ਜ਼ਿਲ੍ਹਾ ਪੱਧਰੀ ਸਮਾਰੋਹ ਵਿੱਚ ਦਿੱਤਾ ਜਾਵੇਗਾ ਇਹ ਐਵਾਰਡ – ਬਿਕਰਮ ਗਿੱਲ
ਬਟਾਲਾ, 8 ਦਸੰਬਰ (ਨਰਿੰਦਰ ਸਿੰਘ ਬਰਨਾਲ)- ਪਿਛਲੇ ਇੱਕ ਦਹਾਕੇ ਤੋਂ ਸਮਾਜ ਸੇਵਾ, ਯੁਵਕ ਭਲਾਈ ਕਾਰਜਾਂ ਵਿੱਚ ਪੂਰੀ ਤਨਦੇਹੀ ਨਾਲ ਕਾਰਜਸ਼ੀਲ ਸਰਹੱਦੀ ਸਪੋਰਟਸ ਅਤੇ ਵੈਲਫੇਅਰ ਕਲੱਬ ਬਟਾਲਾ ਨੂੰ ਇਸ ਸਾਲ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਬੈਸਟ ਕਲੱਬ ਚੁਣਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਕੋਆਰਡੀਨੇਟਰ ਸ. ਬਿਕਰਮ ਸਿੰਘ ਗਿੱਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਦੀ ਅਗਵਾਈ ਹੇਠ ਜ਼ਿਲ੍ਹਾ ਚੋਣ ਕਮੇਟੀ ਵੱਲੋਂ ਜ਼ਿਲ੍ਹੇ ਭਰ ਤੋਂ ਵੱਖ-ਵੱਖ ਕਲੱਬਾਂ ਦੀਆਂ ਪਹੁੰਚੀਆਂ ਅਰਜ਼ੀਆਂ ਵਿੱਚੋਂ ਕਲੱਬਾਂ ਦੇ ਕੰਮਾਂ ਦੇ ਕੀਤੇ ਗਏ ਮੁਲਾਂਕਣ ਉਪਰੰਤ ਇਸ ਕਲੱਬ ਨੂੰ ਜ਼ਿਲ੍ਹੇ ਦੀ ਬੈਸਟ ਕੱਲ ਚੁਣਿਆ ਗਿਆ ਹੈ। ਸ. ਗਿੱਲ ਨੇ ਦੱਸਿਆ ਕਿ ਸਰਹੱਦੀ ਸਪੋਰਟਸ ਅਤੇ ਵੈਲਫੇਅਰ ਕਲੱਬ ਬਟਾਲਾ ਵੱਲੋਂ ਨਸ਼ਾ, ਏਡਜ਼, ਕੰਨਿਆ ਭਰੂਣ ਹੱਤਿਆ ਸਮੇਤ ਕਈ ਸਮਾਜਿਕ ਬੁਰਾਈਆਂ ਵਿਰੁੱਧ ਸੈਮੀਨਾਰ, ਰੈਲੀਆਂ, ਖੁਨ ਦਾਨ ਕੈਂਪ, ਸੱਭਿਆਚਾਰਕ ਪ੍ਰੋਗਰਾਮ, ਵੋਕੇਸ਼ਨਲ ਟ੍ਰੇਨਿੰਗ, ਯੂਥ ਲੀਡਰਸ਼ਿਪ ਸੈਮੀਨਾਰ, ਕਮਿਊਨਿਟੀ ਡਿਵੈਲਪਮੈਂਟ ਕੈਂਪ, ਵਰਕ ਕੈਂਪ, ਵਣ-ਮਹਾਂਉਤਸਵ, ਹੈਲਥ ਅਵੇਅਰਨੈੱਸ ਸੈਮੀਨਾਰ, ਯੋਗਾ ਕੈਂਪ ਆਦਿ ਕਰਵਾਏ ਗਏ ਸਨ ਅਤੇ ਇਸ ਕਲੱਬ ਦੇ ਮੈਂਬਰਾਂ ਵੱਲੋਂ ਜ਼ਿਲ੍ਹਾ, ਰਾਜ ਅਤੇ ਕੌਮੀ ਪੱਧਰ ‘ਤੇ ਲੱਗੇ ਕੈਂਪਾਂ, ਵਰਕਸ਼ਾਪਾਂ ਅਤੇ ਟ੍ਰੇਨਿੰਗ ਪ੍ਰੌਗਰਾਮਾਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ ਹੈ।
ਜ਼ਿਲ੍ਹਾ ਯੂਥ ਕੋਆਰਡੀਨੇਟਰ ਸ. ਬਿਕਰਮ ਸਿੰਘ ਗਿੱਲ ਨੇ ਸਰਹੱਦੀ ਸਪੋਰਟਸ ਕਲੱਬ ਦੇ ਪ੍ਰਧਾਨ ਸ. ਤੇਜਪ੍ਰਤਾਪ ਸਿੰਘ ਕਾਹਲੋਂ, ਅਹੁਦੇਦਾਰਾਂ ਲਖਬੀਰ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਮਨਜੋਤ ਸਿੰਘ, ਰਾਜਨਬੀਰ ਸਿੰਘ, ਸਵੀਤੇਜਦੀਪ ਸਿੰਘ, ਸੁਖਮਨ ਰੰਧਾਵਾ ਸਮੇਤ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸਮਾਜ ਭਲਾਈ ਕਾਰਜਾਂ ਦੀ ਪ੍ਰਸੰਸਾ ਕੀਤੀ ਹੈ। ਸ. ਗਿੱਲ ਨੇ ਦੱਸਿਆ ਕਿ ਸਰਹੱਦੀ ਸਪੋਰਟਸ ਕਲੱਬ ਨੂੰ ਜ਼ਿਲ੍ਹੇ ਦੀ ਬੈਸਟ ਕਲੱਬ ਦਾ ਐਵਾਰਡ ਜ਼ਿਲ੍ਹਾ ਪੱਧਰੀ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸਰਹੱਦੀ ਸਪੋਰਟਸ ਕਲੱਬ ਦੀ ਅਰਜ਼ੀ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਰਾਜ ਪੱਧਰੀ ਕਲੱਬ ਦੀ ਚੋਣ ਮੁਕਾਬਲੇ ਸਬੰਧੀ ਵੀ ਭੇਜੀ ਜਾਵੇਗੀ। ਇਸ ਮੌਕੇ ਪ੍ਰਧਾਨ ਸ. ਤੇਜਪ੍ਰਤਾਪ ਸਿੰਘ ਕਾਹਲੋਂ ਨੇ ਰਾਜ ਪੱਧਰੀ ਚੋਣ ਮੁਕਾਬਲੇ ਲਈ ਆਪਣੇ ਕਲੱਬ ਦੀ ਪ੍ਰੋਜੈਕਟ ਰਿਪੋਰਟ ਸ. ਗਿੱਲ ਨੂੰ ਭੇਂਟ ਕੀਤੀ। ਇਸ ਮੌਕੇ ਸਹਾਇਕ ਲੋਕ ਸੰਪਰਕ ਅਫਸਰ ਇੰਦਰਜੀਤ ਸਿੰਘ ਬਾਜਵਾ, ਨਹਿਰੂ ਯੁਵਾ ਕੇਂਦਰ ਦੇ ਪ੍ਰੋਜੈਕਟ ਅਫਸਰ ਅੰਮ੍ਰਿਤਪਾਲ ਸਿੰਘ ਬਾਜਵਾ, ਮੈਡਮ ਸੰਤੋਸ਼ ਕੁਮਾਰੀ, ਵਜਿੰਦਰ ਸਿੰਘ ਡਡਿਆਲਾ ਨੱਤ, ਸ. ਕਰਮ ਸਿੰਘ, ਪਾਰਸ ਜੁਲਕਾ, ਮੈਡਮ ਅਨੀਤਾ, ਸ. ਟਹਿਲ ਸਿੰਘ, ਅਮਰਜੀਤ ਕੌਰ, ਰਜਵੰਤ ਕੌਰ, ਕੰਵਲਜੀਤ ਕੌਰ, ਜਗਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਕੌਰ, ਅਨਮੋਲਪ੍ਰੀਤ ਸਿੰਘ ਵੀ ਹਾਜ਼ਰ ਸਨ।
Punjab Post Daily Online Newspaper & Print Media
