
ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ ਸੱਗੂ)- ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਪਾਰਟੀਆਂ ਮੁਦਾਹੀਣ ਪਾਰਟੀਆਂ ਹਨ, ਜਿਨ੍ਹਾਂ ਨੂੰ ਪੰਜਾਬ ਦੀ ਰਾਜ ਸਤਾ ‘ਤੇ ਕਾਬਜ਼ ਹੋ ਸਕਣ ਦੀ ਖੁਸ਼ਫਹਿਮੀ ਤੋ ਬਾਹਰ ਆ ਜਾਣਾ ਚਾਹੀਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਵੱਲੋਂ ਰਾਜ ਦੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਲਈ ਕੀਤੇ ਗਈ ਕੰਮਾਂ ਸਦਕਾ ਮੁੜ ਤੀਜੀ ਵਾਰ ਸਰਕਾਰ ਬਣਾਵੇਗੀ। ਸ: ਕਾਹਲੋਂ ਅੱਜ ਇੱਥੇ ਯੂਥ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਨਾਲ ਪਾਰਟੀ ਦੀ ਮਜ਼ਬੂਤੀ ਅਤੇ ਨਵੇਂ ਜਥੇਬੰਦਕ ਢਾਂਚੇ ਪ੍ਰਤੀ ਰਣਨੀਤੀ ‘ਤੇ ਵਿਚਾਰ ਕਰ ਰਹੇ ਸਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਗੈਰ ਸੰਜੀਦਾ ਨੇਤਾ ਹੈ ਜਿਸ ਤੋਂ ਕਾਂਗਰਸ ਦੇ ਆਗੂ ਵੀ ਨਿਰਾਸ਼ ਹਨ ਤਾਂ ਹੀ ਕਾਂਗਰਸ ਦੇ ਕਈ ਸੀਨੀਅਰ ਆਗੂ ਕੈਪਟਨ ਦੀ ਵਾਪਸੀ ਉਪਰੰਤ ਪਾਰਟੀ ਛੱਡ ਚੁੱਕੇ ਹਨ। ਉਹਨਾਂ ਕਿਹਾ ਕਿ ਕਾਂਗਰਸ ਨੂੰ ਚੋਣਾਂ ਦੇ ਨੇੜੇ ਹੀ ਕਿਸਾਨਾਂ ਅਤੇ ਦਲਿਤ ਵਰਗ ਦਾ ਖਿਆਲ ਆਉਂਦਾ ਹੈ। ਜਦ ਕਿ ਸਤਾ ਵਿੱਚ ਹੁੰਦਿਆਂ ਕਦੀ ਵੀ ਉਹਨਾਂ ਕਿਸਾਨਾਂ ਅਤੇ ਦਲਿਤ ਭਾਈਚਾਰੇ ਦੀ ਬਾਂਹ ਨਹੀਂ ਫੜੀ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਪੰਜਾਬ ਦਾ ਭਵਿੱਖ ਪੂਰੀ ਤਰਾਂ ਸੁਰਖਿਅਤ ਹੈ। ਉਹਨਾਂ ਕਿਹਾ ਜੋ ਵਿਕਾਸ ਬਾਦਲ ਸਰਕਾਰ ਸਮੇਂ ਵੇਖਣ ਵਿੱਚ ਆਇਆ ਉਸ ਬਾਰੇ ਕਾਂਗਰਸ ਨੇ ਕਦੀ ਸੋਚਿਆ ਵੀ ਨਹੀਂ ਸੀ। ਪਠਾਨਕੋਟ ਦਹਿਸ਼ਤੀ ਹਮਲੇ ‘ਤੇ ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਦਹਿਸ਼ਤਗਰਦੀ ਲਈ ਕੋਈ ਥਾਂ ਨਹੀਂ ਹੈ। ਪੰਜਾਬ ਨੇ ਪਾਕਿਸਤਾਨੀ ਦਹਿਸ਼ਤਗਰਦਾਂ ਦਾ ਹਰਵਾਰ ਮੂੰਹ ਤੋੜ ਜਵਾਬ ਦਿੱਤਾ ਹੈ। ਉਹਨਾਂ ਸਰਹੱਦ ਦੀਆਂ ਕਮਜ਼ੋਰ ਕੜੀਆਂ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸੀਮਾ ਨੂੰ ਪੂਰੀ ਤਰਾਂ ਸੀਲ ਕਰਨ ਦੀ ਕੇਂਦਰ ਤੋਂ ਮੰਗ ਕੀਤੀ।
ਉਹਨਾਂ ਬੀਤੇ ਦਿਨੀਂ ਅੰਮ੍ਰਿਤਸਰ ਆਮਦ ਮੌਕੇ ਯੂਥ ਵਰਕਰਾਂ ਵਲ਼ੋਂ ਕੀਤੇ ਗਏ ਸ਼ਾਨਦਾਰ ਸਵਾਗਤ ਲਈ ਯੂਥ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਯੂਥ ਅਕਾਲੀ ਦਲ ਦੀ ਸਾਖ ਨੂੰ ਹੋਰ ਬੁਲੰਦ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਉਹਨਾਂ ਕਿਹਾ ਕਿ ਯੂਥ ਦੀ ਸ਼ਕਤੀ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਨਿਰਧਾਰਿਤ ਕਰਨ ਵਿੱਚ ਸਮਰੱਥ ਹੈ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਜਿਮਨੀ ਚੋਣ ਤੋ ਇਲਾਵਾ ੨੦੧੭ ਦੀਆਂ ਚੋਣਾਂ ਵਿੱਚ ਅਕਾਲੀ ਦਲ ਭਾਜਪਾ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਏਗੀ। ਉਹਨਾਂ ਦੱਸਿਆ ਕਿ ਯੂਥ ਵਿੰਗ ਵੱਲੋਂ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ ਕਰੇਗੀ। ਉਹਨਾਂ ਕਿਹਾ ਕਿ ਯੂਥ ਦੀ ਭਰਤੀ ਉਪਰੰਤ ਮਿਹਨਤੀ ਤੇ ਵਫ਼ਾਦਾਰ ਵਰਕਰਾਂ ਨੂੰ ਅੱਗੇ ਲਿਆਉਂਦਿਆਂ ਜਥੇਬੰਧਕ ਢਾਂਚਾ ਜਲਦ ਐਲਾਨਿਆ ਜਾਵੇਗਾ। ਇਸ ਮੌਕੇ ਮੀਟਿੰਗ ਵਿੱਚ ਤਲਬੀਰ ਸਿੰਘ ਗਿੱਲ, ਰਾਣਾ ਰਣਬੀਰ ਸਿੰਘ ਲੋਪੋਕੇ, ਰਵਿੰਦਰ ਸਿੰਘ ਬ੍ਰਹਮਪੁਰਾ, ਨਵਦੀਪ ਗੋਲਡੀ, ਗੁਰਪ੍ਰਤਾਪ ਸਿੰਘ ਟਿਕਾ, ਇਕਬਾਲ ਸੰਧੂ, ਅਜੈਬੀਰ ਪਾਲ ਸਿੰਘ ਰੰਧਾਵਾ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
Punjab Post Daily Online Newspaper & Print Media