Saturday, November 7, 2026

 ਮਨੁੱਖਤਾ ਵਾਸਤੇ ਚੰਗੇਰਾ ਸੁਨੇਹਾ ਲੈ ਕੇ ਆਵੇ ਸਾਲ 2016 – ਗਿ: ਸੰਤੋਖ ਸਿੰਘ

PPN1101201625

ਅੰਮ੍ਰਿਤਸਰ (ਸਿਡਨੀ), 11 ਜਨਵਰੀ (ਜਸਮੋਹਨ)- ਨਵੇਂ ਸਾਲ ਦੀ ਆਮਦ ਦੀ ਖ਼ੁਸ਼ੀ ਵਿਚ, ਸਦਰਨ ਹੈਮੇਸਫ਼ੀਅਰ ਦੇ ਸਭ ਤੋਂ ਸਭ ਵਿਸ਼ਾਲ ਗੁਰੂਘਰ ਵਿਚ ਸਜੇ ਦੀਵਾਨ ਵਿਚ, ਪ੍ਰਸਿੱਧ ਪੰਥਕ ਵਿਦਵਾਨ ਤੇ ਲੇਖਕ ਗਿਆਨੀ ਸੰਤੋਖ ਸਿੰਘ ਨੇ ਸੰਗਤ ਨੂੰ ਨਵੇਂ ਸਾਲ ਦੇ ਆਗਮਨ ਦੀ ਵਧਾਈ ਦਿਤੀ।ਗਿਆਨੀ ਜੀ ਨੇ ਆਪਣੇ ਵਿਖਿਆਨ ਵਿਚ ਦੱਸਿਆ ਕਿ ਅਕਾਲ ਦਾ ਸਾਜਿਆ ਹੋਇਆ ਕਾਲ, ਅਨੰਤਕਾਲ ਤੋਂ ਇਕ ਰਸ ਅਤੇ ਅਖੰਡ ਚੱਲਿਆ ਆ ਰਿਹਾ ਹੈ। ਮਨੁੱਖ ਨੇ ਇਸ ਨੂੰ ਆਪਣੀ ਸਹੂਲਤ ਵਾਸਤੇ ਵੱਖ ਵੱਖ ਹਿੱਸਿਆਂ ਵਿਚ ਵੰਡਿਆ ਹੋਇਆ ਹੋਇਆ ਹੈ। ਉਹਨਾਂ ਅਨੇਕਾਂ ਵੰਡਾਂ ਵਿਚੋਂ ਇਕ ਵੰਡ ਸਾਲ ਵਾਲ਼ੀ ਵੀ ਹੈ, ਜਿਸ ਨੂੰ ਸੰਸਾਰ ਦੇ ਲੋਕ ਅੱਜ ਦੇ ਦਿਨ ‘ਖ਼ੁਸ਼ਆਮਦੀਦ’ ਆਖ ਰਹੇ ਹਨ। ਸਤਿਗੁਰਾਂ ਦੀ ਹਜ਼ੂਰੀ ਵਿਚ ਆਪਾਂ ਵੀ ਇਸ ਮੌਕੇ ਇਕੱਤਰ ਹੋ ਕੇ, ਗੁਰੂ ਦੀ ਸਾਖੀ ਅਤੇ ਸਿੱਖਿਆ ਦੁਆਰਾ ਰਲ਼ ਮਿਲ਼ ਕੇ ਪਰਸਪਰ ਸਾਂਝ ਪਾ ਰਹੇ ਹਾਂ।
ਪਿਛਲੇ ਅਰਥਾਤ 2015 ਵਾਲ਼ੇ ਸਾਲ ਦੇ ਸਮੇ ਦੌਰਾਨ, ਜਿਥੇ ਸੰਸਾਰ ਦੇ ਮਨੁੱਖੀ ਇਤਿਹਾਸ ਵਿਚ ਬੜੀਆਂ ਮਹੱਤਪੂਰਨ ਘਟਨਾਵਾਂ ਵਾਪਰੀਆਂ ਹਨ, ਓਥੇ ਹਿੰਦੁਸਤਾਨ ਤੋਂ ਬਾਹਰ, ਸਿੱਖ ਪੰਥ ਦੇ ਹੋਣਹਾਰ ਗੁਰਸਿੱਖਾਂ ਨੇ ਵੀ, ਵੱਖ ਵੱਖ ਖੇਤਰਾਂ ਵਿਚ ਚੰਗੀਆਂ ਮੱਲਾਂ ਮਾਰੀਆਂ ਹਨ। ਕੈਨੇਡਾ ਦੀ ਸਰਕਾਰ ਵਿਚ ਇਕ ਗੁਰਸਿੱਖ ਦਾ ਰੱਖਿਆ ਮੰਤਰੀ ਦੀ ਮਹੱਤਵਪੂਰਨ ਪਦਵੀ ਤੱਕ ਪੁੱਜਣਾ, ਮਾਅਰਕੇ ਵਾਲੀ ਗੱਲ ਹੈ ਪਰ ਗੁਰੂਆਂ ਦੀ ਧਰਤੀ, ਪੰਜਾਬ ਵਿਚ ਸਿੱਖਾਂ ਵਾਸਤੇ ਪਿਛਲਾ ਸਾਲ ਕੋਈ ਖ਼ੁਸ਼ਗਵਾਰ ਨਹੀਂ ਗੁਜ਼ਰਿਆ। ਸਿੱਖ ਪੰਥ ਦੇ ਹਿਤਾਂ ਦਾ ਦਾਅਵਾ ਕਰਨ ਵਾਲ਼ੀ ਅਕਾਲੀ ਸਰਕਾਰ ਹੋਣ ਦੇ ਬਾਵਜੂਦ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਥਾਂ ਥਾਂ ਅਪਮਾਨ ਦਾ ਹੋਣਾ ਅਤੇ ਇਸ ਦੇ ਵਿਰੁਧ ਰੋਸ ਪਰਗਟ ਕਰਨ ਵਾਲ਼ੇ ਧਾਰਮਿਕ ਵਿਦਵਾਨਾਂ ਅਤੇ ਮਹਾਪੁਰਸ਼ਾਂ ਉਪਰ ਪੁਲਸੀ ਜ਼ੁਲਮ ਵਰਗੀਆਂ ਦੁਰਘਟਨਾਵਾਂ ਦਾ ਵਾਪਰਨਾ ਕੋਈ ਮਾਣ ਕਰਨ ਵਾਲੀ ਗੱਲ ਨਹੀਂ ਹੈ।
ਅੰਤ ਵਿਚ ਗਿਆਨੀ ਜੀ ਨੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਬੇਨਤੀ ਕਰਦਿਆਂ ਹੋਇਆਂ ਆਖਿਆ ਕਿ ਰੱਬ ਰਹਿਮਤ ਕਰੇ, ਕਿ 2016 ਵਾਲ਼ਾ ਸਾਲ ਮਨੁਖਤਾ ਵਾਸਤੇ ਚੰਗੇਰਾ ਸੁਨੇਹਾ ਲੈ ਕੇ ਆਵੇ ਅਤੇ ਸਿੱਖ ਪੰਥ ਦੀ ਵੀ ਚੜ੍ਹਦੀਕਲਾ ਹੋਵੇ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply