Sunday, April 12, 2026

ਪੰਜ ਪਿਆਰਿਆਂ ਵਲੋਂ ਕੌਮੀ ਤਰਜ਼ਮਾਨੀ ਕਰਦੇ ਆਦੇਸ਼ਾਂ ‘ਤੇ ਅਮਲ ਹੀ ਅਸਲ ਹੱਲ – ਪੰਥਕ ਤਾਲਮੇਲ ਸੰਗਠਨ

Giani Kewal Singh
ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ ਬਿਊਰੋ) – ਮੀਰੀ-ਪੀਰੀ ਸਿਧਾਂਤ ਦਾ ਜ਼ਾਮਨ ਸ੍ਰੀ ਅਕਾਲ ਤਖਤ ਸਾਹਿਬ ਪੂਰੇ ਜਗਤ ਨੂੰ ਪਿਆਰ ਦੇ ਕਲਾਵੇ ਵਿਚ ਲੈਣ ਦੀ ਜੁਗਤ ਰੱਖਦਾ ਹੈ।ਪਰ ਸਿਆਸਤ ਅਤੇ ਸਵਾਰਥ ਦੀ ਚੌਧਰ ਨੇ ਪਾਵਨ ਪਵਿੱਤਰ ਤਖਤ ਦੀ ਦੁਰਵਰਤੋਂ ਕਰਕੇ ਸਿੱਖ ਕੌਮ ਨਾਲ ਹੀ ਵਾਰ ਵਾਰ ਛਲਾਵੇ ਕੀਤੇ ਹਨ।ਪੰਥਕ ਤਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਹੈ ਕਿ ਸੌਧਾ ਸਾਧ ਨੂੰ ਮੁਆਫ ਕਰਨ ਦਾ ਢੰਗ ਸਿੱਖ ਕੌਮ ਨਾਲ ਸਿਰੇ ਦਾ ਵਲ ਛਲ ਸੀ।ਕੌਮ ਦਾ ਇਮਤਿਹਾਨ ਲੈਣ ਦਾ ਇੰਤਹਾ ਹੀ ਹੋ ਚੁੱਕਾ ਸੀ।ਜਿਸ ਨੂੰ ਕੌਮ ਵਲੋਂ ਵਿਖਾਈ ਗਈ ਨਰਾਜ਼ਗੀ ਉਪਰੰਤ ਸ਼ੋਮਣੀ ਅਕਾਲੀ ਦਲ ਬਾਦਲ ਦੇ ਜ਼ਿੰਮੇਵਾਰ ਅਹੁਦੇਦਾਰਾਂ ਨੇ ਵੀ ਅਖਬਾਰਾਂ ਵਿਚ ਪ੍ਰਵਾਨਿਆ ਹੈ।ਹੁਣੇ ਹੀ ਇਕ ਅੰਗਰੇਜ਼ੀ ਅਖਬਾਰ ਨਾਲ ਇੰਟਰਵਿਊ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਕਬੂਲ ਕੀਤਾ ਹੈ ਕਿ ਭਾਰੀ ਉਕਾਈ ਹੋਈ ਹੈ।
ਜਦੋਂ ਸ਼ਰਮ ਧਰਮ ਛੁਪ ਰਹੇ ਹਨ ਅਤੇ ਕੂੜ ਪ੍ਰਧਾਨ ਬਣ ਰਿਹਾ ਹੈ ਤਾਂ ਕੌਮ ਦੀ ਇੱਜ਼ਤ ਪੱਤ ਲਈ ਪੰਜ ਪਿਆਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ।ਜੋ ਕਿ ਕਿਸੇ ਧਿਰ ਦੀ ਨੁਮਾਇੰਦਗੀ ਨਹੀਂ ਕਰਦੀ ਹੈ ਬਲ ਕਿ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੈ।ਸੱਚ ਨੇ ਆਪਣੀ ਦਸਤਕ ਦਿੱਤੀ ਹੈ।ਝੂਠ ਵਲੋਂ ਫਿਰ ਦਬਾਉਣ ਦੇ ਯਤਨ ਬੇਅਰਥ ਰਹਿਣਗੇ।ਪੰਥਕ ਤਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਅਤੇ ਸੰਗਠਨ ਵਿਚ ਦੇਸ਼ ਵਿਦੇਸ਼ ਤੋਂ ਸ਼ਾਮਲ ਧਾਰਮਿਕ, ਵਿਦਿਅਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਕੋਰ ਗਰੁੱਪ ਨੇ ਕਿਹਾ ਕਿ ਪੰਜ ਪਿਆਰਿਆਂ ਵਲੋਂ ਨਿਭਾਈ ਜਾ ਰਹੀ ਸੇਵਾ ਕੌਮ ਨੂੰ ਸੰਕਟ ਚੋਂ ਕੱਢਣ ਲਈ ਸੇਧ ਦੇ ਰਹੀ ਹੈ।ਜਦ ਕਿ ਸ਼੍ਰੋਮਣੀ ਕਮੇਟੀ ਵਲੋਂ ਸੱਚ ਨਾਲ ਲੁਕਣਮੀਚੀ ਖੇਡ ਕੇ ਕੌਮ ਨੂੰ ਉਲਝਣ ਵਿਚ ਪਾਇਆ ਜਾ ਰਿਹਾ ਹੈ।ਭਲਾ ਇਸੇ ਵਿਚ ਹੀ ਹੈ ਕਿ ਪੰਜ ਪਿਆਰਿਆਂ ਵਲੋਂ ਜਾਰੀ ਆਦੇਸ਼ਾਂ ਉੱਪਰ ਅਮਲ ਕਰਕੇ ਸਹੀ ਦਿਸ਼ਾ ਨੂੰ ਅਖਤਿਆਰ ਕੀਤਾ ਜਾਵੇ ਨਾ ਕਿ ਉਲਝੀ ਤਾਣੀ ਨੂੰ ਉਲਝਾਉਣ ਦਾ ਯਤਨ ਕੀਤਾ ਜਾਵੇ।ਦੇਸ਼ ਵਿਦੇਸ਼ ਵਿਚ ਬੈਠੀ ਸਿੱਖ ਕੌਮ ਸਿਆਸਤ ਰਾਹੀਂ ਪੰਥਕ ਮਰਿਯਾਦਾ ਦਾ ਘਾਣ ਸਹਿਣ ਕਰਨ ਦੀ ਸਥਿਤੀ ਤੋਂ ਬਾਹਰ ਜਾ ਚੁੱਕੀ ਹੈ।ਇਸ ਲਈ ਕਿਸੇ ਵੀ ਸੱਤਾਧਾਰੀ ਅਤੇ ਸੱਤਾ ਵਿਰੋਧੀ ਧਿਰ ਨੂੰ ਪੰਥਕ ਭਾਵਨਾਵਾਂ ਦੇ ਉਲਟ ਫੈਸਲੇ ਲੈਣ ਤੋਂ ਪਹਿਲਾਂ ਸੌ ਵਾਰੀ ਸੋਚ ਲੈਣ ਵਿਚ ਹੀ ਲ਼ਾਭ ਹੋਵੇਗਾ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply