Friday, March 6, 2026

ਅੱਤਵਾਦ ਖਿਲਾਫ਼ ਇਕਮੁੱਠ ਹੋ ਕੇ ਡਟਣਾ ਸਮੇਂ ਦੀ ਲੋੜ- ਪੈਟ੍ਰਿਕ ਬਰਾਊਨ

PPN0601201614ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ)- ਕੈਨੇਡਾ ਦੇ ਓਂਟਾਰੀਓ ਸੂਬੇ ਦੇ ਮੈਂਬਰ ਸੂਬਾਈ ਪਾਰਲੀਮੈਂਟ ਅਤੇ ਵਿਰੋਧੀ ਧਿਰ ਦੇ ਅਧਿਕਾਰਕ ਆਗੂ ਸ੍ਰੀ ਪੈਟ੍ਰਿਕ ਬਰਾਊਨ ਨੇ ਵਿਸ਼ਵ ਵਿੱਚ ਪਨਪ ਰਹੀਆਂ ਅੱਤਵਾਦੀ ਸਰਗਰਮੀਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਤਵਾਦ ਦਾ ਸਾਹਮਣਾ ਕਰ ਰਹੇ ਦੇਸ਼ਾਂ ਨੂੰ ਇਸ ਆਲਮੀ ਬੁਰਾਈ ਖਿਲਾਫ਼ ਇਕਮੁੱਠ ਹੋ ਕੇ ਡਟਣਾ ਸਮੇਂ ਦੀ ਪ੍ਰਮੁੱਖ ਮੰਗ ਹੈਜਿਸ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਭਾਰਤ ਅਤੇ ਪਾਕਿਸਤਾਨ ਦੇ ਦੌਰੇ ‘ਤੇ ਨਿਕਲੇ ਸ੍ਰੀ ਬਰਾਉਣ ਅਜ ਪਾਕਿਸਤਾਨ ਦੇ ਲਾਹੌਰ ਤੋਂ ਭਾਰਤ ਆਉਣ ‘ਤੇ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਮੈਂਬਰਾਂ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਸ੍ਰੀ ਬਰਾਊਨ ਨੇ ਅੱਤਿਵਾਦੀ ਕਾਰਵਾਈਆਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਆਲਮੀ ਬੁਰਾਈ ਖਿਲਾਫ਼ ਸਾਂਝੇ ਤੌਰ ‘ਤੇ ਯਤਨ ਅਤੇ ਕਾਰਵਾਈਆਂ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਸਾਹਮਣਾ ਕਰ ਰਹੇ ਮੁਲਕ ਇਕਮੁੱਠ ਹੋ ਕੇ ਇਸ ਬੁਰਾਈ ਨੂੰ ਮੂੰਹ-ਤੋੜਵਾਂ ਜਵਾਬ ਦੇਣ ਤਾਂ ਜੋ ਭਵਿੱਖ ਵਿਚ ਅਜਿਹੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਸਾਂਝੇ ਤੌਰ ‘ਤੇ ਨਜਿੱਠਣਾ ਅਤੇ ਖ਼ਤਮ ਕਰਨਾ ਸਮੇਂ ਦੀ ਮੁੱਖ ਮੰਗ ਹੈ।
ਸ੍ਰੀ ਬਰਾਊਨ ਨੇ ਕਿਹਾ ਕਿ ਅੱਤਵਾਦ ਖਿਲਾਫ਼ ਜਹਾਦ ਛੇੜਦਿਆਂ ਇਸ ਦਾ ਸਾਹਮਣਾ ਕਰ ਰਹੇ ਮੁਲਕਾਂ ਨੂੰ ਇਸ ਸੰਸਾਰਕ ਸਮੱਸਿਆ ਨੂੰ ਮੁੱਖ ਤਰਜੀਹ ਦੇ ਕੇ ਖ਼ਤਮ ਕਰਨ ਵੱਲ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਸਾਹਮਣਾ ਕਰ ਰਹੇ ਮੁਲਕਾਂ ਨੂੰ ਕੈਨੇਡਾ ਵੱਲੋਂ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੱਖ-ਵੱਖ ਮੁਲਕਾਂ ਦੇ ਆਗੂਆਂ ਨਾਲ ਇਸ ਗੰਭੀਰ ਮਸਲੇ ‘ਤੇ ਚਰਚਾ ਕਰਦਿਆਂ ਇਸ ਨੂੰ ਰਲ ਕੇ ਨਜਿੱਠਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।
ਸਿੱਖਾਂ ਉੱਤੇ ਉੱਤਰੀ ਅਮਰੀਕਾ ਵਿਚ ਹੋ ਰਹੇ ਨਸਲੀ ਹਮਲਿਆਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਬਰਾਊਨ ਨੇ ਕਿਹਾ ਕਿ ਕੈਨੇਡਾ ਵਿਚ ਅਜਿਹੀਆਂ ਘਟਨਾਵਾਂ ਨਾਮਾਤਰ ਹਨ ਅਤੇ ਕੈਨੇਡਾ ਸਰਕਾਰ ਵੱਲੋਂ ਅਜਿਹੇ ਮਸਲਿਆਂ ਵਿਚ ਜ਼ੀਰੋ ਟੌਲਰੈਂਸ ਦੀ ਨੀਤੀ ਨੂੰ ਅਮਲ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਸਿੱਖਾਂ ਨੂੰ ਜਾਣਬੁੱਝ ਕੇ ਨਸਲੀ ਹਮਲਿਆਂ ਦਾ ਸ਼ਿਕਾਰ ਬਣਾਉਣ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੱਤਾ। ਉਹਨਾਂ ਕਿਹਾ ਕੈਨੇਡਾ ਵਿਚ ਸਿੱਖ ਸਮਾਜ ਪੂਰੀਤਰਾਂ ਸੁਰਖਿਅਤ, ਦੂਜੇ ਦੇਸ਼ਾਂ ਵਿਚ ਵੀ ਸਿਖਾਂ ਦੀ ਸੁਖਿਆ ਲਈ ਯਤਨ ਤੇਜ ਕਰਾਂਗਾ ।
ਆਪਣੇ ਦੌਰੇ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬਰਾਊਨ ਨੇ ਕਿਹਾ ਕਿ ਉਹ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਮੈਂਬਰਾਂ ਨਾਲ ਵਿਸ਼ੇਸ਼ ਵਪਾਰਕ ਮਿਸ਼ਨ ਤਹਿਤ ਵੱਖ-ਵੱਖ ਮੁਲਕਾਂ ਦੇ ਦੌਰੇ ‘ਤੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਪਾਕਿਸਤਾਨ ਵਿਚ ਵੱਖ-ਵੱਖ ਵਪਾਰਕ ਨੁਮਾਇੰਦਿਆਂ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਹੁਣ ਉਹ ਭਾਰਤ ਵਿਚ ਓਂਟਾਰੀਓ ਅਤੇ ਪੰਜਾਬ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਸਨਅੱਤੀ ਆਗੂਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੱਸਿਆ ਕਿ ਭਾਰਤ ਦਾ ਇਹ ਉਨ੍ਹਾਂ ਦਾ 16ਵਾਂ ਦੌਰਾ ਹੈ ਜਦਕਿ ਉਹ ਸ੍ਰੀ ਦਰਬਾਰ ਸਾਹਿਬ ਵਿਚ ਅੱਜ ਨੌਵੀਂ ਵਾਰ ਨਤਮਸਤਕ ਹੋਣ ਆਏ ਹਨ। ਇਸ ਮੌਕੇ ਉਹਨਾਂ ਨੂੰ ਸੂਚਨਾ ਕੈਦਰ ਵਿਖੇ ਸ੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵਲੋਂ ਸਨਮਹਾਨਿਤ ਕੀਤਾ ਗਿਆ। ਉਹਨਾਂ ਵਿਜੀਟਰ ਬੁਕ ‘ਤੇ ਆਪਣੇ ਵਿਚਾਰ ਵੀ ਦਰਜ ਕੀਤੇ।
ਇਸ ਮੌਕੇ ਸ੍ਰੀ ਬਰਾਊਨ ਨਾਲ ਉਨ੍ਹਾਂ ਦੀ ਭੈਣ ਬੀਬਾ ਫਿਓਨਾ ਬ੍ਰਾਊਨ, ਉਹਨਾਂ ਦੇ ਸਲਾਹਕਾਰ ਸ੍ਰੀ ਗੁਲਾਬ ਸਿੰਘ ਸੈਣੀ, ਸ੍ਰੀ ਜੈਡ ਜੌਹਲ, ਸ੍ਰੀ ਗੋਗੀ ਸਿੱਧੂ, ਸ੍ਰੀ ਸੰਨੀ ਗਰੇਵਾਲ, ਸ੍ਰੀ ਜਾਨਵੇ ਅਤੇ ਰਾਬਰਟ ਫੈਸਲ ਤੋਂ ਇਲਾਵਾ ਸ: ਸ: ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਪ੍ਰਭਜੋਤ ਸਿੰਘ ਧਾਲੀਵਾਲ, ਰਾਕੇਸ਼ ਪ੍ਰਾਸ਼ਰ, ਪ੍ਰੋ: ਜਸਵੰਤ ਸਿੰਘ ਬਾਜ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply