Thursday, March 26, 2026

ਉਪ ਮੁੱਖ ਮੰਤਰੀ ਨਾਂਦੇੜ ਸਾਹਿਬ ਲਈ ਪਲੇਠੀ ਤੀਰਥ ਯਾਤਰਾ ਰੇਲ ਗੱਡੀ ਕਰਨਗੇ ਰਵਾਨਾ

Sukhbir Badalਅੰਮ੍ਰਿਤਸਰ, 31 ਦਸੰੰਬਰ (ਗੁਰਚਰਨ ਸਿੰਘ)- ਪੰਜਾਬ ਸਰਕਾਰ ਵੱਲੋਂ ਐਲਾਨੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨਵੇਂ ਵਰ੍ਹੇ ਮੌਕੇ ਸਥਾਨਕ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਰੇਲ ਗੱਡੀ ਨਾਂਦੇੜ ਸਾਹਿਬ ਲਈ ਰਵਾਨਾ ਕਰਕੇ ਸ਼ੁਰੂ ਕੀਤੀ ਜਾ ਰਹੀ ਹੈ। ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਇਸ ਵਿਸ਼ੇਸ਼ ਰੇਲ ਗੱਡੀ ਨੂੰ ਝੰਡੀ ਦੇ ਕੇ ਰਵਾਨਾ ਕਰਨਗੇ, ਜਿਸ ਵਿਚ ਅਟਾਰੀ ਹਲਕੇ ਦੇ 1050 ਸ਼ਰਧਾਲੂ ਦਰਸ਼ਨਾਂ ਲਈ ਜਾਣਗੇ। ਇਹ ਰੇਲ ਸ਼ਰਧਾਲੂਆਂ ਨੂੰ ਨਾਂਦੇੜ ਸਾਹਿਬ ਦੇ ਦਰਸ਼ਨ ਕਰਵਾਉਣ ਉਪਰੰਤ ਛੇਵੇਂ ਦਿਨ ਵਾਪਸ ਅੰਮ੍ਰਿਤਸਰ ਪਰਤੇਗੀ। ਇਸ ਮੁਫ਼ਤ, ਅਰਾਮਦਾਇਕ ਤੇ ਸੁਖਾਲੀ ਧਾਰਮਿਕ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਖਾਣ-ਪੀਣ, ਰਹਿਣ-ਸਹਿਣ ਅਤੇ ਲਿਆਉਣ-ਲਿਜਾਣ ਦਾ ਮੁਕੰਮਲ ਖ਼ਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਇਹ ਸਿਲਸਿਲਾ ਲਗਾਤਾਰ ਇਕ ਸਾਲ ਜਾਰੀ ਰਹੇਗਾ, ਜਿਸ ਦੌਰਾਨ 117 ਵਿਧਾਨ ਸਭਾ ਹਲਕਿਆਂ ਤੋਂ ਵਿਸ਼ੇਸ਼ ਰੇਲਾਂ ਰਾਹੀਂ ਸ਼ਰਧਾਲੂਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚਲੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ।
ਪੰਜਾਬ ਸਰਕਾਰ ਦੇ ਇਸ ਅਹਿਮ ਉਪਰਾਲੇ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਵਿਸ਼ੇਸ਼ ਰੇਲ ਗੱਡੀ 1 ਜਨਵਰੀ ਨੂੰ ਸਵੇਰੇ 10.30 ਵਜੇ ਦੇ ਕਰੀਬ ਰਵਾਨਾ ਹੋਵੇਗੀ, ਜਿਸ ਸਬੰਧੀ ਸ਼ਰਧਾਲੂ ਸਵੇਰੇ 9 ਵਜੇ ਸਟੇਸ਼ਨ ‘ਤੇ ਪਹੁੰਚ ਜਾਣਗੇ। ਉਨ੍ਹਾਂ ਦੱਸਿਆ ਕਿ 18 ਡੱਬਿਆਂ ਵਾਲੀ ਇਸ ਵਿਸ਼ੇਸ਼ ਰੇਲ ਗੱਡੀ ਦੇ 15 ਡੱਬੇ ਯਾਤਰੀਆਂ ਲਈ ਹੋਣਗੇ ਅਤੇ ਇਸ ਵਿਚ ਸ਼ਰਧਾਲੁਆਂ ਨੂੰ ਖਾਣ-ਪੀਣ ਤੋਂ ਇਲਾਵਾ ਨਾਂਦੇੜ ਸਾਹਿਬ ਵਿੱਚ ਮੁਫਤ ਠਹਿਰਣ ਅਤੇ ਆਉਣ-ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਨਾਂਦੇੜ ਸਾਹਿਬ ਲਈ ਜਾਣ ਵਾਲੀ ਇਸ ਰੇਲ ਗੱਡੀ ਵਿਚ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਅਤੇ ਉਨ੍ਹਾਂ ਦਾ ਪਰਿਵਾਰ ਵੀ ਦਰਸ਼ਨਾਂ ਲਈ ਜਾ ਰਿਹਾ ਹੈ।
ਪ੍ਰਮੁੱਖ ਸਕੱਤਰ ਟ੍ਰਾਂਸਪੋਰਟ ਸ੍ਰੀ ਆਰ. ਵੈਂਕਟਰਤਨਮ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜ਼ਿਲ੍ਹਾ ਅਧਿਕਾਰੀਆਂ ਸਮੇਤ ਰੇਲਵੇ ਸਟੇਸ਼ਨ ਕੰਪਲੈਕਸ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਹ ਰੇਲ ਗੱਡੀ 6 ਜਨਵਰੀ ਨੂੰ ਬਾਅਦ ਦੁਪਹਿਰ ਅੰਮ੍ਰਿਤਸਰ ਪਰਤੇਗੀ।
ਇਹ ਵਿਸ਼ੇਸ਼ ਰੇਲਾਂ ਵਾਰਾਨਸੀ ਅਤੇ ਅਜਮੇਰ ਸ਼ਰੀਫ ਲਈ ਵੀ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਵਾਰਾਨਸੀ ਲਈ ਪਹਿਲੀ ਰੇਲ ਜਲੰਧਰ ਰੇਲਵੇ ਸਟੇਸ਼ਨ ਤੋਂ 20 ਜਨਵਰੀ 2016 ਅਤੇ ਅਜਮੇਰ ਸ਼ਰੀਫ ਲਈ ਪਹਿਲੀ ਰੇਲ 29 ਜਨਵਰੀ 2016 ਨੂੰ ਮਾਲੇਰਕੋਟਲਾ ਤੋਂ ਰਵਾਨਾ ਹੋਵੇਗੀ। ਪਹਿਲੇ ਪੜਾਅ ਵਿਚ 6 ਵਿਸ਼ੇਸ਼ ਰੇਲਾਂ ਵਾਰਾਨਸੀ ਅਤੇ 3 ਰੇਲਾਂ ਅਜਮੇਰ ਸ਼ਰੀਫ ਲਈ ਚਲਾਈਆਂ ਜਾ ਰਹੀਆਂ ਹਨ। ਨਾਂਦੇੜ ਸਾਹਿਬ ਲਈ ਹਰ ਮਹੀਨੇ 8 ਵਿਸ਼ੇਸ਼ ਰੇਲਾਂ ਚਲਾਈਆਂ ਜਾਣਗੀਆਂ ਅਤੇ ਜਨਵਰੀ ਮਹੀਨੇ ਵਿਚ ਅੰਮ੍ਰਿਤਸਰ ਤੋਂ ਬਾਅਦ 4 ਜਨਵਰੀ ਨੂੰ ਤਲਵੰਡੀ ਸਾਬੋ ਹਲਕੇ ਲਈ ਰੇਲ ਰਾਮਾ ਰੇਲਵੇ ਸਟੇਸ਼ਨ ਤੋਂ, 8 ਜਨਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ, 11 ਜਨਵਰੀ ਨੂੰ ਖਡੂਰ ਸਾਹਿਬ ਦੀ ਸੰਗਤ ਲਈ ਤਰਨ ਤਾਰਨ ਰੇਲਵੇ ਸਟੇਸ਼ਨ ਤੋਂ, 15 ਜਨਵਰੀ ਨੂੰ ਸਮਾਣਾ ਦੇ ਸ਼ਰਧਾਲੂਆਂ ਲਈ ਪਟਿਆਲਾ ਰੇਲਵੇ ਸਟੇਸ਼ਨ ਤੋਂ, 18 ਜਨਵਰੀ ਨੂੰ ਡੇਰਾ ਬਾਬਾ ਨਾਨਕ ਅਤੇ ਫਤਹਿਗੜ੍ਹ ਚੂੜੀਆਂ ਦੀਆਂ ਸੰਗਤਾਂ ਲਈ ਬਟਾਲਾ ਰੇਲਵੇ ਸਟੇਸ਼ਨ ਤੋਂ, 22 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਜਲਾਲਾਬਾਦ ਹਲਕਿਆਂ ਦੇ ਸ਼ਰਧਾਲੂਆਂ ਲਈ ਸ੍ਰੀ ਮੁਕਤਸਰ ਸਾਹਿਬ ਸਟੇਸ਼ਨ ਤੋਂ ਇਲਾਵਾ 25 ਜਨਵਰੀ ਨੂੰ ਕਰਤਾਰਪੁਰ ਅਤੇ ਭੁਲੱਥ ਹਲਕਿਆਂ ਦੇ ਸ਼ਰਧਾਲੂਆਂ ਲਈ ਵਿਸ਼ੇਸ਼ ਰੇਲ ਬਿਆਸ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਵਾਰਾਨਸੀ ਲਈ ਦੂਸਰੀ ਵਿਸ਼ੇਸ਼ ਰੇਲ ਗੱਡੀ 27 ਜਨਵਰੀ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply