
ਬਠਿੰਡਾ, 15 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇਹ ਰੈਲੀ ਸਾਰੀ ਰੈਲੀਆਂ ਦੀ ਮਾਂ ਸੀ, ਜਿਸ ਵਿੱਚ 5 ਲੱਖ ਤੋਂ ਵੱਧ ਲੋਕਾਂ ਦੀ ਮੌਜ਼ੂਦਗੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਤੀਜ਼ੀ ਵਾਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ। ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਜ਼ੂਦਗੀ ਹੇਠ ਇੰਨਾ ਵੱਡਾ ਇਕੱਠ ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਨਹੀਂ ਦੇਖਿਆ ਗਿਆ ਸੀ।ਇਸ ਲੜੀ ਹੇਠ ਬੀਤੇ ਮਹੀਨੇ ਇਸੇ ਸਥਾਨ ‘ਤੇ ਅਕਾਲੀਆਂ ਦੀ ਰੈਲੀ ਦੇ ਪੰਡਾਲ ਤੋਂ ਦੋਗੁਣਾਂ ਹੋਣ ਦੇ ਬਾਵਜੂਦ ਅੱਜ ਪੰਡਾਲ ਛੋਟਾ ਪੈ ਰਿਹਾ ਸੀ ਤੇ ਵੱਡੀ ਗਿਣਤੀ ਵਿੱਚ ਲੋਕ ਦਰਖਤਾਂ ਤੇ ਇਮਾਰਤਾਂ ਅਤੇ ਇਥੋਂ ਤੱਕ ਬਿਜਲੀ ਦੇ ਟ੍ਰਾਂਸਫਾਰਮਰਾਂ ‘ਤੇ ਚੜ੍ਹ ਕੇ ਦੇਖ ਰਹੇ ਸਨ।ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਕਾਂਗੜ ਤੇ ਕਿੱਕੀ ਢਿਲੋਂ ਨੂੰ ਵਾਰ ਵਾਰ ਲੋਕਾਂ ਨੂੰ ਟ੍ਰਾਂਸਫਾਰਮਰਾਂ ਤੋਂ ਹੇਠਾਂ ਉਤਰਨ ਦੀ ਅਪੀਲ ਕਰਨੀ ਪੈ ਰਹੀ ਸੀ। ਜਦਕਿ ਪੰਜ ਲੱਖ ਦੇ ਕਰੀਬ ਲੋਕ ਪੰਡਾਲ ਦੇ ਅੰਦਰ ਤੇ ਰੈਲੀ ਸਥਾਨ ਦੇ ਆਲੇ ਦੁਆਲੇ ਮੌਜ਼ੂਦ ਸਨ, ਇੰਨੀ ਹੀ ਗਿਣਤੀ ਵਿੱਚ ਲੋਕ ਸੜਕਾਂ ‘ਤੇ ਭਾਰੀ ਜਾਮ੍ਹ ਲੱਗਣ ਕਾਰਨ ਰੈਲੀ ਸਥਾਨ ‘ਤੇ ਪਹੁੰਚ ਨਹੀਂ ਸਕੇ ਸਨ। ਲੋਕ ਮੀਲਾਂ ਤੋਂ ਤੁਰ ਕੇ ਰੈਲੀ ਸਥਾਨ ‘ਤੇ ਪਹੁੰਚ ਕੇ ਇਸ ਅਹੁਦਾ ਸੰਭਾਲ ਸਮਾਰੋਹ ਦੇ ਗਵਾਹ ਬਣਨ ਆ ਰਹੇ ਸਨ। ਜੋ ਅਸਲਿਅਤ ਵਿੱਚ ਲੱਖਾਂ ਲੋਕਾਂ ਦਾ ਮਾਰਚ ਲੱਗ ਰਿਹਾ ਸੀ। ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਸਮੀ ਤੌਰ ‘ਤੇ ਕੈਪਟਨ ਅਮਰਿੰਦਰ ਨੂੰ ਪਾਰਟੀ ਝੰਡਾ ਸੌਂਪ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਚਾਰਜ ਸੌਂਪਿਆ ਗਿਆ, ਜਿਸ ਦੌਰਾਨ ਲੋਕਾਂ ਵੱਲੋਂ ਬੋਲੇ ਸੋ ਨਿਹਾਲ ਦੇ ਨਾਅਰਿਆਂ ਦਾ ਹੁੰਗਾਰਾ ਭਰਿਆ ਗਿਆ, ਜਿਨ੍ਹਾਂ ਦੀ ਕੈਪਟਨ ਅਮਰਿੰਦਰ ਨੇ ਹਵਾ ਵਿੱਚ ਹੱਥ ਹਿਲਾ ਕੇ ਵਧਾਈ ਕਬੂਲੀ। ਇਸ ਮੌਕੇ ਕਾਂਗਰਸ ਦੀ ਲਗਭਗ ਪੂਰੀ ਲੀਡਰਸ਼ਿਪ ਮੌਜ਼ੂਦ ਸੀ।ਜਿਨ੍ਹਾਂ ਵਿੱਚ ਕਾਂਗਰਸ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ਼ ਸ਼ਕੀਲ ਅਹਿਮਦ, ਸਕੱਤਰ ਹਰੀਸ਼ ਚੌਧਰੀ, ਕਾਂਗਰਸ ਪ੍ਰਚਾਰ ਕਮੇਟੀ ਦੀ ਚੇਅਰਮੈਨ ਅੰਬਿਕਾ ਸੋਨੀ, ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ, ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰਾਂ ਵਿੱਚ ਅਸ਼ਵਨੀ ਕੁਮਾਰ, ਚੌਧਰੀ ਸੰਤੋਖ, ਰਵਨੀਤ ਬਿੱਟੂ ਤੇ ਸਾਰੇ ਵਿਧਾਇਕ, ਸਾਬਕਾ ਵਿਧਾਇਕ, ਜ਼ਿਲ੍ਹਾ ਪ੍ਰਧਾਨ ਤੇ ਸੂਬੇ ਦੇ ਅਹੁਦੇਦਾਰ ਸ਼ਾਮਿਲ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਅਹੁਦਾ ਸੰਭਾਲ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਦਿੱਤੇ ਗਏ ਪਿਆਰ ਤੇ ਸਤਿਕਾਰ ਲਈ ਖੁਦ ਨੂੰ ਬੇਹਦ ਨਿਮਾਣਾ ਮਹਿਸੂਸ ਕਰ ਰਹੇ ਹਨ।ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨਗੇ ਤੇ 2017 ਵਿੱਚ ਕਾਂਗਰਸ ਦੀ ਜਿੱਤ ਪੁਖਤਾ ਕਰਨਗੇ।ਉਨ੍ਹਾਂ ਨੇ ਸ੍ਰੀ ਗੁਟਕਾ ਸਾਹਿਬ ‘ਤੇ ਹੱਥ ਰੱਖ ਕੇ ਸੌਂਹ ਖਾਧੀ ਕਿ ਸਰਕਾਰ ਬਣਾਉਣ ਤੋਂ ਤੁਰੰਤ ਬਾਅਦ ਉਹ ਪੰਜਾਬ ਵਿੱਚ ਨਸ਼ਾਖੋਰੀ ਦਾ ਖਾਤਮਾ ਕਰਨਗੇ ਅਤੇ ਦੋਸ਼ੀਆਂ ਨੂੰ ਸਜ਼ਾ ਦੇਣਗੇ, ਭ੍ਰਿਸ਼ਟਾਚਾਰ ਨੂੰ ਖਤਮ ਕਰਨਗੇ ਅਤੇ ਕਾਂਗਰਸੀ ਵਰਕਰਾਂ ਖਿਲਾਫ ਦਰਜ਼ ਸਾਰੇ ਝੂਠੇ ਕੇਸ ਰੱਦ ਕਰਨਗੇ।ਸਾਬਕਾ ਪ੍ਰਧਾਨ ਬਾਜਵਾ ਨੇ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਪੁਖਤਾ ਕਰਨ ਲਈ ਉਨ੍ਹਾਂ ਨੂੰ ਆਪਣਾ ਪੂਰਾ ਸਮਰਥਨ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਉਹ ਬਾਦਲਾਂ ‘ਤੇ ਪੰਜਾਬ ਨੂੰ ਬਰਬਾਦ ਕਰਨ ਲਈ ਵਰ੍ਹੇ ਤੇ ਕਿਹਾ ਕਿ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਜ਼ੂਦਲੀ ਨੇ ਬਾਦਲਾਂ ਖਿਲਾਫ ਲੋਕਾਂ ਦੇ ਗੁੱਸੇ ਨੂੰ ਦਰਸਾ ਦਿੱਤਾ ਹੈ।ਰੈਲੀ ਨੂੰ ਸ੍ਰੀਮਤੀ ਸੋਨੀ, ਭੱਠਲ, ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ, ਸਾਬਕਾ ਸੀ.ਐਲ.ਪੀ ਲੀਡਰ ਸੁਨੀਲ ਜਾਖੜ, ਐਮ.ਪੀ ਰਵਨੀਤ ਬਿੱਟੂ, ਚੌਧਰੀ ਸੰਤੋਖ, ਅਸ਼ਵਨੀ ਕੁਮਾਰ, ਇੰਡੀਅਨ ਯੂਥ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਪਾਰਟੀ ਦਾ ਪੰਜਾਬ ਦੀਆਂ ਅਗਲੀ ਚੋਣਾਂ ਜਿੱਤਣਾ ਤੈਅ ਹੈ।ਇਸ ਮੌਕੇ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ, ਸੁਨੀਲ ਦੱਤੀ, ਓਮ ਪ੍ਰਕਾਸ਼ ਸੋਨੀ, ਸੁਖਜਿੰਦਰ ਰਾਜ ਸਿੰਘ ਲਾਲੀ, ਗੁਰਬਿੰਦਰ ਸਿੰਘ ਮਾਹਲ, ਅੰਗ੍ਰੇਜ ਸਿੰਘ, ਪ੍ਰਭਜੋਤ ਸਿੰਘ ਸੁਲਤਾਨਵਿੰਡ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media