Sunday, March 15, 2026

ਸਾਲ 2015 ਪਾਕਿਸਤਾਨੀ ਹਿੰਦੂ-ਸਿੱਖ ਯਾਦਗਾਰਾਂ ਲਈ ਬਿਹਤਰਾ ਰਿਹਾ – ਕੋਛੜ

Pak2015

ਅੰਮ੍ਰਿਤਸਰ, 30 ਦਸੰਬਰ (ਪ.ਪ)- 400 ਦੇ ਕਰੀਬ ਪਾਕਿਸਤਾਨੀ ਹਿੰਦੂ ਤੇ ਇਸਾਈ ਨਾਬਾਲਗ ਲੜਕੀਆਂ ਨੂੰ ਬੇਆਬਰੂ ਕਰਕੇ ਇਸਲਾਮ ਕਬੂਲ ਕਰਵਾਏ ਜਾਣ ਦਾ ਆਂਕੜਾ ਪਾਰ ਕਰਨ ਵਾਲਾ ਸਾਲ 2015 ਪਾਕਿਸਤਾਨੀ ਹਿੰਦੂ ਸਿੱਖ ਯਾਦਗਾਰਾਂ ਲਈ ਕਈ ਖੱਟੇ ਮਿੱਠੇ ਅਨੁਭਵ ਛੱਡ ਕੇ ਸਮਾਪਤ ਹੋਇਆ ਹੈ।ਪੱਤਰਕਾਰਾਂ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਪਾਕਿਸਤਾਨ ਦੇ ਡਿਸਟ੍ਰਿਕਟ ਫ਼ੈਸਲਾਬਾਦ ਦੀ ਤਹਿਸੀਲ ਜੜ੍ਹਾਂਵਾਲਾ ਦੇ ਮੌਜ਼ਾ ਦਾਨਾਬਾਦ ਵਿਚ ਮੌਜੂਦ ਪ੍ਰੇਮੀ ਜੋੜੇ ਮਿਰਜ਼ਾ-ਸਾਹਿਬਾਂ ਤੇ ਮਿਰਜ਼ੇ ਦੀ ਘੋੜੀ ਬੱਕੀ ਦੀਆਂ ਕਬਰਾਂ ਜੋ ਪਿਛਲੇ ਵਰ੍ਹਿਆਂ ਦੌਰਾਨ ਕਈ ਵਾਰ ਜ਼ਮੀਨਦੋਜ਼ ਕੀਤੀਆ ਜਾਂਦੀਆਂ ਰਹੀਆਂ, ਨੂੰ ਸਾਲ 2015 ਦੀ ਸ਼ੁਰੂਆਤ ਵਿਚ ਨਵੇਂ ਸਿਰਿਓਂ ਬਿਹਤਰ ਢੰਗ ਨਾਲ ਉਸਾਰ ਕੇ ਇਕ ਸ਼ੁਭ ਸ਼ੁਰੂਆਤ ਕੀਤੀ ਗਈ।ਉਸੇ ਦੌਰਾਨ ਹੀ ਲਾਹੌਰ ਸ਼ਹਿਰ ਵਿਚ ਮੌਜੂਦ ਪੰਜਾਬੀ ਦੇ ਪ੍ਰਸਿੱਧ ਅਖਾਣ ‘ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ਼, ਨਾ ਬੁਖ਼ਾਰੇ’ ਵਿਚਲੇ ਛੱਜੂ ਭਗਤ ਦੀ ਸਮਾਧ ਦਾ ਨਵਨਿਰਮਾਣ ਮੁਕੰਮਲ ਕੀਤਾ ਗਿਆ, ਜੋ ਕਿ ਪਿਛਲੇ ਕਈ ਵਰ੍ਹਿਆਂ ਤੋਂ ਲਾਹੌਰ ਦੇ ਸਰਕਾਰੀ ਹਸਪਤਾਲ ਦੇ ਕਬਜ਼ੇ ਅਧੀਨ ਸੀ।
ਸ਼੍ਰੀ ਕੋਛੜ ਦੇ ਅਨੁਸਾਰ ਜਨਵਰੀ 2015 ਦੇ ਪਹਿਲੇ ਹਫ਼ਤੇ ਲਾਹੌਰ ਦੇ ਮੋਤੀ ਬਾਜ਼ਾਰ ਦੇ ਇਲਾਕੇ ਕਟੜਾ ਜੈਮਲ ਸਿੰਘ ਵਿਚ ਮੌਜੂਦ ਧਰਮਸਾਲਾ ਕੂਕਾ ਪੰਥੀਆਂ (ਨਾਮਧਾਰੀਆਂ) ਦਾ ਪਾਕਿਸਤਾਨ ਪੁਰਾਤਤਵ ਵਿਭਾਗ ਵਲੋਂ ਨਵਨਿਰਮਾਣ ਕਰਵਾਇਆ ਗਿਆ।ਉਸੇ ਦੌਰਾਨ ਲਾਹੌਰ ਦੇ ਸ਼ਾਹੀ ਕਿਲ੍ਹੇ ਦੀ ਦੀਵਾਰ ਦੇ ਬਾਹਰਵਾਰ ਮੌਜੂਦ ਮਹਾਰਾਜਾ ਰਣਜੀਤ ਸਿੰਘ ਦੇ ਅਧਿਆਤਮਿਕ ਗੁਰੂ ਭਾਈ ਬਸਤੀ ਰਾਮ ਦੀ ਸਮਾਧ ਤੇ ਆਸ਼ਰਮ ਜੋ ਕਿ ਸੰਨ 1992 ਵਿਚ ਭਾਰਤ ਵਿਚ ਉਠੇ ਬਾਬਰੀ ਮਸਜਿਦ ਵਿਵਾਦ ਵੇਲੇ ਦੰਗਾਕਾਰੀਆਂ ਨੇ ਤਹਿਸ-ਨਹਿਸ ਕਰ ਦਿੱਤੇ ਸਨ, ਨੂੰ ਲਾਹੌਰ ਦੀਆਂ ਵਿਰਾਸਤੀ ਇਮਾਰਤਾਂ ਦੀ ਸੂਚੀ ਵਿਚ ਦਰਜ਼ ਕਰਕੇ ਪਾਕਿਸਤਾਨ ਪੁਰਾਤਤਵ ਵਿਭਾਗ ਵੱਲੋਂ ਨਵਨਿਰਮਾਣ ਸ਼ੁਰੂ ਕੀਤਾ ਗਿਆ, ਜੋ ਹੁਣ ਕਾਫ਼ੀ ਮੁਕੰਮਲ ਹੋ ਚੁੱਕਿਆ ਹੈ।
ਸ਼੍ਰੀ ਕੋਛੜ ਨੇ ਕਿਹਾ ਕਿ ਬਾਬਰੀ ਮਸਜਿਦ ਵਿਵਾਦ ਦੇ ਦੌਰਾਨ ਮਹਾਰਾਜਾ ਸ਼ੇਰ ਸਿੰਘ ਦੀ ਢਹਿ ਢੇਰੀ ਕੀਤੀ ਸਮਾਧ ਜਿਸ ਦਾ ਉੱਪਰਲਾ ਹਿੱਸਾ ਲੰਬੇ ਸਮੇਂ ਤੱਕ ਅਵਾਰਾ ਜਾਨਵਰਾਂ ਦੀ ਰਿਹਾਇਸ਼ਗਾਹ ਬਣਿਆ ਰਿਹਾ; ਦਾ ਮਾਮਲਾ ਉਹਨਾਂ ਦੁਆਰਾ ਜਨਤਕ ਕਰਨ ‘ਤੇ ਪਾਕਿਸਤਾਨ ਸਰਕਾਰ ਵਲੋਂ ਪੁਰਾਤਤਵ ਵਿਭਾਗ ਦੀ ਦੇਖ-ਰੇਖ ਵਿਚ ਉਪਰੋਕਤ ਸਮਾਧ ਸਹਿਤ ਕੂੜੇ ਘਰ ਵਿਚ ਤਬਦੀਲ ਕੀਤੀ ਜਾ ਚੁਕੀ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਦੇ ਨਵਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ, ਜੋ ਲੱਖਾਂ ਰੁਪਿਆ ਦੀ ਲਾਗਤ ਨਾਲ ਸਾਲ 2015 ਵਿਚ ਮੁਕੰਮਲ ਹੋਇਆ।ਇਸੇ ਤਰ੍ਹਾਂ ਦੀ ਯੋਗ ਕਾਰਵਾਈ ਕਰਦਿਆਂ ਗੁਜਰਾਂਵਾਲਾ ਤੋਂ 15 ਕਿਲੋਮੀਟਰ ਦੂਰ ਤਹਿਸੀਲ ਨੁਸ਼ਹਿਰਾ ਵਿਰਕਾਂ ਦੇ ਨਾਲ ਲਗਦੇ ਪਿੰਡ ਭਾਈ ਕੇ ਮੱਟੂ ਵਿਚਲੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦਗਾਰ ਗੁਰਦੁਆਰਾ ਖ਼ਾਰਾ ਸਾਹਿਬ ਜਿਸ ਨੂੰ ਦੇਸ਼ ਦੀ ਵੰਡ ਦੇ ਬਾਅਦ ਤੋਂ ਲੈ ਕੇ ਹੁਣ ਤਕ ਮੱਝਾਂ ਬੰਨ੍ਹਣ ਅਤੇ ਪਸ਼ੂਆਂ ਦਾ ਚਾਰਾ ਰੱਖਣ ਲਈ ਵਰਤੋਂ ਵਿਚ ਲਿਆਂਦਾ ਜਾ ਰਿਹਾ ਸੀ, ਵਿਚੋਂ ਨਾਜਾਇਜ਼ ਕਬਜ਼ੇ ਹਟਾ ਕੇ ਗੁਰਦੁਆਰਾ ਸਾਹਿਬ ਦੀ ਕੀਤੀ ਜਾ ਰਹੀ ਬੇਅਦਬੀ ਰੋਕੀ ਗਈ।
ਉਹਨਾਂ ਦੱਸਿਆ ਕਿ ਸਿਆਲਕੋਟ ਸ਼ਹਿਰ ਦੀ ਜਫ਼ਰਵਾਲ ਰੋਡ ‘ਤੇ ਅਬਾਦੀ ਨਿੱਕਾਪੁਰਾ ਵਿਚ ਸੁਭਾਇਮਾਨ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ, ਜਿਸ ਨੂੰ ਸੰਨ 1992 ਵਿੱਚ ਉਥੋਂ ਦੇ ਸਥਾਨਕ ਮੁਸਲਮਾਨਾਂ ਦੀ ਭੜਕੀ ਭੀੜ ਨੇ ਵੱਡਾ ਨੁਕਸਾਨ ਪਹੁੰਚਾਇਆ ਸੀ, ਦੇ ਸ਼ੁਰੂ ਕੀਤੇ ਨਵਨਿਰਮਾਣ ਦੀ ਸਮਾਪਤੀ ਅਕਤੂਬਰ 2015 ਵਿਚ ਹੋਈ।ਸ਼੍ਰੀ ਕੋਛੜ ਅਨੁਸਾਰ ਰੋਹਤਾਸ ਕਿਲ੍ਹੇ ਦੀ ਆਬਾਦੀ ਵਿਚ ਮੌਜੂਦ ਖ਼ਾਲਸਾ ਪੰਥ ਦੀ ਧਰਮ ਮਾਤਾ ਅਤੇ ਪੰਥ ਦੇ ਸਾਜਨਹਾਰੈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਮਹਿਲ ਮਾਤਾ ਸਾਹਿਬ ਕੌਰ ਜੀ ਦੇ ਜਨਮ ਅਸਥਾਨ ਦੇ ਕਰੀਬ 60 ਸਾਲਾਂ ਤੱਕ ਬੰਦ ਰਹਿਣ ਦੇ ਬਾਅਦ ਇਸ ਅਸਥਾਨ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਜਨਵਰੀ 2005 ਨੂੰ ਖੋਲਿਆ ਜਾਣਾ ਸਾਲ 2015 ਦੀ ਅਤੇ ਪਾਕਿਸਤਾਨ ਸਰਕਾਰ ਦੀ ਇਕ ਵੱਡੀ ਉਪਲਬਧੀ ਗਿਣੀ ਜਾ ਸਕਦੀ ਹੈ।ਉਹਨਾਂ ਕਿਹਾ ਕਿ ਪਾਕਿਸਤਾਨ ਔਕਾਫ਼ ਬੋਰਡ ਦੇ ਅਧਿਕਾਰੀਆਂ ਅਤੇ ਪਾਕਿਸਤਾਨੀ ਭੂ-ਮਾਫ਼ੀਆ ਦੀ ਮਿਲੀਭਗਤ ਨਾਲ ਜ਼ਮੀਨਦੋਜ਼ ਕੀਤੇ ਗਏ ਸਾਹੀਵਾਲ ਸ਼ਹਿਰ ਦੇ ਸੋਰੀ ਗਲੀ ਬਾਜ਼ਾਰ ਵਿਚਲੇ ਗੁਰਦੁਆਰਾ ਸਿੰਘ ਸਭਾ ਅਤੇ ਸੂਬਾ ਖ਼ੈਬਰ ਪਖ਼ਤੂਨਖ਼ਵ੍ਹਾ ਦੇ ਜ਼ਿਲ੍ਹਾ ਡੇਰਾ ਮਰਦਾਨ ਦੇ ਪਿੰਡ ਫ਼ਕੀਰ ਮੰਟਲ ਵਿਚਲੇ ਡੇਰਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਦਾ ਨਵੇਂ ਸਿਰਿਓਂ ਨਵਨਿਰਮਾਣ ਕਰਵਾ ਕੇ ਪਿਛਲੇ ਵਰ੍ਹੇ ਦੌਰਾਨ ਇਨ੍ਹਾਂ ਦੀ ਪਹਿਲਾਂ ਵਾਲੀ ਸ਼ਾਨ ਮੁੜ ਕਾਇਮ ਕਰਨ ਦਾ ਕੀਤਾ ਗਿਆ ਉਪਰਾਲਾ ਵੀ ਸ਼ਲਾਘਾਯੋਗ ਹੈ।
ਸ਼੍ਰੀ ਕੋਛੜ ਦੇ ਅਨੁਸਾਰ ਲੰਬੇ ਸਮੇਂ ਤੋਂ ਜ਼ਿਲ੍ਹਾ ਚੱਕਵਾਲ ਵਿੱਚ ਮੌਜੂਦ ਹਿੰਦੂਆਂ ਦੇ ਪ੍ਰਸਿੱਧ ਤੇ ਪ੍ਰਾਚੀਨ ਤੀਰਥ ਸ੍ਰੀ ਕਟਾਸਰਾਜ ਮੰਦਰ ਦਾ ਚਲ ਰਿਹਾ ਨਵਨਿਰਮਾਣ ਵੀ ਸਾਲ 2015 ਦੀ ਸਮਾਪਤੀ ਦੇ ਨਾਲ ਹੀ ਸਮਾਪਤ ਹੋ ਗਿਆ।ਉਸੇ ਦੌਰਾਨ ਪਿਸ਼ਾਵਰ ਸ਼ਹਿਰ ਦੇ ਇਲਾਕੇ ਝੁਗੀਵਾੜਾ ਵਿਚ ਮੌਜੂਦ ਗੁਰਦੁਆਰਾ ਭਾਈ ਬੀਬਾ ਸਿੰਘ ਸਿੱਖ ਸੰਗਤ ਦੇ ਸਪੁਰਦ ਕਰ ਦਿੱਤਾ ਗਿਆ।ਉਹਨਾਂ ਕਿਹਾ ਕਿ ਭਾਰਤ ਵਿਚ ਉਠੇ ਬਾਬਰੀ ਮਸਜਿਦ ਵਿਵਾਦ ਦੇ ਦੌਰਾਨ ਲਾਹੌਰ ਦੇ ਜ਼ਮੀਨਦੋਜ਼ ਕੀਤੇ ਗਏ ਕਰੀਬ ਚਾਰ ਦਰਜਨ ਹਿੰਦੂ ਮੰਦਰਾਂ ਵਿਚੋਂ ਦਿਗੰਬਰ ਜੈਨ ਮੰਦਰ ਸਹਿਤ ਕੁਝ ਹੋਰਨਾਂ ਮੰਦਰਾਂ ਦੇ ਨਵਨਿਰਮਾਣ ਦੀ ਆਵਾਜ਼ ਸੰਨ 2015 ਵਿਚ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਗਲਿਆਰਿਆਂ ਤਕ ਪਹੁੰਚੀ।ਸ਼੍ਰੀ ਕੋਛੜ ਨੇ ਕਿਹਾ ਕਿ ਇਸ ਦੇ ਨਾਲ ਹੀ ਪਿਛਲੇ ਕਈ ਵਰ੍ਹਿਆਂ ਤੋਂ ਉਹਨਾਂ ਦੁਆਰਾ ਗੁਜਰਾਂਵਾਲਾ ਦੀ ਨਵੀਂ ਫਰੂਟ ਤੇ ਸਬਜ਼ੀ ਮੰਡੀ ਵਿੱਚ ਮੌਜੂਦ ਜੈਨ ਅਚਾਰੀਆ ਸ਼੍ਰੀ ਆਤਮਾ ਰਾਮ ਦੀ ਸਮਾਧ ਨੂੰ ਪੁਲਿਸ ਥਾਣੇ ਵਿਚ ਤਬਦੀਲ ਕੀਤੇ ਜਾਣ ਦੇ ਜਨਤਕ ਕੀਤੇ ਜਾਂਦੇ ਰਹੇ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਪਾਕਿਸਤਾਨ ਸਰਕਾਰ ਨੇ ਬੀਤੇ ਵਰ੍ਹੇ ਦੌਰਾਨ ਸਮਾਧ ਨੂੰ ਪਾਕਿਸਤਾਨੀ ਪੁਲਿਸ ਦੇ ਕਬਜ਼ੇ ਵਿਚੋਂ ਆਜ਼ਾਦ ਕਰ ਦਿੱਤਾ।
ਸ਼੍ਰੀ ਕੋਛੜ ਨੇ ਕਿਹਾ ਕਿ ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਸਾਲ 2015 ਪਾਕਿਸਤਾਨ ਵਿਚ ਰਹਿੰਦੇ ਘੱਟ ਗਿਣਤੀ ਹਿੰਦੂਆਂ-ਸਿੱਖਾਂ ਲਈ ਭਾਵੇ ਕਸ਼ਟਦਾਇਕ ਰਿਹਾ, ਪਰ ਇਸ ਦੇ ਬਾਵਜੂਦ ਪਿਛਲਿਆਂ ਹੋਰਨਾਂ ਵਰ੍ਹਿਆਂ ਵਾਂਗੂ ਪਾਕਿਸਤਾਨ ਤਰਫ਼ੋਂ ਹਿੰਦੂ-ਸਿੱਖ ਪਰਿਵਾਰਾਂ ਵਲੋਂ ਪਲਾਇਣ ਕਰਨ ਦਾ ਕੋਈ ਸਮਾਚਾਰ ਸਾਹਮਣੇ ਨਹੀਂ ਆਇਆ।ਇਸ ਦੇ ਇਲਾਵਾ ਬੀਤੇ ਵਰ੍ਹੇ ਦੌਰਾਨ ਪਾਕਿਸਤਾਨ ਸਥਿਤ ਹਿੰਦੂ-ਸਿੱਖ ਧਾਰਮਿਕ ਅਸਥਾਨਾਂ ਅਤੇ ਵਿਰਾਸਤੀ ਯਾਦਗਾਰਾਂ ਪ੍ਰਤੀ ਪਾਕਿਸਤਾਨ ਨੇ ਜੋ ਸ਼ੁਭ ਸ਼ੁਰੂਆਤ ਕੀਤੀ ਹੈ, ਉਹ ਸਾਲ 2015 ਨੂੰ ਤਾਰੀਖ਼ੀ ਬਣਾਉਣ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਚੰਗੀ ਸ਼ੁਰੂਆਤ ਕਰਨ ਵਾਲੀ ਸਾਬਤ ਹੋ ਸਕਦੀ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply