
ਪਠਾਨਕੋਟ, 21 ਦਸੰਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਲਈ ਅਹਿਮ ਵਿਕਾਸ ਤੇ ਭਲਾਈ ਸਕੀਮਾਂ ਬਣਾਕੇ ਉਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ। ਜਿਸ ਤਹਿਤ ਸ਼ਹਿਰ ਵਿੱਚ 25 ਕਰੋੜ 59 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਦੋ ਵਿਕਾਸ ਪ੍ਰੋਜੈਕਟਾਂ ਨੂੰ ਮੁਕੰਮਲ ਕਰਕੇ ਨਵੇਂ ਸਾਲ ਵਿੱਚ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਇਹ ਪ੍ਰਗਟਾਵਾ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਕਰਦਿਆਂ ਦੱਸਿਆ ਕਿ ਇਸ ਰਾਸ਼ੀ ਵਿਚੋਂ 21.73 ਕਰੋੜ ਰੁਪਏ ਚੱਕੀ ਪੁਲ ਤੋਂ ਮਾਮੂਨ ਤੱਕ ਬਣਾਈ ਜਾ ਰਹੀ ਚਾਰ ਮਾਰਗੀ ਸੜਕ ‘ਤੇ ਖਰਚ ਕੀਤੇ ਜਾ ਰਹੇ ਹਨ ਅਤੇ 3 ਕਰੋੜ 86 ਲੱਖ ਰੁਪਏ ਨਲਵਾ ਨਹਿਰ ਤੇ ਰਿੰਗ ਰੋਡ ਨੂੰ ਜੋੜਨ ਲਈ ਪੱਕੇ ਪੁੱਲ ਦੀ ਉਸਾਰੀ ‘ਤੇ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਿੱਚੋਂ ਆਵਾਜਾਈ ਦੀ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਚੱਕੀ ਪੁਲ ਤੋਂ ਮਾਮੂਨ ਚੌਕ ਤੱਕ ਬਣਾਈ ਜਾ ਰਹੀ ਚਾਰ ਮਾਰਗੀ ਸੜਕ ਦੇ ਨਿਰਮਾਣ ਦਾ ਕੰਮ 70 ਪ੍ਰਤੀਸ਼ਤ ਮੁਕੰਮਲ ਹੋ ਚੁਕਾ ਹੈ ਅਤੇ 31 ਮਾਰਚ, 2016 ਤੋਂ ਪਹਿਲਾਂ ਪਹਿਲਾਂ ਇਸ ਮਾਰਗ ਦਾ ਨਿਰਮਾਣ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਰਗ ਦੇ ਬਣਨ ਨਾਲ ਅਮ੍ਰਿਤਸਰ, ਜਲੰਧਰ ਅਤੇ ਜੰਮੂ ਵਲੋਂ ਆਉਣ ਵਾਲੇ ਵਾਹਨਾਂ ਨੂੰ ਸ਼ਹਿਰ ਅੰਦਰ ਆਉਣ ਦੀ ਜਰੂਰਤ ਨਹੀ ਹੋਵੇਗੀ ਅਤੇ ਉਹ ਲੋਕ ਸ਼ਹਿਰ ਦੇ ਬਾਹਰੋਂ ਹੀ ਧਰਮਸ਼ਾਲਾ, ਕੁਲੂ ਮਨਾਲੀ, ਡਲਹੋਜੀ ਅਤੇ ਚੰਬੇ ਵੱਲ ਨੂੰ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਯੋਗ ਉਪਰਾਲਿਆ ਸਦਕਾ ਇਹ ਸੁਵਿਧਾ ਲੋਕਾਂ ਨੂੰ ਮੁਹਈਆ ਹੋ ਰਹੀ ਹੈ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਰਿੰਗ ਰੋੜ ਨਜਦੀਕ ਅਬਰੋਲ ਨਗਰ ਪਠਾਨਕੋਟ ਵਿਖੇ ਨਲਵਾ ਨਹਿਰ ‘ਤੇ ਬਣਾਏ ਜਾ ਰਹੇ ਪੁਲ ਵੀ ਜਲਦੀ ਬਣ ਕੇ ਤਿਆਰ ਹੋ ਜਾਵੇਗਾ। ਇਸ ਪੁਲ ਦਾ ਨਿਰਮਾਣ ਕਾਰਜ ਵੀ ਜੰਗੀ ਪੱਧਰ ਤੇ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਤਿਆਰ ਹੋਣ ਨਾਲ ਸਰਕਾਰੀ ਹਸਪਤਾਲ ਅਤੇ ਪੰਗੋਲੀ ਚੋਕ ਨੂੰ ਜਾਣ ਵਾਲੇ ਲੋਕਾਂ ਨੂੰ ਸ਼ਹਿਰ ਅੰਦਰ ਲੱਗਣ ਵਾਲੇ ਜਾਮ ਤੋਂ ਵੀ ਮੁਕਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪ੍ਰਾਜੈਕਟਾਂ ਤੋਂ ਇਲਾਵਾ ਸ਼ਹਿਰ ਅੰਦਰ ਹੋਰ ਵੀ ਕਈ ਵੱਡੇ ਪ੍ਰਾਜੈਕਟਾਂ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ, ਜੋ ਜਲਦੀ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ।
Punjab Post Daily Online Newspaper & Print Media