
ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ ਕਾਲਜ ਵਿਖੇ ਵਿਗਿਆਨ, ਵਿਗਿਆਨਕਾਂ ਦੇ ਅਨੁਭਵ ਅਤੇ ਬੱਚਿਆਂ ਦੇ ਸਵਾਲਾਂ ਦਾ ਆਦਾਨ ਪ੍ਰਦਾਨ ਕਰਦਾ ਇੰਸਪਾਇਰ ਸਾਇੰਸ ਪੰਜ ਦਿਨਾਂ ਕੈਂਪ ਅੱਜ ਸਮਾਪਤ ਹੋ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਰੀਬ 250 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵਿਗਿਆਨ ਦੇ ਰਹੱਸਾਂ ਨੂੰ ਜਾਨਣ ਦੇ ਨਾਲ-ਨਾਲ ਪ੍ਰਯੋਗਸ਼ਾਲਾਵਾਂ ਦਾ ਵੀ ਲਾਭ ਪ੍ਰਾਪਤ ਕੀਤਾ। ਕੈਂਪ ਦੇ ਆਖਰੀ ਦਿਨ ਡੀ.ਏ.ਵੀ ਕਾਲਜ ਮੈਨੇਜਮੈਂਟ ਕਮੇਟੀ ਦੇ ਆਨਰੇਰੀ ਖਜਾਨਚੀ ਸ੍ਰੀ ਜੇ.ਕੇ. ਲੂਥਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿੰਨ੍ਹਾਂ ਦਾ ਸਵਾਗਤ ਵਾਇਸ ਪ੍ਰਿੰਸੀਪਲ ਡਾ. ਵਿਸ਼ਵ ਬੰਧੂ, ਸਾਇੰਸ ਕੈਂਪ ਕੋਆਰਡੀਨੇਟਰ ਡਾ. ਰੁਪਿੰਦਰ ਕੌਰ, ਅਸਿਸਟੈਂਟ ਕੋਆਰਡੀਨੇਟਰ ਪ੍ਰੋ: ਜੇ.ਜੇ. ਮਹਿੰਦਰੂ, ਐਡਵਾਇਜ਼ਰੀ ਸਮਿਤੀ ਦੇ ਡਾਇਰੈਕਟਰ ਡੇਜ਼ੀ ਸ਼ਰਮਾ ਵੱਲੋਂ ਕੀਤਾ ਗਿਆ। ਸਮਾਗਮ ਦੇ ਪਹਿਲੇ ਸ਼ੈਸ਼ਨ ਵਿੱਚ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ ਕਰਨਾਲ ਦੇ ਪ੍ਰਿੰਸੀਪਲ ਵਿਗਿਆਨਕ ਡਾ. ਐਮ.ਐਸ ਚੌਹਾਨ ਨੇ ਆਪਣੇੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਹੋਏ ਅਤੇ ਰੋਚਕ ਤਰੀਕੇ ਨਾਲ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਦੇ ਤਰੀਕੇ ਦੱਸੇ। ਉਨਾਂ ਨੇ ਕਰਨਾਲ ਇੰਸਟੀਚਿਊਟ ਵੱਲੋਂ ਬਣਾਈ ਗਈ ਗਰਿਮਾ ਨਾਮ ਦੀ ਕਲੋਨੇਡ ਮੱਝ ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ। ਦੂਸਰੇ ਸ਼ੈਸ਼ਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜੋਆਲੋਜੀ ਵਿਭਾਗ ਵਿੱਚ ਡਾ. ਅਨਿਲ ਦੁਆ ਨੇ ਜੀਵਨ ਵਿੱਚ ਅੱਗੇ ਵਧਣ ਬਾਰੇ ਸਾਇੰਸ ਦੀ ਲੋੜ ਬਾਰੇ ਵਿਦਿਆਰਥੀਆਂ ਜਾਣਕਾਰੀ ਦਿੱਤੀ। ਫੀਡਬੈਕ ਸ਼ੈਸ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਕਾਲਜ ਦੇ ਟੀਚਰਾਂ ਨੇ ਪ੍ਰਿੰਸੀਪਲ ਡਾ. ਰਜੇਸ਼ ਕੁਮਾਰ ਦਾ ਸਫਲ ਸਾਇੰਸ ਕੈਂਪ ਆਯੋਜਿਤ ਕਰਨ ‘ਤੇ ਧੰਨਵਾਦ ਕੀਤਾ। ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਅਤੇ ਕਾਲਜ ਦੇ ਸਾਇੰਸ ਵਿਭਾਗ ਵੱਲੋਂ ਆਯੋਜਿਤ ਇੰਸਪਾਇਅਰ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਇੰਸਦਾਨਾਂ ਵਿੱਚ ਡਾ. ਕ੍ਰਿਸ਼ਨਾਮੂਰਤੀ, ਡਾ. ਏ.ਐਸ. ਆਹਲੂਵਾਲੀਆ, ਡਾ. ਜੀ.ਐਸ. ਸੋਢੀ, ਡਾ. ਪ੍ਰੇਮ ਸਿੰਘ, ਡਾ. ਚੰਚਲ ਕੁਮਾਰ, ਪ੍ਰੋ: ਨਰਪਿੰਦਰ ਸਿੰਘ, ਡਾ. ਅਰਵਿੰਦਰ ਕੁਮਾਰ, ਡਾ. ਐਸ.ਕੇ. ਡੋਗਰਾ, ਡਾ. ਐਮ.ਐਸ. ਚੌਹਾਨ, ਡਾ. ਅਨਿਲ ਦੁਆ ਸ਼ਾਮਲ ਹੋਏ।
Punjab Post Daily Online Newspaper & Print Media