਲੀ ਰੈਲੀ 15 ਦਸੰਬਰ ਨੂੰ ਕਰਵਾਈ ਜਾਵੇਗੀ।
Punjab Post Daily Online Newspaper & Print Media
