
ਭਿੱਖੀਵਿੰਡ, 8 ਦਸੰਬਰ (ਕੁਲਵਿੰਦਰ ਸਿੰਘ ਕੰਬੋਕੇ)- ਅੱਡਾ ਭਿੱਖੀਵਿੰਡ ਵਿਖੇ ਅੱਜ ਟਰੈਫਿਕ ਇੰਚਾਰਜ ਐਸ.ਆਈ ਅਮਰਜੀਤ ਸਿੰਘ, ਏ.ਐਸ.ਆਈ. ਅਵਤਾਰ ਸਿੰਘ ਅਤੇ ਮਿਊਂਸਪਲ ਕਮੇਟੀ ਭਿੱਖੀਵਿੰਡ ਨੇ ਅੱਜ ਬਜਾਰਾਂ ਵਿੱਚ ਗਲਤ ਢੰਗ ਨਾਲ ਖੜੀਆਂ ਕੀਤੀਆਂ ਗੱਡੀਆਂ ਅਤੇ ਸੜਕਾਂ ‘ਚ ਲਗਾਈਆਂ ਰੇਹੜੀਆਂ ਦੇ ਚਲਾਨ ਕੱਟੇ ਗਏ।ਪਿਛਲੇ ਕਾਫੀ ਸਮੇਂ ਤੋਂ ਲੋਕਾਂ ਨੂੰ ਪੇਸ਼ ਆ ਰਹੀ ਟਰੈਫਿਕ ਦੀ ਮਸ਼ਕਲ ਨੂੰ ਦੇਖਦਿਆਂ ਅੱਜ ਐਸ.ਆਈ ਅਮਰਜੀਤ ਸਿੰਘ ਵੱਲੋਂ ਸਖਤ ਕਦਮ ਚੁੱਕਦਿਆਂ ਰੇਹੜੀਆਂ ਅਤੇ ਦੁਕਾਨਾਂ ਦੇ ਅੱਗੇ ਵਧੇ ਛੱਜਿਆਂ ਨੂੰ ਹਟਾਇਆ ਗਿਆ ਅਤੇ ਕੁੱਝ ਲੋਕਾਂ ਦਾ ਸਮਾਨ ਟਰਾਲੀ ਵਿੱਚ ਲੱਦ ਕੇ ਕਮੇਟੀ ਵਾਲੇ ਨਾਲ ਲੈ ਗਏ।ਇਸ ਸਮੇਂ ਗੱਲਬਾਤ ਕਰਦਿਆਂ ਟਰੈਫਿਕ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਲੱਗਦੇ ਟਰੈਫਿਕ ਜਾਮ ਨੂੰ ਦੇਖਦਿਆਂ ਦੁਕਾਨਦਾਰਾਂ ਸੜਕਾਂ ਵਿੱਚ ਖਿਲਾਰਿਆ ਸਮਾਨ ਸੰਭਾਲਣ ਅਤੇ ਰੇਹੜੀਆਂ ਵਾਲਿਆਂ ਨੂੰ ਗੈਰਕਨੂੰਨੀ ਕੰਮ ਕਰਨ ਤੋਂ ਵਰਜਿਆ ਗਿਆ ਸੀ। ਲੇਕਿਨ ਉਨਾਂ ਵਲੋਂ ਗੱਲ ਨਾ ਮੰਨਣ ‘ਤੇ ਅੱਜ ਇਹ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਫਿਰ ਕਿਸੇ ਨੇ ਵੀ ਸੜਕਾਂ ਵਿੱਚ ਸਮਾਨ ਰੱਖਣ ਅਤੇ ਰਸਤੇ ‘ਚ ਰੇਹੜੀਆਂ ਫੜੀਆ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
Punjab Post Daily Online Newspaper & Print Media