ਨਵੀਂ ਦਿੱਲੀ, 6 ਜਨਵਰੀ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਮਜੀਤ ਸਿੰਘ ਸਰਨਾ ਨੇ ਅੱਜ ਇਥੇ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਮਨਜੀਤ ਜੀ.ਕੇ ਤੇ ਸਿਰਸਾ ਸੰਗਤਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ, ਉਨ੍ਹਾਂ ਦਾ ਪੂਰੀ ਤਰ੍ਹਾਂ ਪਰਦਾਫਾਸ਼ ਹੋ ਚੁੱਕਾ ਹੈ। ਸz. ਸਰਨਾ ਨੇ ਕਿਹਾ ਕਿ ਨਵੇਂ ਸਾਲ ਦੀ ਆਮਦ ‘ਤੇ ਕਰਵਾਏ ਗਏ ਗੁਰਮਤਿ ਸਮਾਗਮ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਜੀ.ਕੇ ਨੇ ਇੱਕ ਵਾਰ ਫਿਰ ਦਿੱਲੀ ਦੀਆਂ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੀ.ਕੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਅੰਡਰਗਰਾਊਂਡ ਕਾਰ ਪਾਰਕਿੰਗ ਨੂੰ ਵਾਪਿਸ ਲੈ ਲਿਆ ਹੈ।ਪ੍ਰੰਤੂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਇਹ ਕਿਸ ਵਿਅਕਤੀ ਜਾਂ ਸੰਸਥਾ ਪਾਸੋਂ ਵਾਪਸ ਲਈ ਗਈ ਹੈ ਤੇ ਇਸ ਦਾ ਕਬਜ਼ਾ ਕਿਸ ਨੇ ਕਿਸ ਪਾਸੋਂ ਲਿਆ ਹੈ? ਕੀ ਐਨ.ਡੀ.ਐਮ.ਸੀ ਨਾਲ ਹੋਏ ਕਰਾਰ ਦੀ ਮਿਆਦ 25 ਸਾਲ ਤੋਂ ਵੱਧਾ ਕੇ 99 ਸਾਲ ਕਰਵਾ ਲਈ ਗਈ ਹੈ?
ਸz. ਸਰਨਾ ਨੇ ਕਿਹਾ ਕਿ ਇਸ ਸੱਚ ਨੂੰ ਸਾਰੇ ਜਾਣਦੇ ਹਨ ਕਿ ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਦੀ ਉਸਾਰੀ ਗੁਰਪੁਰਵਾਸੀ ਸ੍ਰੀਮਾਨ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਕਰਵਾਈ ਸੀ ਤੇ ਇਸ ਦੇ ਪੂਰਾ ਹੋਣ ਤੋਂ ਬਾਅਦ ਇਹ ਸੰਗਤਾਂ ਦੁਆਰਾ ਇਸਤੇਮਾਲ ਕੀਤੀ ਜਾ ਰਹੀ ਹੈ। ਇਸ ਕਾਰ ਪਾਰਕਿੰਗ ਦਾ ਸਾਰਾ ਕੰਟਰੋਲ ਅਤੇ ਰੱਖ ਰਖਾਅ ਪਹਿਲੇ ਦਿਨ ਤੋਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤਾ ਜਾ ਰਿਹਾ ਹੈ।ਇਨ੍ਹਾਂ ਹਲਾਤਾਂ ਵਿੱਚ ਮਨਜੀਤ ਸਿੰਘ ਜੀ.ਕੇ ਨੇ ਇਹ ਕਾਰਪਾਰਕਿੰਗ ਕਿਸ ਕੋਲੋਂ ਵਾਪਿਸ ਲਈ ਹੈ, ਉਹ ਆਪ ਹੀ ਦੱਸ ਸਕਦੇ ਹਨ। ਇਹ ਕਾਰ ਪਾਰਕਿੰਗ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਉਸਾਰੀ ਗਈ ਸੀ ਤੇ ਰਹਿੰਦੀ ਦੁਨੀਆਂ ਤੱਕ ਇਹ ਗੁਰੂ ਘਰ ਦੀਆਂ ਸੰਗਤਾਂ ਦੇ ਇਸਤੇਮਾਲ ਲਈ ਹੀ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਜੀ.ਕੇ ਤੇ ਸਿਰਸਾ ਜਾਣ ਬੁੱਝ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਬਾਦਲ ਦਲੀਏ ਮੁੱਢ ਤੋਂ ਹੀ ਦਿੱਲੀ ਦੀਆਂ ਸਿੱਖ ਸੰਗਤਾਂ ਅਤੇ ਪੰਥ ਨਾਲ ਧੋਖਾ ਕਰਦੇ ਆ ਰਹੇ ਹਨ।
ਸz. ਸਰਨਾ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ ਨੇ ਇਹ ਗੱਲ ਵੀ ਕਹੀ ਹੈ ਕਿ ਉਨ੍ਹਾਂ ਨੇ ਗੁਰੂ ਹਰਿਕ੍ਰਿਸ਼ਨ ਹਸਪਤਾਲ ਬਾਲਾ ਸਾਹਿਬ ਦੀ ਜ਼ਮੀਨ ਵੀ ਵਾਪਿਸ ਲੈ ਲਈ ਹੈ।ਇਸ ਮੁੱਦੇ ‘ਤੇ ਵੀ ਸੰਗਤਾਂ ਨੂੰ ਸੱਚਾਈ ਤੇ ਤੱਥ ਛੁਪਾ ਕੇ ਗੁੰਮਰਾਹ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਹੈ।ਸਰਨਾ ਨੇ ਕਿਹਾ ਕਿ ਹਸਪਤਾਲ ਦੀ ਜ਼ਮੀਨ ਅਤੇ ਇਮਾਰਤ ਮੁੱਢ ਤੋਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਲਕੀਅਤ ਰਹੀ ਹੈ ਤੇ ਇਸ ਨੂੰ ਕਦੇ ਵੀ ਕਿਸੇ ਤੀਸਰੇ ਧਿਰ ਨੂੰ ਵੇਚਿਆ ਜਾਂ ਟਰਾਂਸਫਰ ਨਹੀਂ ਕੀਤਾ ਗਿਆ, ਕੇਵਲ ਇੱਕ ਕਰਾਰਨਾਮਾ ਗੁਰੂ ਹਰਿਕ੍ਰਿਸ਼ਨ ਮੈਡੀਕਲ ਟਰੱਸਟ ਦਿੱਲੀ ਕਮੇਟੀ ਅਤੇ ਹਸਪਤਾਲ ਕੰਪਨੀ ਵਿਚਕਾਰ ਹਸਪਤਾਲ ਨੂੰ ਚਲਾਉਣ ਲਈ ਹੋਇਆ ਸੀ ਤੇ ਇਹ ਕਰਾਰਨਾਮਾ ਦਿੱਲੀ ਹਾਈਕੋਰਟ ਦੇ ਸਾਹਮਣੇ ਮਨਜੀਤ ਸਿੰਘ ਜੀ.ਕੇ ਤੇ ਹਸਪਤਾਲ ਕੰਪਨੀ ਦੀ ਸਹਿਮਤੀ ਨਾਲ ਰੱਦ ਹੋ ਚੁੱਕਾ ਹੈ। ਸz. ਸਰਨਾ ਨੇ ਕਿਹਾ ਕਿ ਹਸਪਤਾਲ ਦੇ ਕਰਾਰਨਾਮੇ ਨੂੰ ਭੰਗ ਹੋਏ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ, ਪ੍ਰੰਤੂ ਜੀ.ਕੇ ਵੱਲੋਂ ਇਸ ਹਸਪਤਾਲ ਨੂੰ ਚਲਾਏ ਜਾਣ ਸਬੰਧੀ ਕੋਈ ਰੋਡਮੈਪ ਸੰਗਤਾਂ ਨੂੰ ਨਹੀਂ ਦਿੱਤਾ ਗਿਆ।ਉਲਟਾ ਇਸ ਮੁੱਦੇ ‘ਤੇ ਸੰਗਤਾਂ ਨੂੰ ਗੁੰਮਰਾਹ ਕਰਕੇ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ ਜਾ ਰਹੀਆਂ ਹਨ। ਪ੍ਰਾਪਤੀਆਂ ਤੇ ਤਾਂ ਮੰਨੀਆਂ ਜਾਂਦੀਆਂ ਜੇ ਜੀ.ਕੇ ਵੱਲੋਂ ਅੱਜ ਤੱਕ ਹਸਪਤਾਲ ਨੂੰ ਚਲਾਏ ਜਾਣ ਸਬੰਧੀ ਇੱਕ ਵੀ ਕਦਮ ਪੁੱਟਿਆ ਗਿਆ ਹੁੰਦਾ।
ਸz. ਸਰਨਾ ਨੇ ਕਿਹਾ ਕਿ ਜੀ.ਕੇ. ਨੇ ਇੱਕ ਹੋਰ ਵੱਡਾ ਗੁੰਮਰਾਹਕੁੰਨ ਕੰਮ 1984 ਸਿੱਖ ਨਸਲਕੁਸ਼ੀ ਦੀ ਯਾਦਗਾਰ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕੰਪਲੈਕਸ ਵਿੱਚ ਬਣਾਏ ਜਾਣ ਬਾਰੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯਾਦਗਾਰ ਗੁਦਰੁਆਰਾ ਸਾਹਿਬ ਦੀ ਜ਼ਮੀਨ ‘ਤੇ ਬਣਾਉਣਾ ਨਾ ਕੇਵਲ ਗੈਰ ਕਾਨੂੰਨੀ ਹੈ ਬਲਕਿ ਸਿੱਖ ਪਰੰਪਰਾਵਾਂ ਅਤੇ ਪੰਥਕ ਰਵਾਇਤਾਂ ਦੇ ਵੀ ਵਿਰੁੱਧ ਹੈ।ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਵੱਡਮੁੱਲੀ ਸ਼ਹਾਦਤ ਦੀ ਯਾਦਗਾਰ ‘ਚ ਉਸਾਰਿਆ ਗਿਆ ਸੀ ਤੇ ਜੇਕਰ ਇਥੇ ਸਿੱਖ ਨਸਲਕੁਸ਼ੀ ਵਿੱਚ ਮਾਰੇ ਗਏ ਸਿੱਖਾਂ ਦੀ ਯਾਦਗਾਰ ਉਸਾਰੀ ਜਾਂਦੀ ਹੈ ਤਾਂ ਇਹ ਇੱਕ ਪਾਸੇ ਤਾਂ ਗੁਰੂ ਸਾਹਿਬ ਦਾ ਨਿਰਾਦਰ ਹੋਵੇਗਾ ਅਤੇ ਦੂਸਰੇ ਪਾਸੇ ਸਿੱਖ ਤੇ ਗੁਰੂ ਨੂੰ ਬਰਾਬਰ ਦਾ ਦਰਜ਼ਾ ਦਰਸਾਏਗਾ।
ਸz. ਸਰਨਾ ਨੇ ਕਿਹਾ ਕਿ ਜੀ.ਕੇ ਨੇ ਸੰਗਤਾਂ ਨੂੰ ਇਸ ਗੱਲ ‘ਤੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਜਾਵੇਗੀ।ਸ਼ਾਇਦ ਕੁੱਝ ਲੋਕ ਨਾ ਜਾਣਦੇ ਹੋਣ ਕਿ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਮਹਿਰੋਲੀ ਵਿਖੇ ਠੀਕ ਉਸੇ ਅਸਥਾਨ ‘ਤੇ ਉਸਾਰਿਆ ਗਿਆ ਹੈ, ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲਾਂ ਨੇ 1715 ਈਸਵੀ ਵਿੱਚ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ।ਸz. ਸਰਨਾ ਨੇ ਕਿਹਾ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ‘ਚ ਗੁਰਦੁਆਰਾ ਸਾਹਿਬ ਮੌਜ਼ੂਦ ਹੈ ਤੇ ਫਿਰ ਮਨਜੀਤ ਸਿੰਘ ਜੀ.ਕੇ ਕਿਸੇ ਹੋਰ ਥਾਂ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਕਿਉਂ ਸਥਾਪਿਤ ਕਰਨਾ ਚਾਹੁੰਦੇ ਹਨ।ਸ਼ਾਇਦ ਉਹ ਬੀ.ਜੇ.ਪੀ ਤੇ ਆਰ.ਐਸ.ਐਸ ਦੇ ਇਸ਼ਾਰੇ ‘ਤੇ ਸਿੱਖ ਇਤਿਹਾਸ ਵਿੱਚ ਭੁਲੇਖੇ ਪਾਉਣ ਵਾਲੀਆਂ ਸਾਜਿਸ਼ਾਂ ਨਾਲ ਬਰਬਾਦ ਕਰਨਾ ਚਹੁੰਦੇ ਹਨ ਕੀ ਆਉਣ ਵਾਲੀਆਂ ਨਸਲਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਅਸਥਾਨ ਅਤੇ ਯਾਦਗਾਰ ਦੇ ਵਖਰੇਵੇਂ ਵਿੱਚ ਉਲਝਾਇਆ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਪਿੱਛਲੀ ਕਮੇਟੀ ਦੇ ਕਾਰਜਕਾਲ ਦੇ ਦੌਰਾਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਲੱਗਦੀ ਜ਼ਮੀਨ ਨੂੰ ਖਰੀਦ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੋਹਣੀ ਦਿੱਖ ਦੇਣ ਦਾ ਪ੍ਰੋਜੇਕਟ ਆਰੰਭ ਕੀਤਾ ਗਿਆ ਸੀ।
ਸz. ਸਰਨਾ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਅਤੇ ਸਿਰਸਾ ਸੰਗਤਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਪਿਛਲੇ ੩ ਸਾਲਾਂ ਤੋਂ ਕੋਈ ਹੋਰ ਉਸਾਰੂ ਕੰਮ ਨਹੀਂ ਕਰ ਰਹੇ। ਉਨ੍ਹਾਂ ਨੇ ਕਿਹਾ ਕਿ ਅਣਗਿਣਤ ਪ੍ਰੈਸ ਬਿਆਨਾਂ ਦੇ ਬਾਵਜ਼ੂਦ ਜੀ.ਕੇ ਅੱਜ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 98 ਕਰੋੜ ਦੀਆਂ ਐਫ.ਡੀਆਂ ਬਾਰੇ ਇੱਕ ਵੀ ਲਫਜ਼ ਨਹੀਂ ਬੋਲ ਸਕੇ। ਇਹ ਐਫ.ਡੀਆਂ ਹੁਣ ਲੱਗਭੱਗ 136 ਕਰੋੜ ਦੀਆਂ ਹੋਣੀਆਂ ਚਾਹੀਦੀਆਂ ਹਨ।ਪ੍ਰੰਤੂ ਇਨ੍ਹਾਂ ਦੇ ਬਾਰੇ ਸੰਗਤਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਉਹ ਜੀ.ਕੇ, ਸਿਰਸਾ ਅਤੇ ਉਨ੍ਹਾਂ ਦੇ ਚੋਣਵੇਂ ਮੈਂਬਰਾਂ ਦੀਆਂ ਹਵਾਈ ਯਾਤਰਾਵਾਂ ਦਾ ਖਰਚਾ ਨਹੀਂ ਮੰਗ ਰਹੇ, ਕੇਵਲ ਗੁਰੂ ਦੀ ਗੋਲਕ ਦੇ 136 ਕਰੋੜ ਦੀਆਂ ਐਫ.ਡੀਆਂ ਦਾ ਸੰਗਤਾਂ ਨੂੰ ਹਿਸਾਬ ਦੇਣ ਲਈ ਕਹਿ ਰਹੇ ਹਨ।
ਸz. ਸਰਨਾ ਨੇ ਕਿਹਾ ਕਿ ਮੌਜ਼ੂਦਾ ਸਮੇਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਦੇ 4 ਇੰਸਟੀਚਿਊਟ ਬੰਦ ਹੋਣ ਦੀ ਕਾਗਾਰ ‘ਤੇ ਹਨ ਤੇ 2 ਹੋਰ ਜਲਦੀ ਬੰਦ ਹੋ ਜਾਣਗੇ, ਜੇਕਰ ਸਥਿਤੀ ਨੂੰ ਮੌਕਾ ਰਹਿੰਦਿਆਂ ਨਾ ਸੰਭਾਲਿਆ ਗਿਆ।ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਕੁੱਝ ਬਰਾਂਚਾਂ ਅਤੇ ਕੁੱਝ ਇੰਸਟੀਚਿਊਟਾਂ ਦੇ ਮੁਲਾਜ਼ਮਾਂ ਨੂੰ ਪਿਛਲੇ 3 ਮਹੀਨੇ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਕੁੱਝ ਇੰਸਟੀਚਿਊਟਾਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਫੰਡ ਗੁਰਦੁਆਰਾ ਕਮੇਟੀ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾ ਰਹੇ ਹਨ। 136 ਕਰੋੜ ਦੀਆਂ ਐਫ.ਡੀਆਂ ਦੇ ਹਿਸਾਬ ‘ਤੇ ਜੀ.ਕੇ ਤੇ ਸਿਰਸਾ ਦੋਹਾਂ ਨੇ ਚੁੱਪੀ ਵੱਟੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਦਲੀਆਂ ਦਾ ਇੱਕੋ-ਇੱਕ ਮਿਸ਼ਨ ਹੈ ਕਿ ਉਹ ਆਪਣੀਆਂ ਸਪੀਚਾਂ ਰਹੀਂ ਭੋਲੀ-ਭਾਲੀ ਸੰਗਤ ਨੂੰ ਬਿਨ੍ਹਾਂ ਸਚਾਈ ਬਿਆਨ ਕੀਤੇ ਗੁੰਮਰਾਹ ਕਰਦੇ ਰਹਿਣ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media