ਝੂਠ ਦੇ ਸਹਾਰੇ ਚੱਲਦੀ ਬਾਦਲ ਸਰਕਾਰ ਆਪਣੇ ਭਾਰ ਨਾਲ ਆਪ ਹੀ ਡਿੱਗ ਪਵੇਗੀ- ਭਾਈ ਮੋਹਕਮ ਸਿੰਘ
ਅੰਮ੍ਰਿਤਸਰ, 11 ਜਨਵਰੀ ( ਪੰਜਾਬ ਪੌਸਟ ਬਿਊਰੋ)- ਸਰਬੱਤ ਖਾਲਸਾ ਵਿੱਚ ਸ਼ਮੂਲੀਅਤ ਕਰਨ ਵਾਲੇ ਪ੍ਰਵਾਸੀ ਸਿੱਖ ਭੁਪਿੰਦਰ ਸਿੰਘ ਚੀਮਾ ਨੂੰ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਬਦਅਮਨੀ ਫੈਲਾਉਣ ਦੇ ਕੇਸ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਤੇ ਉਹਨਾਂ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ।
ਮੁਲਾਕਾਤ ਕਰਨ ਗਏ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਫਤਰ ਸਕੱਤਰ ਹਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਭਾਈ ਭੁਪਿੰਦਰ ਸਿੰਘ ਚੀਮਾ ਨੇ ਕਿਹਾ ਹੈ ਕਿ ਉਨਾਂ ਉਪਰ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕੀਤਾ ਗਿਆ ਜਦ ਕਿ ਉਹਨਾਂ ਨੇ ਕੋਈ ਵੀ ਅਜਿਹੀ ਕਾਰਵਾਈ ਨਹੀ ਕੀਤੀ।ਉਹਨਾਂ ਕਿਹਾ ਕਿ ਜੇਕਰ ਇਸ ਕੇਸ ਵਿੱਚੋ ਉਹਨਾਂ ਦੀ ਹਾਈਕੋਰਟ ਵਿੱਚੋ ਜ਼ਮਾਨਤ ਹੋ ਚੁੱਕੀ ਹੈ ਤਾਂ ਫਿਰ ਉਹਨਾਂ ਦੇ ਖਿਲਾਫ ਝੂਠਾ ਕੇਸ ਚੋਰਾਂ ਨੂੰ ਪਨਾਹ ਦੇਣ ਦਾ ਕੇਸ ਦਰਜ ਕਰਕੇ ਜੇਲ੍ਹ ਵਿੱਚੋ ਬਾਹਰ ਨਿਕਲਦਿਆ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ 75 ਲੱਖ ਰੁਪਏ ਸਾਲ ਦੇ ਕਮਾਉਣ ਵਾਲਾ ਵਿਅਕਤੀ ਕੀ 20-20 ਰੁਪਏ ਚੋਰੀਆ ਕਰਨ ਵਾਲਿਆਂ ਦੀ ਮਦਦ ਕਰੇਗਾ। ਉਹਨਾਂ ਕਿਹਾ ਕਿ ਸਰਕਾਰ ਵੱਲੋ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਹੁਣ ਨੌਕਰੀ ਵੀ ਕੰਪਨੀ ਖਤਮ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਪ੍ਰਵਾਸੀ ਸਿੱਖਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਅਪੀਲਾਂ ਕਰ ਰਹੀ ਹੈ ਤੇ ਦੂਜੇ ਪਾਸੇ ਪ੍ਰਵਾਸੀਆ ਦੇ ਖਿਲਾਫ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ 10 ਨਵੰਬਰ ਨੂੰ ਸਰਬੱਤ ਖਾਲਸਾ ਹੋਇਆ ਸੀ ਤੇ 21 ਨਵੰਬਰ ਨੂੰ ਉਹਨਾਂ ਨੂੰ 107-151 ਤਹਿਤ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਕੇਸ ਪਾਉਣ ਦੀ ਝੜੀ ਲਗਾ ਦਿੱਤੀ ਗਈ। ਉਹਨਾਂ ਕਿਹਾ ਕਿ ਦੇਸ਼ ਧਰੋਹੀ ਦਾ ਕੇਸ ਵੀ ਜੇਲ੍ਹ ਵਿੱਚ ਹੀ ਉਹਨਾਂ ਤੇ ਬਣਾ ਦਿੱਤਾ ਗਿਆ ਤੇ 8 ਜਨਵਰੀ ਨੂੰ ਉਹਨਾਂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਤੇ 9 ਜਨਵਰੀ ਨੂੰ ਜੇਲ੍ਹ ਵਿੱਚੋ ਰਿਹਾਈ ਹੋਣ ਸਮੇਂ ਬਟਾਲਾ ਪੁਲੀਸ ਨੇ ਉਹਨਾਂ ਫਿਰ ਗ੍ਰਿਫਤਾਰ ਕਰ ਲਿਆ। ਉਹਨਾਂ ਕਿਹਾ ਕਿ ਇਸ ਤਰਾਂ ਸਰਕਾਰਾਂ ਨਾ ਕਦੇ ਚੱਲੀਆਂ ਅਤੇ ਨਾ ਹੀ ਕਦੇ ਚੱਲ ਸਕਦੀਆਂ ਹਨ।ਉਹਨਾਂ ਕਿਹਾ ਕਿ ਅਜਿਹੇ ਕੇਸ ਵੀ ਦਰਦ ਕੀਤੇ ਜਾ ਰਹੇ ਹਨ ਜਿਹਨਾਂ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਵੀ ਨਹੀ ਹੈ।
ਉਹਨਾਂ ਨਾਲ ਤਰੀਕ ਭੁਗਤਣ ਆਏ ਭਾਈ ਮੋਹਕਮ ਸਿੰਘ ਤੇ ਪ੍ਰਗਟ ਸਿੰਘ ਨੇ ਵੀ ਕਿਹਾ ਕਿ ਸਰਕਾਰ ਵੱਲੋ ਉਹਨਾਂ ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ ਤੇ ਉਹ ਸਮਾਂ ਦੂਰ ਨਹੀ ਜਦੋ ਜਨਤਾ ਦੀ ਕਚਿਹਰੀ ਵਿੱਚ ਸੱਚਾਈ ਪੇਸ਼ ਹੋ ਜਾਵੇਗੀ।ਉਹਨਾਂ ਕਿਹਾ ਕਿ ਉਹਨਾਂ ਦਾ ਨਿਸ਼ਾਨਾ ਸਿਰਫ ਬਾਹਰ ਆਉਣ ਤੱਕ ਹੀ ਸੀਮਤ ਨਹੀ ਹੈ ਸਗੋਂ ਤਾਕਤ ਹਾਸਲ ਕਰਨ ਦਾ ਹੈ ਕਿਉਕਿ ਤਾਕਤ ਤੋਂ ਬਗੈਰ ਕੁਝ ਵੀ ਨਹੀ ਹੋ ਸਕਦਾ। ਉਹਨਾਂ ਕਿਹਾ ਕਿ ਸਰਕਾਰ ਦੇ ਝੂਠ ਦੀ ਬਿੱਲੀ ਪੂਰੀ ਤਰ੍ਹਾ ਥੈਲਿਉ ਬਾਹਰ ਆ ਚੁੱਕੀ ਹੈ ਤੇ ਜਲਦੀ ਹੀ ਸਰਕਾਰ ਆਪਣੇ ਭਾਰ ਨਾਲ ਆਪ ਹੀ ਡਿੱਗ ਪਵੇਗੀ।
Punjab Post Daily Online Newspaper & Print Media