
ਅੰਮ੍ਰਿਤਸਰ, 24 ਦਸੰੰਬਰ (ਗੁਰਚਰਨ ਸਿੰਘ)-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ 1 ਜਨਵਰੀ 2016 ਨੂੰ ਸ਼ੁਰੂ ਹੋਣ ਜਾ ਰਹੀ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਵਿਸ਼ੇਸ਼ ਰੇਲ ਗੱਡੀ ਰਾਹੀਂ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਭੇਜੀ ਜਾ ਰਹੀ ਅਟਾਰੀ ਹਲਕੇ ਦੀ ਸੰਗਤ ਦੀ ਸਹੂਲਤ ਲਈ ਅੱਜ ਰੇਲਵੇ ਅਤੇ ਜ਼ਿਲ੍ਹਾ ਅਧਿਕਾਰੀਆਂ ਸਮੇਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਦੌਰਾ ਕਰਕੇ ਲੋੜੀਂਦੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਇਸੇ ਦੌਰਾਨ ਸ੍ਰੀ ਭਗਤ ਨੇ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਸ੍ਰੀ ਕੁਲਦੀਪ ਗੋਸਵਾਮੀ, ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ, ਸ੍ਰੀ ਰਾਜੇਸ਼ ਪੋਪਲੀ, ਏ. ਸੀ. ਪੀ ਸ. ਗੁਰਨਾਮ ਸਿੰਘ, ਤਹਿਸੀਲਦਾਰ ਗੁਰਮੰਦਰ ਸਿੰਘ ਤੇ ਸ੍ਰੀ ਅਰਵਿੰਦਰ ਪ੍ਰਕਾਸ਼ ਅਤੇ ਹੋਰਨਾਂ ਅਧਿਕਾਰੀਆਂ ਸਮੇਤ ਪਲੇਟਫਾਰਮ, ਕੰਟੀਨ ਅਤੇ ਹੋਰਨਾਂ ਥਾਵਾਂ ‘ਤੇ ਜਾ ਕੇ ਅਧਿਕਾਰੀਆਂ ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਚਲਾਈ ਜਾ ਰਹੀ ਵਿਸ਼ੇਸ਼ ਰੇਲ ਦੇ ਬਿਨਾਂ ਕਿਸੇ ਰੁਕਾਵਟ ਅਤੇ ਸ਼ਰਧਾਲੂਆਂ ਨੂੰ ਖੱਜਲ-ਖੁਆਰੀ ਤੋਂ ਬਿਨਾਂ ਸੁਖਾਲੇ ਢੰਗ ਨਾਲ ਸਫਰ ਕਰਾਉਣ ਲਈ ਵੱਖ-ਵੱਖ ਕਮੇਟੀਆਂ ਦਾ ਪਹਿਲਾਂ ਹੀ ਗਠਨ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦਸਿਆ ਕਿ ਸ਼ਰਧਾਲੂਆਂ ਦੀ ਸਹੁਲਤ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਇਕ ਹੈਲਪ ਡੈਸਕ ਵੀ ਸਥਾਪਤ ਕੀਤਾ ਜਾ ਰਿਹਾ ਹੈ।ਉਨ੍ਹਾਂ ਇਸ ਮੌਕੇ ਸਫ਼ਾਈ, ਸਟੇਜ, ਸੁਰੱਖਿਆ, ਸਾਊਂਡ, ਬੈਰੀਕੇਡਿੰਗ, ਮੈਡੀਕਲ ਸਹੂਲਤਾਂ, ਪਾਰਕਿੰਗ ਆਦਿ ਦੇ ਪ੍ਰਬੰਧਾਂ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਇਸ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਇਹ ਪਲੇਠੀ ਰੇਲ ਗੱਡੀ ਅਟਾਰੀ ਹਲਕੇ ਦੇ ਇਕ ਹਜ਼ਾਰ ਤੋਂ ਵੱਧ ਸ਼ਰਧਾਲੁਆਂ ਨੂੰ ਲੈ ਕੇ ਮੁਫ਼ਤ ਵਿਚ ਨਾਂਦੇੜ ਸਾਹਿਬ ਦੇ ਦਰਸ਼ਨਾਂ ਉਪਰੰਤ ਛੇਵੇਂ ਦਿਨ ਅੰਮ੍ਰਿਤਸਰ ਵਾਪਸ ਪਰਤੇਗੀ।ਇਸ ਰੇਲ ਗੱਡੀ ਵਿਚ ਸ਼ਰਧਾਲੁਆਂ ਨੂੰ ਖਾਣ-ਪੀਣ ਤੋਂ ਇਲਾਵਾ ਨਾਂਦੇੜ ਸਾਹਿਬ ਵਿੱਚ ਮੁਫਤ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ।
Punjab Post Daily Online Newspaper & Print Media