
ਨਵੀਂ ਦਿੱਲੀ, 12 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਦਿੱਲੀ ਦੇ ਮੁਖਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਸਿੱਖ ਵਿਰੋਧੀ ਤਾਕਤਾਂ ਦਾ ਪਨਾਹਗਾਰ ਐਲਾਨਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਗਏ ਲੋਕਾਂ ਦੇ ਨਾਲ ਕੇਜਰੀਵਾਲ ਦੀ ਕਥਿਤ ਦੋਸ਼ਤੀ ਦੇ ਸਬੂਤ ਮੀਡੀਆ ਦੇ ਸਾਹਮਣੇ ਰਖਦੇ ਹੋਏ ਆਰ.ਟੀ.ਆਈ. ਦੇ ਰਾਹੀਂ 1984 ਸਿੱਖ ਕਤਲੇਆਮ ਦੇ ਪੀੜਿਤਾਂ ਦੀ ਮਦਦ ਦਿੱਲੀ ਸਰਕਾਰ ਵੱਲੋਂ ਕਰਨ ਦੇ ਕੀਤੇ ਜਾਉਂਦੇ ਦਾਅਵਿਆ ਦੀ ਪੋਲ ਵੀ ਖੋਲੀ।
ਬੀਤੀ 27 ਨਵੰਬਰ 2015 ਨੂੰ ਦਿੱਲੀ ਦੇ ਬੁਰਾੜੀ ਵਿਖੇ ਹੋਏ ਨਿਰੰਕਾਰੀ ਸੰਮੇਲਨ ਵਿੱਚ ਕੇਜਰੀਵਾਲ ਵੱਲੋਂ ਆਪਣੇ ਸਾਰੇ ਸਾਥੀ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਬਾਬੇ ਦੇ ਦਰਬਾਰ ਵਿਚ ਲਗਾਈ ਗਈ ਹਾਜ਼ਰੀ ਦੌਰਾਨ ਦਿੱਤੇ ਗਏ ਭਾਸ਼ਣ ਨੂੰ ਜੀ.ਕੇ. ਨੇ ਕੇਜਰੀਵਾਲ ਦੀ ਸਿੱਖ ਵਿਰੋਧੀ ਮਾਨਸਿਕਤਾ ਨਾਲ ਜੋੜਿਆ। ਜੀ.ਕੇ. ਨੇ ਨਿਰੰਕਾਰੀਆਂ ਵੱਲੋਂ 13 ਅਪ੍ਰੈਲ 1978 ਦੀ ਵਿਸਾਖੀ ਦੇ ਦਿਨ 13 ਸਿੰਘਾਂ ਨੂੰ ਸ਼ਹੀਦ ਕਰਨ ਦੇ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਰ ਸਿੱਖ ਨੂੰ ਨਿਰੰਕਾਰੀਆਂ ਨਾਲ ਰੋਟੀਂ ਬੇਟੀ ਦਾ ਰਿਸ਼ਤਾ ਨਾ ਰੱਖਣ ਦੇ ਦਿੱਤੇ ਗਏ ਆਦੇਸ਼ ਦਾ ਵੀ ਹਵਾਲਾ ਦਿੱਤਾ। ਜੀ.ਕੇ. ਨੇ ਕੇਜਰੀਵਾਲ ਦੇ ਭਾਸ਼ਣ ਦੇ ਅੰਸ਼ਾਂ ਦਾ ਜਿਕਰ ਕਰਦੇ ਹੋਏ ਸਵਾਲ ਕੀਤਾ ਕਿ ਕੇਜਰੀਵਾਲ ਜੇਕਰ ਸਿੱਖ ਕੌਮ ਦੇ ਕਾਤਿਲ ਨਿਰੰਕਾਰੀ ਬਾਬੇ ਨੂੰ ਆਪਣਾ ਗੁਰੂ ਮੰਨਦੇ ਹਨ ਤਾਂ ਉਹ ਸਿੱਖਾਂ ਦੇ ਹਮਦਰਦ ਕਿਵੇਂ ਹੋ ਸਕਦੇ ਹਨ ? ਇਸੇ ਤਰ੍ਹਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਕੌਮ ਤੋਂ ਛੇਕੇ ਗਏ ਰਾਗੀ ਦਰਸ਼ਨ ਸਿੰਘ ਦੇ ਨਾਲ ਕੇਜਰੀਵਾਲ ਦੀ ਫੋਟੋ ਨੂੰ ਜਾਰੀ ਕਰਦੇ ਹੋਏ ਜੀ.ਕੇ. ਨੇ ਸਿੱਖ ਵਿਰੋਧੀ ਤਾਕਤਾਂ ਨੂੰ ਕੇਜਰੀਵਾਲ ਵੱਲੋਂ ਪਨਾਹ ਦੇਣ ਦਾ ਵੀ ਦੋਸ਼ ਲਾਇਆ।
ਜੀ.ਕੇ. ਨੇ ਆਮ ਆਦਮੀ ਪਾਰਟੀ ਦੇ ਫੇਸਬੁੱਕ ਪੇਜ਼ ਤੇ ਕੇਜਰੀਵਾਲ ਦੀ 14 ਜਨਵਰੀ 2016 ਦੀ ਮੁਕਤਸਰ ਰੈਲੀ ਨੂੰ ਲੈ ਕੇ ਜਾਰੀ ਵੀਡਿਓ ਦੀ ਭਾਸ਼ਾ ਨੂੰ ਸਿੱਖ ਸ਼ਹੀਦਾਂ ਦੀ ਬੇਅਦਬੀ ਵੱਜੋਂ ਦੱਸਿਆ।ਜੀ.ਕੇ. ਨੇ ਪੰਜਾਬ ਦੀ ਅਮਨ, ਸ਼ਾਂਤੀ ਤੇ ਭਾਈਚਾਰੇ ਨੂੰ 1980 ਦੇ ਦਹਾਕੇ ਦੀ ਸ਼ੁਰੂਆਤ ਦੌਰਾਨ ਕਾਂਗਰਸ ਵੱਲੋਂ ਨਿਰੰਕਾਰੀਆਂ ਦਾ ਸਾਥ ਲੈ ਕੇ ਖਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ ਨੂੰ ਆਪਣੀ ਚੋਣ ਲੈਬੋਰੇਟਰੀ ਵਿਚ ਹਰ ਕੀਮਤ ‘ਤੇ ਜਿੱਤ ਦੇ ਲਈ ਕੇਜਰੀਵਾਲ ਵੱਲੋਂ ਇਸਤੇਮਾਲ ਕਰਨ ਦਾ ਵੀ ਖਦਸ਼ਾ ਜਤਾਇਆ। 1984 ਸਿੱਖ ਕਤਲੇਆਮ ਦੀ ਪੀੜਿਤਾਂ ਦੀ ਮਦਦ ਦਿੱਲੀ ਸਰਕਾਰ ਵੱਲੋਂ ਆਪਣੇ ਫੰਡਾਂ ਰਾਹੀਂ ਪ੍ਰਤੀ ਪੀੜਿਤ ਪੰਜ ਲੱਖ ਰੁਪਏ ਸਹਾਇਤਾ ਦੇ ਤੌਰ ਤੇ ਦੇਣ ਦੇ ਕੀਤੇ ਜਾਂਦੇ ਦਾਅਵੇ ਦੀ ਪੜਤਾਲ ਦੇ ਲਈ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਵੱਲੋਂ ਲਗਾਈ ਗਈਆਂ ਵੱਖ-ਵੱਖ ਆਰ.ਟੀ.ਆਈ. ਦੇ ਆਏ ਜਵਾਬ ਦੇ ਹਵਾਲੇ ਨਾਲ ਦਿੱਲੀ ਸਰਕਾਰ ਵੱਲੋਂ ਉਕਤ ਰਾਸ਼ੀ ਕੇਂਦਰ ਸਰਕਾਰ ਵੱਲੋਂ ਜਾਰੀ ਫੰਡ ਵਿੱਚੋ ਦੇਣ ਦੇ ਦਿੱਤੇ ਗਏ ਜਵਾਬ ਦੀ ਜੀ.ਕੇ. ਨੇ ਜਾਣਕਾਰੀ ਦਿੱਤੀ।ਜੀ.ਕੇ. ਨੇ ਕਿਹਾ ਕਿ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਉਹ ਪੰਜਾਬ ਵਿਚ ਸਿੱਖ ਵਿਰੋਧੀ ਨੂੰ ਕਿਵੇਂ ਸਬਕ ਸਿਖਾਉਣਾ ਚਾਹੁੰਦੇ ਹਨ।
ਸਿਰਸਾ ਨੇ ਕੁਰਸੀ ਦੇ ਲਾਲਚ ਵਾਸਤੇ ਕੇਜਰੀਵਾਲ ਵੱਲੋਂ ਦੋਹਰੇ ਮਾਪਦੰਡ ਇਸਤੇਮਾਲ ਕਰਨ ਦਾ ਦੋਸ਼ ਲਗਾਉਂਦੇ ਹੋਏ ਨਿਰੰਕਾਰੀ ਸਮਾਗਮ ਵਿਚ ਚਾਰੇ ਸਿੱਖ ਵਿਧਾਇਕਾਂ ਦੇ ਜਾਣ ਦਾ ਵੀ ਕੇਜਰੀਵਾਲ ਦੇ ਭਾਸ਼ਣ ਦੇ ਹਵਾਲੇ ਤੋਂ ਦਾਅਵਾ ਕੀਤਾ। ਸਿਰਸਾ ਨੇ ਕਿਹਾ ਕਿ ਸਾਬਕਾ ਨਿਰੰਕਾਰੀ ਬਾਬਾ ਨੂੰ ਮਾਰਨ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਆਪਣੇ ਨਾਲ ਰੱਖ ਕੇ ਸਿੱਖਾਂ ਨੂੰ ਗੁਮਰਾਹ ਕਰ ਰਿਹਾ ਹੈ।
ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਕੇਜਰੀਵਾਲ ਵੱਲੋਂ ਨਿਰੰਕਾਰੀ ਅਤੇ ਦਰਸ਼ਨ ਸਿੰਘ ਵਰਗੀਆਂ ਸਿੱਖ ਵਿਰੋਧੀ ਤਾਕਤਾਂ ਨੂੰ ਨਾਲ ਲੈ ਕੇ ਚਲਣ ਦੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਨਤੀਜੇ ਪੰਜਾਬ ਦੇ ਭਵਿੱਖ ਲਈ ਖਤਰਨਾਕ ਹੋਣ ਦੀ ਵੀ ਚੇਤਾਵਨੀ ਦਿੱਤੀ। ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਨੇ ਪੰਜਾਬ ਵਿਧਾਨਸਭਾ ਦੀਆਂ ਆਮ ਚੋਣਾਂ ਨੂੰ ਜਿੱਤਣ ਦਾ ਸਪਨਾ ਵੇਖ ਰਹੇ ਕੇਜਰੀਵਾਲ ਨੂੰ ਆਪਣਾ ਉਮੀਦਵਾਰ ਖਡੂਰ ਸਾਹਿਬ ਜਿੰਮਣੀ ਚੋਣ ਵਿੱਚ ਉਤਾਰ ਕੇ ਆਪਣੀ ਤਾਕਤ ਨੂੰ ਪਰਖਣ ਦੀ ਵੀ ਚੁਨੌਤੀ ਦਿੱਤੀ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਹਰਜਿੰਦਰ ਸਿੰਘ, ਦਰਸ਼ਨ ਸਿੰਘ, ਹਰਵਿੰਦਰ ਸਿੰਘ ਕੇ.ਪੀ., ਹਰਦੇਵ ਸਿੰਘ ਧਨੌਵਾ, ਕੈਪਟਨ ਇੰਦਰਪ੍ਰੀਤ ਸਿੰਘ, ਜੀਤ ਸਿੰਘ, ਪਰਮਜੀਤ ਸਿੰਘ ਚੰਢੋਕ, ਤਨਵੰਤ ਸਿੰਘ, ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ, ਅਕਾਲੀ ਆਗੂ ਵਿਕਰਮ ਸਿੰਘ, ਜਸਪ੍ਰੀਤ ਸਿੰਘ ਵਿੱਕੀਮਾਨ ਅਤੇ ਸੁਰਿੰਦਰਪਾਲ ਸਿੰਘ ਓਬਰਾਇ ਮੌਜੂਦ ਸਨ।
Punjab Post Daily Online Newspaper & Print Media