
ਨਵੀਂ ਦਿੱਲੀ, 7 ਜਨਵਰੀ (ਬਿਊਰੋ) – ਅੱਜ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਮੁਫ਼ਤੀ ਮੁਹੰਮਦ ਸਈਦ ਦੇ ਦੁਖਦਾਈ ਦੇਹਾਂਤ ਉੱਤੇ ਡੂੰਘਾ ਦੁੱਖ ਪ੍ਰਗਟਾਇਆ ਗਿਆ। ਸ੍ਰੀ ਸਈਦ ਦਾ ਦੇਹਾਂਤ ਅੱਜ ਨਵੀਂ ਦਿੱਲੀ ਦੇ ਆੱਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ (ਏਮਸ) ਵਿੱਚ ਹੋਇਆ। ਮੰਤਰੀ ਮੰਡਲ ਨੇ ਸ੍ਰੀ ਮੁਫ਼ਤੀ ਮੁਹੰਮਦ ਸਈਦ ਦੀ ਯਾਦ ਵਿੱਚ ਦੋ ਮਿੰਟਾਂ ਦਾ ਮੌਨ ਰੱਖਿਆ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਸੱਤ ਜਨਵਰੀ, 2016 ਨੂੰ ਰਾਜਧਾਨੀ, ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਵਿੱਚ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਮੰਤਰੀ ਮੰਡਲ ਨੇ ਜੰਮੂ-ਕਸ਼ਮੀਰ ਦੇ ਬਿਜਬੇਹਾੜਾ ਵਿਖੇ ਸ੍ਰੀ ਸਈਦ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਸਪੁਰਦ-ਏ-ਖ਼ਾਕ ਕਰਨ ਦਾ ਫ਼ੈਸਲਾ ਲਿਆ ਹੈ। ਮੰਤਰੀ ਮੰਡਲ ਨੇ ਇੱਕ ਸੋਗ ਮਤਾ ਵੀ ਪਾਸ ਕੀਤਾ, ਜਿਸ ਵਿੱਚ ਵਰਣਨ ਕੀਤਾ ਗਿਆ ਹੈ ਕਿ ਰਾਸ਼ਟਰ ਨੇ ਸ੍ਰੀ ਮੁਫ਼ਤੀ ਮੁਹੰਮਦ ਸਈਦ ਦੇ ਰੂਪ ਵਿੱਚ ਇੱਕ ਵੱਕਾਰੀ ਨੇਤਾ, ਸੱਚੇ ਰਾਸ਼ਟਰਵਾਦੀ ਅਤੇ ਜੰਮੂ-ਕਸ਼ਮੀਰ ਦੀ ਪ੍ਰਸਿੱਧ ਹਸਤੀ ਨੂੰ ਗੁਆ ਦਿੱਤਾ ਹੈ। ਮੰਤਰੀ ਮੰਡਲ ਨੇ ਸੋਗ ਗ੍ਰਸਤ ਪਰਿਵਾਰ ਪ੍ਰਤੀ ਵੀ ਆਪਣੀਆਂ ਹਾਰਦਿਕ ਸੰਵੇਦਨਾਵਾਂ ਪ੍ਰਗਟ ਕੀਤੀਆਂ ਹਨ।
Punjab Post Daily Online Newspaper & Print Media