Tuesday, June 16, 2026

ਬੱਕਰੀ ਪਾਲਣ ਦਾ ਕਿੱਤਾ ਬਣਿਆ ਚੰਗੀ ਕਮਾਈ ਦਾ ਸਾਧਨ

PPN1001201604

ਬਟਾਲਾ, 10 ਜਨਵਰੀ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਦੇ ਨਾਲ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨ ਰੰਗ ਲਿਆ ਰਹੇ ਹਨ ਅਤੇ ਬੱਕਰੀਆਂ ਪਾਲਣ ਦਾ ਕਿੱਤਾ ਦਿਨੋਂ ਦਿਨ ਹਰਮਨ ਪਿਆਰਾ ਹੂੰਦਾ ਜਾ ਰਿਹਾ ਹੈ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ ਅਤੇ ਸ਼੍ਰੀ ਅਮ੍ਰਿਤਸਰ ਸਾਹਿਬ ਵਿਚ ਇਸ ਵੇਲੇ ਬੀਟਲ, ਜ਼ਮਨਾ ਪਾਰੀ, ਯੱਤਲ, ਪਹਾੜੀ, ਬਾਰਬਰੀ ਅਤੇ ਬੀਕਾਨੇਰੀ ਨਸਲ ਦੀਆਂ ਬੱਕਰੀਆਂ ਨੂੰ ਪਾਲਣ ਦਾ ਧੰਦਾ ਪੂਰੇ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ।
ਬੱਕਰੀ ਪਾਲਣ ਧੰਦੇ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਰਵਿੰਦ ਸ਼ਰਮਾਂ ਨੇ ਦੱਸਿਆ ਕਿ ਪੰੰਜਾਬ ਵਿਚ ਪਾਲੀਆਂ ਜਾ ਰਹੀਆਂ ਬੱਕਰੀਆਂ ਦੀਆਂ ਕਿਸਮਾਂ ਹੁਣ ਸ਼ੌਂਕੀਆਂ ਤੌਰ ਤੇ ਹੀ ਨਹੀਂ ਬਲਕਿ ਕਈ ਕਿਸਮਾਂ ਤਾਂ ਚੰਗੀ ਆਮਦਨ ਦਾ ਸਰੋਤ ਸਾਬਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਈ ਬੱਕਰੀਆਂ ਦੀਆਂ ਨਸਲਾਂ ਦਿਨ ਵਿਚ 2 ਤੋਂ 4 ਕਿਲੋਗ੍ਰਾਮ ਤੱਕ ਦੁੱਧ ਵੀ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ‘ਚ ਜਿਆਦਾਤਰ ਪਾਈ ਜਾਂਦੀ ਬੀਟਲ ਕਿਸਮ ਦੀ ਬੱਕਰੀ ਦੇ ਦੁੱਧ ਵਿਚ ਕਾਫ਼ੀ ਤਰ੍ਹਾਂ ਦੇ ਸਿਹਤ ਲਈ ਲਾਭਦਾਇਕ ਪ੍ਰੋਟੀਨ ਹੁੰਦੇ ਹਨ, ਜਿਹੜੇ ਮਾਂ ਦੇ ਦੁੱਧ ਨਾਲ ਮੇਲ ਖਾਂਦੇ ਹਨ। ਉਨ੍ਹਾਂ ਕਿਹਾ ਕਿ ਬੀਟਲ ਕਿਸਮ ਦੀ ਬੱਕਰੀ ਦਾ ਦੁੱਧ ਡੇਅਰੀਆਂ ਤੇ ਵੀ ਪਹੁੰਚਣ ਲੱਗਿਆ ਹੈ ਅਤੇ ਇਹ ਦੁੱਧ 25 ਤੋਂ 30 ਰੁਪਏ ਕਿਲੋਗ੍ਰਾਮ ਤੱਕ ਵਿਕਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਬੀਟਲ ਕਿਸਮ ਦੀ ਬੱਕਰੀ ਇਕ ਸਾਲ ਵਿਚ 4 ਨਗ ਬੱਚਿਆਂ ਦੇ ਦਿੰਦੀ ਹੈ, ਜਿੰਨ੍ਹਾਂ ਦੀ ਕੀਮਤ 3000 ਰੁਪਏ ਪ੍ਰਤੀ ਨਗ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਨੌਜਵਾਨਾਂ ਲਈ ਇਹ ਕਿੱਤਾ ਵੱਡੀ ਪੱਧਰ ਤੇ ਨਵੀਂ ਦਿਸ਼ਾ ਦੇ ਸਕਦਾ ਹੈ।
ਡਾ. ਸ਼ਰਮਾਂ ਨੇ ਕਿਹਾ ਕਿ ਬੱਕਰੀ ਪਾਲਣ ਦਾ ਕਿੱਤਾ ਕੋਈ ਜਿਆਦਾ ਖਰਚੀਲਾ ਨਹੀਂ ਹੈ, ਬੱਕਰੀਆਂ ਦੀ ਖੁਰਾਕ ਕੁਦਰਤੀ ਸਾਧਨਾਂ ਤੇ ਨਿਰਭਰ ਕਰਦੀ ਹੈ। ਇਸ ਦੇ ਨਾਲ ਹੀ ਬੱਕਰੀਆਂ ਨੂੰ ਕੋਈ ਜਿਆਦਾ ਬਿਮਾਰੀਆਂ ਦਾ ਸਾਹਮਣਾ ਵੀ ਨਹੀਂ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਬਾਹਰਲੇ ਦੇਸ਼ਾਂ ਵਿਚ ਜਾ ਕੇ ਗੁਲਾਮੀ ਕਰਨ ਦੀ ਬਜਾਏ ਆਪਣੇ ਹੀ ਦੇਸ਼ ਵਿਚ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਦੇ ਕਿੱਤੇ ਨੂੰ ਸਹਾਇਕ ਧੰਦੇ ਵੱਜੋਂ ਆਪਣਾ ਕੇ ਇੱਥੇ ਹੀ ਚੰਗੀ ਆਮਦਨ ਪ੍ਰਾਪਤ ਕਰ ਸਕਦੇ ਹਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply