ਅੰਮ੍ਰਿਤਸਰ, 24 ਦਸੰਬਰ (ਗੁਰਚਰਨ ਸਿੰਘ)- ਅੱਜ ਦੇ ਦੌਰ ਵਿਚ ਡਾਕਘਰਾਂ ਦੀ ਭੂਮਿਕਾ ਹੋਰ ਵੀ ਵਧ ਗਈ ਹੈ ਅਤੇ 11.50 ਲੱਖ ਡਾਕ ਘਰਾਂ ਨਾਲ ਭਾਰਤੀ ਡਾਕ ਵਿਭਾਗ ਸਭ ਤੋਂ ਵੱਧ ਪਹੁੰਚ ਵਾਲਾ ਅਦਾਰਾ ਹੈ ਅਤੇ ਅਨੇਕਾਂ ਹੀ ਨਿੱਜੀ ਅਦਾਰੇ ਡਾਕ ਵਿਭਾਗ ਨਾਲ ਸਮਝੌਤੇ ਕਰਨ ਲਈ ਕਤਾਰ ਵਿਚ ਹਨ। ਇਹ ਪ੍ਰਗਟਾਵਾ ਮੁੱਖ ਡਾਕਘਰ ਅੰਮ੍ਰਿਤਸਰ ਵਿਖੇ ਚੀਫ ਪੋਸਟ ਮਾਸਟਰ ਜਨਰਲ, ਪੰਜਾਬ ਸਰਕਲ ਸ੍ਰੀਮਤੀ ਅਚਲਾ ਭਟਨਾਗਰ ਨੇ ਮੈਗਾ ਪੋਸਟਲ ਮੇਲੇ ਦਾ ਮੁੱਖ ਮਹਿਮਾਨ ਵਜੋਂ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਡਾਕ ਘਰ ਦੇ ਵਿਹੜੇ ਵਿਚ ਪੌਦਾ ਵੀ ਲਗਾਇਆ। ਸ੍ਰੀਮਤੀ ਭਟਨਾਗਰ ਨੇ ਕਿਹਾ ਕਿ ਡਾਕ ਘਰ ਦੀਆਂ ਵੱਖ-ਵੱਖ ੩ਬੱਚਤ ਸਕੀਮਾਂ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡਾਕ ਘਰ ਦੀਆਂ ਸਕੀਮਾਂ ਜਿਵੇਂ ਪੋਸਟਲ ਲਾਈਫ਼ ਇੰਸ਼ੋਰੈਂਸ, ਸੁਕੰਨਿਆ ਸਮ੍ਰਿਧੀ ਯੋਜਨਾ, ਆਰ. ਡੀ, ਕਿਸਾਨ ਵਿਕਾਸ ਪੱਤਰ, ਐਨ. ਐਸ. ਸੀ, ਟਾਈਮ ਡਿਪੋਜ਼ਿਟ ਸਕੀਮ ਆਦਿ ਅਧੀਨ ਜਿਥੇ ਜਮ੍ਹਾਂ ਕਰਤਾਵਾਂ ਨੂੰ ਵਧੇਰੇ ਵਿਆਜ ਮਿਲਦਾ ਹੈ ਉਥੇ ਇਹ ਪੈਸਾ ਸਰਕਾਰ ਵੱਲੋਂ ਰਾਜ ਦੇ ਵਿਕਾਸ ਕੰਮਾਂ ਲਈ ਖ਼ਰਚ ਕੀਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਸੀਨੀਅਰ ਸੁਪਰਡੈਂਟ ਪੋਸਟ ਆਫਿਸਿਜ਼ ਸ੍ਰੀ ਜੇਠਮੱਲ ਜੀਨਗਰ ਅਤੇ ਸੁਪਰਡੈਂਟ ਪੋਸਟ ਆਫਿਸਿਜ਼ (ਹੈਡ ਕੁਆਰਟਰ) ਸ. ਜਰਨੈਲ ਸਿੰਘ ਭੁੱਲਰ ਨੇ ਸ੍ਰੀਮਤੀ ਭਟਨਾਗਰ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਡਾਕਘਰਾਂ ਵੱਲੋਂ ਹਾਸਲ ਕੀਤੇ ਟੀਚਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਨੇ ਵਧੀਆ ਕਾਰਗੁਜ਼ਾਰੀ ਵਾਲਿਆਂ ਨੂੰ ਇਨਾਮ ਵੀ ਤਕਸੀਮ ਕੀਤੇ।
ਮੇਲੇ ਦੌਰਾਨ ਸੁਕੰਨਿਆ ਸਮਰਿਧੀ ਯੋਜਨਾ ਦੇ 724 ਖਾਤੇ, 10769 ਹੋਰ ਖਾਤੇ, 1 ਕਰੋੜ 13 ਲੱਖ ਰੁਪਏ ਦੀ ਆਰ. ਪੀ. ਐਲ. ਆਈ, 29.2 ਲੱਖ ਰੁਪੲ ਦੀ ਪੀ. ਐਲ. ਆਈ, 130 ਮਾਈ ਸਟੈਂਪ ਸ਼ੀਟਾਂ, 115 ਫਿਲਾਟੇਲੀ ਦੇ ਖਾਤੇ, 110 ਈ ਪੋਸਟਾਂ ਅਤੇ 28 ਅਟਲ ਪੈਨਸ਼ਨ ਯੋਜਨਾ ਦੇ ਖਾਤੇ ਖੋਲ੍ਹੇ ਗਏ। ਇਸ ਮੌਕੇ ਸ੍ਰੀਮਤੀ ਅਚਲਾ ਭਟਨਾਗਰ ਨੇ ਮਾਈ ਸਟੈਂਪ ਬਣਵਾਉਣ ਵਾਲੇ ਗਾਹਕਾਂ ਅਤੇ ਸੁਕੰਨਿਆ ਸਮਰਿਧੀ ਯੋਜਨਾ ਦੇ ਖਾਤੇ ਖੁਲ੍ਹਵਾਉਣ ਵਾਲੀਆਂ ਬੱਚੀਆਂ ਨੂੰ ਮਾਈ ਸਟੈਂਪ ਅਤੇ ਕਾਪੀਆਂ ਵੀ ਵੰਡੀਆਂ। ਸਹਾਇਕ ਸੁਪਰਡੈਂਟ ਸ੍ਰੀ ਵਿਕਾਸ ਸ਼ਰਮਾ ਨੇ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਸੀਨੀਅਰ ਪੋਸਟ ਮਾਸਟਰ ਸ੍ਰੀ ਸੂਰਜ ਪ੍ਰਕਾਸ਼, ਸ੍ਰੀ ਨਵੀਨ ਖੱਤਰੀ, ਸ੍ਰੀ ਮਹਿੰਦਰੂ ਕੁਮਾਰ, ਸ੍ਰੀਮਤੀ ਨੀਤੀ ਰਾਵਤ ਅਤੇ ਡਾਕ ਘਰ ਦੇ ਹੋਰ ਅਧਿਕਾਰੀ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media