Thursday, September 10, 2026

ਅਕਾਲੀਆਂ ਦੀਆਂ ਟਰਾਂਸਪੋਰਟਾਂ ਵੱਲੋਂ ਦੁਰਘਟਨਾਵਾਂ ਦਾ ਮਾਨਯੋਗ ਹਾਈ ਕੋਰਟ ਨੂੰ ਨੋਟਿਸ ਲੈਣਾ ਚਾਹੀਦੈ -ਚੰਨੀ

ਤਰਨਤਾਰਨ ਦੇ ਪਿੰਡ ਦਿਆਲਪੁਰ ਦੀ ਸਵ. ਗੁਰਪ੍ਰੀਤ ਕੌਰ ਦੇ ਪਰਿਵਾਰ ਨੂੰ ਮਿਲੇ ਚੰਨੀ

PPN1912201511

ਅੰਮ੍ਰਿਤਸਰ, 19 ਦਸੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਵਿੱਚ ਸੱਤਾਧਾਰੀ ਪਰਿਵਾਰ ਤੇ ਉਸਦੇ ਖਾਸ ਨਜ਼ਦੀਕੀਆਂ ਦੀਆਂ ਬੱਸਾਂ ਵੱਲੋਂ ਸੜਕ ਦੁਰਘਟਨਾਵਾਂ ਵਿੱਚ ਲੋਕਾਂ ਨੂੰ ਕਤਲ ਕੀਤੇ ਜਾਣ ਦੇ ਤਾਜ਼ਾ ਮਾਮਲੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਸੁਓ ਮੋਟੋ ਨੋਟਿਸ ਲੈਣਾ ਚਾਹੀਦਾ ਹੈ। ਇਹ ਬੱਸਾਂ ਆਏ ਦਿਨ ਗਰੀਬ ਲੋਕਾਂ ਦੇ ਬੱਚਿਆਂ ਨੂੰ ਕੁਚਲਦੀਆਂ ਜਾ ਰਹੀਆਂ ਹਨ। ਇਸ ਲੜੀ ਹੇਠ ਇਨ੍ਹਾਂ ਬੱਸਾਂ ਵੱਲੋਂ ਚੰਨੂੰ ਤੇ ਤਰਨਤਾਰਨ ਵਿੱਚ ਬੱਚਿਆਂ ਨੂੰ ਕੁਚਲੇ ਜਾਣ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਬਾਦਲਾਂ ਨਾਲ ਜੁੜੇ ਇਨ੍ਹਾਂ ਪ੍ਰਭਾਵੀ ਲੀਡਰਾਂ ਵੱਲੋਂ ਗਰੀਬ ਲੋਕਾਂ ਨੂੰ ਕੁਚਲਿਆ ਜਾ ਰਿਹਾ ਹੈ ਤੇ ਫਿਰ ਬਾਅਦ ਵਿੱਚ ਇਨ੍ਹਾਂ ‘ਤੇ ਕੇਸਾਂ ਵਿੱਚ ਕਾਰਵਾਈ ਨਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਜਦੋਂ ਤੱਕ ਹਾਈ ਕੋਰਟ ਦੀ ਕਾਰਵਾਈ ਪੂਰੀ ਨਹੀਂ ਹੁੰਦੀ, ਇਨ੍ਹਾਂ ਬੱਸਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਚੰਨੀ ਨੇ ਤਰਨਤਾਰਨ ਦੇ ਪਿੰਡ ਦਿਆਲਪੁਰ ਦੀ ਸਵ. ਗੁਰਪ੍ਰੀਤ ਕੌਰ ਸਪੁੱਤਰੀ ਪਲਵਿੰਦਰ ਸਿੰਘ ਨਾਲ ਅੱਜ  ਸਰਕਟ ਹਾਊਸ ਵਿਖੇ ਮੁਲਾਕਾਤ ਕੀਤੀ।ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਆਈ.ਪੀ.ਸੀ 304 ਹੇਠ ਮਾਮਲਾ ਦਰਜ਼ ਕਰਨਾ ਸਹੀ ਨਹੀਂ ਹੈ। ਡਰਾਈਵਰ ਨੇ ਸੋਚ ਸਮਝ ਕੇ ਇਹ ਪੁਖਤਾ ਕਰਨ ਲਈ ਕਿ ਉਹ ਮਰ ਗਈ ਹੈ, ਲੜਕੀ ਨੂੰ ਟੱਕਰ ਮਾਰਨ ਤੋਂ ਬਾਅਦ ਦੁਬਾਰਾ ਉਸਨੂੰ ਕੁਚਲਿਆ।ਇਹ ਸਪੱਸ਼ਟ ਤੌਰ ‘ਤੇ ਆਈ.ਪੀ.ਸੀ 302 ਦਾ ਮਾਮਲਾ ਬਣਦਾ ਹੈ ਅਤੇ ਬੱਸ ਡਰਾਈਵਰ ਤੇ ਕੰਪਨੀ ਦੇ ਮਾਲਿਕ ਨੂੰ ਤੁਰੰਤ ਇਸ ਧਾਰਾ ਹੇਠ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ। ਚੰਨੀ ਨੇ ਪਰਿਵਾਰ ਨੂੰ ਆਪਣੀ ਪਾਰਟੀ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਵੀ ਦਿੱਤਾ ਅਤੇ ਉਨ੍ਹਾਂ ਨੂੰ ਨਿਆਂ ਲਈ ਲੜਨ ਵਾਸਤੇ ਕਿਹਾ।
ਚੰਨੀ ਨੇ ਪੁਰਾਣੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 29 ਅਪ੍ਰੈਲ ਨੂੰ ਇਕ ਨਾਬਾਲਿਗਾ ਤੇ ਉਸ ਦੀ ਮਾਂ ਨੂੰ ਮੋਗਾ ਵਿੱਚ ਓਰਬਿਟ ਦੀ ਬੱਸ ਤੋਂ ਧਕੇਲ ਦਿੱਤਾ ਗਿਆ ਸੀ, 9 ਜੁਲਾਈ ਨੂੰ ਰੋਪੜ ਵਿੱਚ ਇਕ 40 ਸਾਲਾ ਸਕੂਟਰ ਸਵਾਰ ਨੂੰ ਓਰਬਿਟ ਬੱਸ ਵੱਲੋਂ ਕੁਚਲ ਦਿੱਤਾ ਗਿਆ ਸੀ, ਜਿਸ ਲਈ ਉਹ ਖੁਦ ਤਿੰਨ ਦਿਨ ਤੱਕ ਧਰਨੇ ‘ਤੇ ਬੈਠੇ ਸਨ, 1 ਦਸੰਬਰ ਨੂੰ ਮੁਕਤਸਰ ਵਿਖੇ 14 ਸਾਲਾ ਲੜਕੀ ਨੂੰ ਅਕਾਲੀ ਆਗੂ ਦੀ ਬੱਸ  ਨੇ ਕੁਚਲ ਦਿੱਤਾ ਸੀ ਤੇ ਹੁਣ ਇਕ ਵਾਰ ਫਿਰ ਤੋਂ ਤਰਨਤਾਰਨ  ਬੱਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ।ਇਸ ਸੂਚੀ ਦਾ ਅੰਤ ਨਹੀਂ ਹੈ, ਕਿਉਂਕਿ ਕਈ ਲੋਕ ਸਾਹਮਣੇ ਆ ਕੇ  ਪ੍ਰਭਾਵਸ਼ਾਲੀ ਆਗੂਆਂ ਖਿਲਾਫ ਬੋਲਣਾ ਨਹੀਂ ਚਾਹੁੰਦੇ।ਇਸ ਮੌਕੇ ਅੰਮ੍ਰਿਤਸਰ ਵਿਖੇ ਮ੍ਰਿਤਕਾ ਦੇ ਪਰਿਵਾਰ ਨਾਲ ਮੀਟਿੰਗ ਵੇਲੇ ਚੰਨੀ ਨਾਲ ਹਰਮਿੰਦਰ ਸਿੰਘ ਗਿੱਲ, ਸੁਖਪਾਲ ਭੁੱਲਰ, ਰਾਜ ਕੰਵਲ ਪ੍ਰੀਤ ਸਿੰਘ ਲੱਕੀ, ਇੰਦਰਜੀਤ ਸਿੰਘ ਜ਼ੀਰਾ ਵੀ ਮੌਜ਼ੂਦ ਸਨ।ਚੰਨੀ ਨਰਿੰਦਰ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਉਛਾਲੇ ਜਾ ਰਹੇ ਨੈਸ਼ਨਲ ਹੈਰਾਲਡ ਕੇਸ ‘ਤੇ ਵੀ ਵਰ੍ਹੇ।ਜਦਕਿ ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਸਵੇਰੇ ਤੜਕੇ ਸ੍ਰੀ ਹਰਮੰਦਿਰ ਸਾਹਿਬ ਵਿਖੇ ਵੀ ਮੱਥਾ ਟੇਕਿਆ, ਪਵਿੱਤਰ ਸਰੋਵਰ ਵਿੱਚ ਇਸਨਾਨ ਕੀਤਾ ਅਤੇ ਸਵੇਰ ਦਾ ਕੀਰਤਨ ਸੁਣਿਆ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply